ਸਮੱਗਰੀ 'ਤੇ ਜਾਓ

ਪੰਨਾ:ਸੰਤ ਗਾਥਾ.pdf/21

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਨਿਮੋਝਾਣ ਹੋਕੇ ਰਹਿ ਗਏ।

ਸੰਤਾਂ ਦੇ ਜਾਣ ਮਗਰੋਂ ਨੰਬਰਦਾਰ ਦੇ ਪੇਟ ਵਿਚ ਸੂਲ ਹੋ ਪਿਆ। ਦਾਰੂ ਦਰਸਲ ਖਾਧੇ, ਪਰ ਕੁਛ ਨਾ ਬਣਿਆ, ਸੂਲ ਪੈਰੋ ਪੈਰ ਵਧਦਾ ਗਿਆ। ਅੰਤ ਜਦ ਡਿੱਠੋਸੁ ਕਿ ਇਹ ਤਾਂ ਦੁਖ ਬਹੁਤ ਡਾਢਾ ਹੈ ਤਾਂ ਮੰਜੇ ਤੇ ਪਿਆ ਹੀ ਮੰਜਾ ਚੁਕਵਾਕੇ ਸੰਤਾਂ ਪਾਸ ਆਇਆ ਤੇ ਆਖਣ ਲਗਾ-ਹੇ ਫ਼ਕੀਰ ਸਾਈਂ! ਅੱਲਾ ਦੇ ਵਾਸਤੇ ਮੇਰਾ ਸੂਲ ਵੱਲ ਕਰ, ਤੂੰ ਖੂਹ ਬੀ ਲਾ ਧਰਮਸਾਲ ਬੀ ਪਾ।

ਸੰਤਾਂ ਨੂੰ ਦਇਆ ਆਈ, ਗੁਰਦਵਾਰੇ ਦੀ ਚਰਨ ਧੂੜਿ ਦਿਤੀ ਤੇ ਕਿਹਾ, ‘ਇਹ ਹਈ ਦਾਰੂ, ਗੁਰੂ ਨਾਨਕ ਮਿਹਰ ਕਰੇ।’ ਥੋੜ੍ਹੇ ਚਿਰ ਵਿਚ ਦਰਦ ਦੂਰ ਹੋ ਗਿਆ ਤੇ ਨੰਬਰਦਾਰ ਪੈਰੀਂ ਪਿਆ, ਚਰਨ ਚੁੰਮਿਓ ਸੁ ਤੇ ਦਿਨ ਚੜ੍ਹੇ ਟੱਕ ਲਾਉਣ ਵਿਚ ਸਹਾਈ ਬਣਿਆ। ਟੱਕ ਲਗ ਗਿਆ, ਖੂਹ ਖੱਟਿਆ ਗਿਆ, ਖੂਹ ਬਣ ਗਿਆ, ਧਰਮਸਾਲ ਦੀ ਨੀਂਹ ਧਰੀ ਗਈ ਤੇ ਉਸਰ ਗਈ। ਭਾਈ ਸਾਹਿਬ ਹੁਣ ਪ੍ਰਲੋਕ ਵੱਸਦੇ ਹਨ, ਪਰ ਖੂਹੀ ਲਗੀ ਹੋਈ ਹੈ, ਧਰਮਸਾਲ ਬਣੀ ਹੋਈ ਹੈ ਤੇ ਦੋਵੇਂ ਸ਼ੈਆਂ ਉਨ੍ਹਾਂ ਦੇ ਸੁਹਣੇ ਤੇ ਪਵਿਤ੍ਰ ਹਥਾਂ ਦੀ ਯਾਦਗਾਰ ਸਹੀ ਸਲਾਮਤ ਕਾਇਮ ਹਨ ਤੇ ਪ੍ਰਾਣੀ ਮਾਤ੍ਰ ਨੂੰ ਸੁਖ ਦੇ ਰਹੀਆਂ ਹਨ।

ਇਸ ਪ੍ਰਸੰਗ ਵਿਚੋਂ ਇਹ ਗਲ ਸਮਝ ਲੈਣ ਵਾਲੀ ਹੈ ਕਿ ਭਾਈ ਸਾਹਿਬ ਜੀ ਦੇ ਨਿਰਮਲ ਹਿਰਦੇ ਨੇ ਨੰਬਰਦਾਰ ਦਾ ਬੁਰਾ ਨਹੀਂ ਚਿਤਵਿਆ ਸੀ। ਆਪ ਦੇ ਉਨਮਨੀ ਅਵਸਥਾ ਵਾਲੇ ਮਨ ਦੀ ਟੇਕ ਗੁਰ ਪਰ ਅਹਿੱਲ ਸੀ ਕਿ ਉਹ ਜ਼ਰੂਰ ਕਾਰਜ ਰਾਸ ਕਰੇਗਾ। ਨੰਬਰਦਾਰ ਨੂੰ ਪੀੜਾ ਉਸ ਦੇ ਮੰਦੇ ਕਰਮਾਂ ਦਾ ਫਲ ਸੀ:-"ਮੰਦੇ ਅਮਲ ਕਰੇ- ਦਿਆ ਏਹ ਸਜਾਇ ਤਿਨਾਹ।" ਨਾ ਭਾਈ ਸਾਹਿਬ ਕਰਾਮਾਤ ਦੱਸਣ ਦਾ ਗੁਰ ਸਿੱਖੀ ਅਸੂਲ ਮੂਜਬ ਸ਼ੌਂਕ ਰਖਦੇ ਸਨ ਨਾ ਦਮ ਮਾਰਦੇ ਸਨ, ਪਰ ‘ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮੁ ਪਿਆਰਾ’ ਦੇ ਅਸੂਲ ਮੂਜਬ ਉਹਨਾਂ ਦੇ ਨਿਰਵੈਰ ਹਿਰਦੇ ਦੇ ਪਰਉਪਕਾਰ ਦੇ ਕਾਰਜ ਕਰਤਾਰੋਂ ਸੰਵਰਦੇ ਸਨ।

- ੧੬ -