ਪੰਨਾ:ਸੰਤ ਗਾਥਾ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਕਦੇ ਕਦੇ ਸੰਤਾਂ ਨੂੰ ਮੁਸ਼ਕਲਾਂ ਵਿਚ ਪਾ ਦਿੰਦਾ ਸੀ। ਸਭ ਤੋਂ ਵਡੀ ਅਉਖਿਆਈ ਕਰਜ਼ੇ ਦੀ ਹੁੰਦੀ ਸੀ। ਲੋੜਵੰਦਾਂ ਗ਼ਰੀਬਾਂ ਦੀ ਭੀੜ ਭਾੜ ਬਹੁਤ ਬਣੀ ਰਹਿੰਦੀ ਸੀ; ਕੋਈ ਕਪੜਾ, ਕੋਈ ਜੁੱਤੀ, ਕੋਈ ਆਟਾ ਤੇ ਕੋਈ ਦਾਣੇ ਮੰਗਦਾ। ਆਪ ਨੂੰ ਕੁਛ ਲੋੜਵੰਦਾਂ ਦੀ ਪਰਖ ਬੀ ਸੀ, ਮੁਥਾਜੀ ਵੇਖਕੇ ਪਸੀਜਦੇ ਸਨ ਤੇ ਝੱਟ ਮੋਦੀਖਾਨੇ ਦੀ ਦੁਕਾਨ ਤੇ ਹੁਕਮ ਕਰ ਭੇਜਦੇ ਸਨ ਕਿ ਅਮਕੇ ਨੂੰ ਅਮਕੀ ਸ਼ੈ ਦੇ ਦਿਓ ਯਾ ਲੈ ਦਿਓ। ਇਕ ਹੋਰ ਗੁਣ ਇਹ ਸੀ ਕਿ ਮੰਗ ਲੈਣ ਦੀ ਖੁੱਲ੍ਹ ਵਾਲੇ ਲੋੜਵੰਦਾਂ ਤੋਂ ਛੁੱਟ ਸਫੈਦਪੋਸ਼ ਲੋੜਵੰਦਾਂ ਨੂੰ ਆਪ ਗੁਪਤ ਦਾਨ ਬੀ ਦਿਆ ਕਰਦੇ ਸਨ, ਇਸ ਤਰ੍ਹਾਂ ਕਈ ਵੇਰ ਆਪ ਦੇ ਸਿਰ ਕਰਜ਼ਾ ਹੋ ਜਾਂਦਾ ਸੀ। ਇਕ ਵੇਰ ਦੀ ਗੱਲ ਹੈ ਕਿ ਕਰਜ਼ਾ ਬਹੁਤ ਹੋ ਗਿਆ। ਮੋਦੀਖਾਨੇ ਵਾਲੇ ਨੇ ਤੰਗ ਕੀਤਾ, ਕਿ ਹੁਣ ਬਹੁਤੇ ਰੁਪਏ ਹੋ ਗਏ ਹਨ ਤੇ ਮੈਂ ਲੋੜ ਵਿਚ ਹਾਂ। ਆਪ ਰੁਪਏ ਓਦੋਂ ਦੇ ਨਾ ਸਕੇ ਤਾਂ ਇਕ ਦਿਨ ਮੋਦੀ ਦੇ ਮੂੰਹੋਂ ਨਿਕਲ ਗਿਆ—‘ਭਾਈ ਸਾਹਿਬ ਜੀ! ਤੁਸੀਂ ਹੁਣ ਗ਼ਰੀਬ ਹੋ ਗਏ ਹੋ ਜੋ ਕਰਜ਼ਾ ਨਹੀਂ ਲਾਹ ਸਕਦੇ’। ਭਾਈ ਸਾਹਿਬ ਜੀ ਆਪਣੇ ਮਸਤਾਨੇ ਰੰਗ ਵਿਚ ਬੈਠੇ ਬੋਲ ਪਏ ‘ਤੂੰ ਹੋਨਾ ਏਂ ਭੜੂਆ, ਅਸੀਂ ਜਿਸ ਦੇ ਨਫਰ ਹਾਂ ਉਹ ਸ਼ਾਹਿਨਸ਼ਾਹ ਹੈ, ਸ਼ਾਹਿਨਸ਼ਾਹਾਂ ਦੇ ਨਫਰਾਂ ਨੂੰ ਗ਼ਰੀਬ ਕੌਣ ਬਣਾ ਸਕਦਾ ਹੈ? ਵੇਖ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਾਡੇ ਅਰਸ਼ ਕੁਰਸ਼ ਦੇ ਦਾਤਾ, ਸਾਡੇ ਸਿਰਾਂ ਦੇ ਸੁਆਮੀ ਸੱਚੇ ਖਜ਼ਾਨਿਆਂ ਵਾਲੇ, ਸਾਡੀਆਂ ਖੂਹੀਆਂ ਪਰਉਪਕਾਰ ਦੀਆਂ ਨੈਆਂ। ਧਰਮਸਾਲਾਂ ਸਾਡੀਆਂ ਹਰਿ ਧਨ ਦੀਆਂ ਦਾਤਾਂ, ਸਾਡਾ ਬਾਬਾ ਨਾਨਕ ਪਾਤਸ਼ਾਹਾਂ ਦਾ ਪਾਤਸ਼ਾਹ। ਬਹੂੰ ਜੇ ਤੂੰ ਤੰਗ ਹੋਣਾ ਹੈ ਤਾਂ ਖੂਹੀਆਂ ਗਹਿਣੇ ਘੱਤ ਲੈ’। ਉਹ ਕਹਿਣ ਲੱਗਾ ‘ਜਿ ਫਿਰ ਜੋ ਪਾਣੀ ਭਰੇਗਾ ਮੈਂ ਇਕ ਘੜੇ ਦਾ ਇਕ ਪੈਸਾ ਮਸੂਲ ਲਾਵਾਂਗਾ, ਮੇਰਾ ਵਿਆਜ ਤਾਂ ਨਿਕਲਦਾ ਰਹੂ।’ ਭਾਈ ਸਾਹਿਬ ਜੀ ਕਹਿਣ ਲਗੇ, ‘ਨਾ ਭਾਈ ਨਾ, ਇਹ ਸੌਦਾ ਨਹੀਂ ਪੂਜਦਾ, ਪਾਣੀ ਭਰਾਈ ਮਹਿਰੇ ਲੈਂਦੇ ਹਨ, ਸਾਊਆਂ ਦਾ ਕੰਮ ਨਹੀਂ, ਗਰੀਬਾਂ ਨੂੰ ਔਖ ਹੋਸੀ। ਬਾਬੇ ਨਾਨਕ ਦੇ ਖੂਹ ਮਸੂਲੇ ਹਨ; ਅੱਛਾ ਜਾਹ,

-੩੩-