ਪੰਨਾ:ਸੰਤ ਗਾਥਾ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਹਿਰ ਤੋਂ ਬਾਹਰ ਨਿਕਲੇ ਹੀ ਹੋਣਗੇ ਕਿ ਭਾਈ ਬੁਧੂ ਸਾਹਿਬ ਜੀ ਨੂੰ ਵੀਚਾਰ ਫੁਰੀ ਕਿ ਲੋੜਵੰਦ ਆਏ ਤੇ ਸਾਮਾਨ ਲੈਕੇ ਤੁਰ ਗਏ, ਪਰ ਇਹਦੇ ਨਾਲ ਇਨ੍ਹਾਂ ਦਾ ਕਿੰਨਾ ਕੁ ਚਿਰ ਨਿਰਬਾਹ ਹੋਵੇਗਾ? ਮਹੀਨਾ, ਦੋ ਮਹੀਨੇ, ਚਾਰ ਮਹੀਨੇ ਹਦ ਛੀ ਮਹੀਨੇ। ਏਹ ਇਥੋਂ ਦੇ ਗਿੱਝੇ ਕਿਤੇ ਹੋਰ ਚੋਰੀ ਕਰਨਗੇ। ਹੋ ਸਕਦਾ ਹੈ ਕਿ ਉਥੇ ਫੜੇ ਜਾਣ ਤੇ ਸਜ਼ਾਵਾਂ ਪਾਕੇ ਕਾਰਾਗ੍ਰਹਿ ਚਲੇ ਜਾਣ। ਇਹ ਭੀ ਹੋ ਸਕਦਾ ਹੈ ਕਿ ਫੜੇ ਜਾਣ ਵੇਲੇ ਆਮੋਂ ਸਾਹਮਣੇ ਲੜਾਈ ਹੋ ਪਏ ਤੇ ਇਹ ਜਾਂ ਦੂਜੀ ਧਿਰ ਵਿਚੋਂ ਕਿਸੇ ਦੀ ਜਾਨ ਹੀ ਜਾਂਦੀ ਰਹੇ, ਜਾਂ ਕੋਈ ਫੱਟੜ ਹੋ ਜਾਏ ਤਾਂ ਇਹ ਬੜਾ ਮਾੜਾ ਕੰਮ ਹੋਵੇਗਾ। ਇਨ੍ਹਾਂ ਨੇ ਆਪਣੇ ਵਾਸਤੇ ਇਹ ਬੁਰਾ ਕੰਮ ਲੱਭਾ ਹੈ। ਅਸੀਂ ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਹਾਂ। ਗੁਰੂ ਬਾਬੇ ਨੇ ਬੜੇ ਬੜੇ ਠੱਗਾਂ ਨੂੰ ਤਾਰਿਆ ਤੇ ਉਹਨਾਂ ਤੋਂ ਬੁਰਿਆਈਆਂ ਛੁਡਾਈਆਂ ਹਨ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਿਧੀ ਚੰਦ ਤੋਂ ਚੋਰੀ ਛੁਡਵਾਈ ਸੀ ਤੇ ਉਸ ਨੂੰ ਆਪਣਾ ਸਿਖ ਬਣਾਇਆ ਸੀ। ਇਹ ਚਾਰ ਆਦਮੀ ਗੁਰੂ ਦੇ ਘਰ ਆਕੇ ਜੇਹੇ ਬੁਰੇ ਸਨ ਉਜਿਹੇ ਹੀ ਬੁਰੇ ਚਲੇ ਗਏ, ਇਹ ਤਾਂ ਗਲ ਚੰਗੀ ਨਾ ਹੋਈ। ਇਸ ਘਰ ਵਿਚ ਆਕੇ ਉਨ੍ਹਾਂ ਦੀ ਬੁਰਿਆਈ ਦਾ ਸੁਭਾਉ ਨਹੀਂ ਰਹਿਣਾ ਚਾਹੀਦਾ ਸੀ।

ਭਾਈ ਬੁੱਧ ਜੀ ਖੜੇ ਹਨ, ਹੱਥ ਜੁੜੇ ਹੋਏ ਹਨ, ਅੱਖਾਂ ਵਿਚੋਂ ਫਰਨ ਵਰਨ ਸੁੱਚੇ ਮੋਤੀਆਂ ਵਰਗੇ ਹੰਝੂ ਤ੍ਰਪ ਤ੍ਰਪ ਡਿੱਗ ਰਹੇ ਹਨ, ਅੰਦਰੋਂ ਲਿਵ ਸਤਿਗੁਰਾਂ ਦੇ ਚਰਨਾਂ ਨਾਲ ਲਗ ਰਹੀ ਹੈ ਤੇ ਬਿਹਬਲ ਅਵਸਥਾ ਵਿਚ ਹੋ ਅਰਦਾਸ ਕਰ ਰਹੇ ਹਨ:-ਹੇ ਸੱਚੇ ਪਾਤਸ਼ਾਹ! ਚੋਰ ਆਏ। ਸਨ, ਚੋਰ ਹੀ ਬਣੇ ਚਲੇ ਗਏ ਹਨ। ਆਪ ਦੀ ਛੋਹ ਤੋਂ ਰੀਠੇ ਮੀਠੇ ਹੋ ਗਏ, ਆਪ ਦੀ ਨਜ਼ਰ ਪੈਣ ਨਾਲ ਅੱਕ ਦੀਆਂ ਖਖੜੀਆਂ ਨੇ ਕੁੜੱਤਣ ਛਡ ਦਿਤੀ, ਆਪ ਦੇ ਵਲ ਆਏ ਸਖਤ ਪੱਥਰ ਮੋਮ ਵਾਂਗ ਨਰਮ ਹੋ ਗਏ। ਇਹ ਚੋਰ ਆਪ ਦੇ ਦੁਆਰੇ ਆਏ ਤੇ ਚੋਰ ਹੀ ਬਣੇ ਚਲੇ ਗਏ! ਸੱਚੇ ਪਾਤਸ਼ਾਹ ਤੇਰਾ ਨਾਮ ਪਤਿਤ ਪਾਵਨ ਹੈ, ਆਪਣਾ ਬਿਰਦ ਸੰਭਾਲੋ,ਇਹ ਬੁਰੇ ਹਨ,ਗੰਦੇ ਹਨ ਤੇ ਮੰਦੇ ਹਨ, ਭੀ ਤੇਰੇ ਹਨ:-

- ੬੭ -