ਪੰਨਾ:ਸੰਤ ਗਾਥਾ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਆਮਦਨੀਤੇ ਘਰਦਾ ਨਿਰਬਾਹਸੀ, ਸੋ ਜੇ ਇਹ ਦਰਿਆ ਨੇ ਢਾਲਈ ਤਾਂ ਪਰਿਵਾਰ ਲਈ ਬੜੀ ਔਖੀ ਗਲ ਬਣ ਜਾਏਗੀ। ਐਸ ਵੇਲੇ ਤੁਹਾਡੇ ਬਿਨਾਂ ਕੋਈ ਸਹਾਈ ਨਹੀਂ ਹੋ ਸਕਦਾ। ਜਿਵੇਂ ਦਰਿਆ ਬਾਦਸ਼ਾਹ ਹੈ, ਤਿਵੇਂ ਆਪ ਬਾਦਸ਼ਾਹ ਹੋ, ਜੇ ਮਿਹਰ ਕਰੋ ਤਾਂ ਰੋਟੀ ਦਾ ਉਪਰਾਲਾ ਬਣਿਆ ਰਹੇ। ਸੰਤ ਜੀ ਸੁਣਕੇ ਚੁਪ ਹੋ ਗਏ, ਫਿਰ ਉਠੇ ਤੇ ‘ਧੰਨ ਗੁਰ ਨਾਨਕ' ਕਹਿੰਦੇ ਕਹਿੰਦੇ ਨਾਲ ਤੁਰ ਪਏ। ਦੋਪਹਿਰ ਦਾ ਵੇਲਾ ਸੀ, ਦਰਿਯਾ ਦੇ ਕੰਢੇ ਜਿਥੇ ਜ਼ਮੀਨ ਨੂੰ ਢਾ ਲਗ ਰਹੀ ਸੀ ਜਾ ਖੜੋਤੇ। ਜਿਥੇ ਖੜੋਤੇ ਉਥੇ ਖ਼ਤਰਾ ਸੀ ਕਿ ਹੁਣੇ ਇਹ ਕੰਢਾ ਢਹਿਕੇ ਵਿਚ ਜਾ ਪਵੇਗਾ। ਆਪ ਢਾਹ ਵਾਲੀ ਥਾਂ ਤੇ ਬੈਠ ਗਏ ਤੇ ਉਨ੍ਹਾਂ ਨੂੰ ਕਹਿਣ ਲਗੇ: 'ਦੂਰ ਜਾਕੇ ਬੈਠ ਜਾਓ ਤੇ ਮਹਾਰਾਜ ਦੇ ਚਰਨਾਂ ਵਲ ਮਨ ਲਾ ਕੇ ‘ਵਾਹਿਗੁਰੂ’ ਸ਼ਬਦ ਦਾ ਜਾਪ ਕਰੋ’। ਭਾਈ ਸੁਹੇਲ ਸਿੰਘ ਜੀ ਦਸਦੇ ਹਨ ਕਿ ਅਸੀਂ ਦੂਰ ਜਾ ਕੇ ਬੈਠ ਗਏ ਤੇ ਸਿਮਰਨ ਵਿਚ ਲਗ ਪਏ, ਪਰ ਸੰਤ ਉਸੇ ਟਿਕਾਣੇ ਬੈਠੇ ‘ਧੰਨ ਗੁਰੂ ਨਾਨਕ' ਕਹਿੰਦੇ ਰਹੇ। ਜੇਠ ਹਾੜ ਦੇ ਦਿਨ ਸਨ, ਧੁਪ ਕੜਕਵੀਂ ਪੈ ਰਹੀ ਸੀ, ਤਿੰਨ ਘੰਟੇ ਜਦ ਇਸੇ ਤਰ੍ਹਾਂ ਬੈਠਿਆਂ ਹੋ ਗਏ, ਤਦ ਸੱਜਣ ਦੱਸਦੇ ਹਨ ਕਿ ਸਾਨੂੰ ਸੱਦਿਓ ਨੇ ਤੇ ਕਹਿਣ ਲਗੇ ਬਾਬੇ ਜੀ ਦਾ ਹੁਕਮ ਹੋਇਆ ਹੈ ਕਿ ਜਦ ਤਕ ਸਾਡਾ ਸਰੀਰ ਰਹੇਗਾ ਤਦ ਤਕ ਢਾ ਨਹੀਂ ਲੱਗੇਗੀ, ਉਸ ਤੋਂ ਪਿੱਛੋਂ ਜਿਵੇਂ ਕਰਤਾਰ ਦਾ ਹੁਕਮ ਹੋਵੇਗਾ ਤਿਵੇਂ ਵਰਤੇਗੀ। ਇਸ ਤੋਂ ਪਿਛੋਂ ਆਪ ‘ਧੰਨ ਗੁਰ ਨਾਨਕ’ ਦੇ ਰੰਗ ਰਤੇ ਉਠਕੇ ਡੇਰੇ ਆ ਗਏ। ਬਚਨ ਆਪ ਦੇ ਪੂਰੇ ਹੋਏ, ਜਿਥੇ ਸੰਤ ਬੈਠੇ ਸਨ ਉਸ ਤੋਂ ਅਗੇ ਢਾ ਲਗਣੀ ਬੰਦ ਹੋ ਗਈ, ਦਰਯਾ ਨੇ ਰੁਖ ਵਟਾ ਲਿਆ। ਭਾਈ ਸਾਹਿਬ ਜੀ ਦੇ ਜੀਵਨ ਤਕ ਉਹ ਟਿੱਬੀ ਜਿਥੇ ਆਪ ਬੈਠੇ ਸਨ ਹਿੱਲੀ ਹੋਈ ਹੋਣ ਤੇ ਵੀ ਉਸੇ ਤਰ੍ਹਾਂ ਬਣੀ ਰਹੀ। ਇਹ ਨਿਸ਼ਚਿਤ ਬਾਤ ਹੈ ਕਿ ਉਨ੍ਹਾਂ ਦੇ ਚੋਲਾ ਛੋੜਨ ਦੇ ਬਾਦ ਉਹ ਥਾਂ ਢੱਠੀ ਹੈ।

੨.

ਸੰਤਾਂ ਦਾ ਦੁਖੀਆਂ ਦੀ ਪੀੜਾ ਹਰਨ ਦਾ ਜੋ ਉਪਰਾਲਾ ਹੁੰਦਾ ਸੀ

-੩੨-