ਪੰਨਾ:ਸੰਤ ਗਾਥਾ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



'ਜਿਧਰਿ ਰਬ ਰਜਾਇ ਵਹਣੁ ਤਿਦਾਊ ਗੰਉ ਕਰੇ॥'

ਤੇ ਆਪਣੇ ਅੰਤਰ ਮੁਖ ਰੰਗ ਵਿਚ ਫਿਰ ਮਗਨ ਹੋ ਗਏ। ਫਿਰ ਕੋਈ ਪ੍ਰੇਮੀ ਸੱਜਣ ਬੋਲੇ: ਮਹਾਰਾਜ! ਦਰਯਾ ਦਾ ਰੁਖ਼ ਸ਼ਹਿਰ ਬੰਨੇ ਹੈ, ਗੁਰੂ ਕੇ ਸਿਖਾਂ ਦੇ ਤੇ ਸ੍ਰਿਸ਼ਟੀ ਦੇ ਘਰ ਹਨ, ਬਾਲ ਬੱਚੇ ਹਨ, ਸਾਰੀ ਸ੍ਰਿਸ਼ਟੀ ਨੂੰ ਕਸ਼ਟ ਹੋਵੇਗਾ। ਆਪ ਸੁਣਦੇ ਰਹੇ। ਫਿਰ ਪ੍ਰੇਮੀ ਬੋਲੋ-ਸਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਦੁਆਰਾ ਸ਼ਹਿਰ ਵਿਚ ਹੈ, ਦਰਿਆ ਦਾ ਰੁਖ਼ ਏਧਰ ਨੂੰ ਹੈ, ਪਾਤਸ਼ਾਹ! ਕੋਈ ਮਿਹਰ ਕਰੋ? ਤਾਂ ਆਪ ਬੋਲੇ, ‘ਤਉ ਭੀ ਲੇਖਾ ਦੇਵਣਾ, ਤਉ ਭੀ ਲੇਖਾ ਦੇਵਣਾ, ਕੰਧੀ ਵਹਣ ਨ ਢਾਹਿ, ਕੰਧੀ ਵਹਣ ਨ ਢਾਹਿ। ਸਾਧ ਸੰਗਤ ਜੀ! ਪ੍ਰਸ਼ਾਦ ਤਿਆਰ ਕਰੋ। ਚਲੋ ਗੁਰੂ ਚਰਨਾਂ ਵਿਚ ਅਰਦਾਸ ਕਰੀਏ। ਜਿਵੇਂ ਰਜ਼ਾ, ਰਜ਼ਾ, ਰਜ਼ਾ! ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਤੇਰੀ ਰਜ਼ਾ।’

ਪ੍ਰਸ਼ਾਦ ਤਿਆਰ ਹੋ ਗਿਆ, ਆਪ ਕੀਰਤਨ ਕਰਦੇ ਉੱਠਕੇ ਟੁਰ ਪਏ, ਮਗਰ ਸੰਗਤ ਟੁਰ ਪਈ, ਸ਼ਹਿਰ ਦੇ ਲਹਿੰਦੇ ਪਾਸੇ ਟੁਰੀ ਗਏ। ਸ਼ਬਦਾਂ ਦੀ ਘਨਘੋਰ ਲੱਗ ਰਹੀ ਸੀ, ਮਾਨੋਂ ਧਰਤੀ ਤੇ ਅਰਸ਼ਾਂ ਦੀ ਧੁਨਿ ਵਜ ਰਹੀ ਸੀ। ਇਕ ਬੋੜ੍ਹ ਆ ਗਿਆ, ਪਾਸ ਹੀ ਦਰਿਯਾ ਢਾ ਲਾ ਰਿਹਾ ਸੀ। ਇੱਥੇ ਆਪ ਖੜੋ ਗਏ, ਹੱਥ ਜੋੜ ਲਏ, ਗਲ ਪੱਲਾ ਪਾ ਲਿਆ, ਪਵਿਤ੍ਰ ਮੁਖੜੇ ਨੇ ਪਵਿਤ੍ਰ ਦਸਾਂ ਗੁਰਾਂ ਦੇ ਨਾਂ ਲਏ, ਵਾਹਿਗੁਰੂ ਦੀ ਧੁਨਿ ਗੂੰਜੀ, ਸਾਰਾ ਅਰਦਾਸਾ ਸੋਧਿਆ। ਫਿਰ ਨੈਣ ਖੁਹਲੇ, ਬੁੱਕ ਭਰਕੇ ਪ੍ਰਸ਼ਾਦਿ ਦਾ ਦਰਯਾ ਵਿਚ ਵਗਾਹਿਆ ਤੇ ਭਰਵੀਂ ਅਵਾਜ਼ ਵਿਚ ਕਿਹਾ ‘ਖਾਹ ਗੁਰੂ ਕਾ ਪ੍ਰਸ਼ਾਦਿ ਦਰਿਯਾਵਾ! ਦੂਰ ਜਾ ਵੱਗ, ਦੂਰ ਜਾ ਵੱਗ, ਸ਼ਹਿਰ ਦੀ ਢਾਹ ਛੋੜ ਦੇ, ਦੂਰ ਜਾ ਵੱਗ।’ ਇਹ ਫਕੀਰੀ ਸੱਦ ਦੇਕੇ ਪ੍ਰਸ਼ਾਦ ਵਰਤਾਇਆ ਤੇ ਵਾਹਿਗੁਰੂ ਜੀ ਦਾ ਕੀਰਤਨ ਕਰਦੇ ਡੇਰੇ ਆ ਗਏ। ਦੇਖਣ ਵਾਲੇ ਦੱਸਦੇ ਹਨ ਕਿ ਜਿਸ ਥਾਂ ਨੇ ਚਿੱਲਾਂ ਉਸ ਵੇਲੇ ਛਡੀਆਂ ਸੋ ਢੱਠੀਆਂ, ਮੁੜ ਕੋਈ ਕੜਾੜ ਨਹੀਂ ਡਿੱਗਾ। ਰਾਤ ਸਾਰੇ ਸੌਂ ਰਹੇ ਜਾਂ ਸਵੇਰੇ ਜਾ ਕੇ ਡਿੱਠਾ ਤਾਂ ਦਰਿਯਾ ਮੀਲ ਤੋਂ ਵਧੇਰੇ ਦੀ ਵਿੱਥ ਕਰ ਗਿਆ ਸੀ। ਹਿੰਦੂ ਮੁਸਲਮਾਨ ਸਿਖ ਸਾਰੇ ਹੈਰਾਨ ਤੇ

- ੧੯ -