ਪੰਨਾ:ਸੰਤ ਗਾਥਾ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਹਿਬ ਦੇ ਪਾਸ ਰਹੇ ਅਤੇ ਆਪ ਦੀ ਸੰਗਤ ਨਾਲ ਜੀਵਨ ਪਲਟ ਗਿਆ ਤੇ ਲਗੇ ਧਰਮ ਦੀ ਕਿਰਤ ਵਿਰਤ ਕਰਕੇ ਨਿਬਾਹ ਕਰਨ।

੧੦. ਸ਼ੇਰਿ ਪੰਜਾਬ ਦਾ ਦਰਸ਼ਨ ਹਿਤ ਆਉਣਾ-

ਸ਼ੇਰਿ ਪੰਜਾਬ ਮੁਲਤਾਨ ਸ਼ਾਹਪੁਰ ਆਦਿਕ ਇਲਾਕਿਆਂ ਵਿਚ ਮੱਲਾਂ ਮਾਰ ਰਹੇ ਸਨ, ਇਨ੍ਹਾਂ ਦਿਨਾਂ ਵਿਚ ਹੀ ਭੇਰੇ ਦੇ ਇਲਾਕੇ ਪੁੱਜਣ ਦਾ ਬੀ ਅਵਸਰ ਬਣ ਗਿਆ। ਭਾਈ ਬੁੱਧੂ ਸਾਹਿਬ ਜੀ ਦੀ ਕੀਰਤੀ ਆਪ ਨੇ ਸੁਣੀ ਹੋਈ ਸੀ, ਦਰਸ਼ਨਾਂ ਲਈ ਉਚੇਚੇ ਡੇਰੇ ਵਲ ਗਏ।

ਆਪਣੇ ਮਹਾਰਾਜੇ ਦੇ ਆਉਣ ਦੀ ਖਬਰ ਸੁਣਕੇ ਭੇਰੇ ਵਿਚ ਸਫਾਈ ਹੋਣ ਲਗ ਪਈ।ਗਲੀਆਂ ਤੇ ਬਜ਼ਾਰ ਸੁਥਰੇ ਹੋ ਗਏ। ਦੀਵਾਰਾਂ ਤੇ ਨਰ ਨਾਰੀਆਂ ਦਾ ਹਜੂਮ ਸੀ, ਅਹਿਲਕਾਰ ਨਾਲ ਸਨ। ਸ਼ਹਿਰ ਦੇ ਵਿਚ ਦਾਖਲ ਹੁੰਦਿਆਂਹੀ ਸ੍ਰੀ ਮਹਾਰਾਜਾ ਸਾਹਿਬ ਕਹਿਣ ਲਗੇ 'ਇਥੇ ਵਡਿਆਂ' ਦਾ ਡੇਰਾ ਹੈ,ਅਸਾਂ ਬੇਪਰਵਾਹਾਂ ਦੇ ਘਰ ਜਾਣਾ ਹੈ, ਉੱਚਿਆ ਹੋਕੇ ਜਾਣ ਵਾਲਿਆਂ ਦੀ ਇਸ ਟਿਕਾਣੇ ਢੋਈ ਨਹੀਂ। ਇਸ ਰਾਹ ਨੀਵਿਆਂ ਹੋਕੇ ਜਾਣਾ ਚਾਹੀਦਾ ਹੈ।' ਇਹ ਕਹਿਕੇ ਆਪ ਘੋੜੇ ਤੋਂ ਉਤਰ ਪਏ ਤੇ ਪੈਦਲ ਤੁਰਦੇ ਗੁਰਦਵਾਰੇ ਪੁੱਜੇ। ਬਾਹਰ ਦਰਵਾਜ਼ੇ ਅਗੇ ਇਕ ਵਯਕਤੀ ਖੜੀ ਵੇਖੀ। ਖਿੜਿਆ ਹੋਇਆ ਮੱਥਾ, ਰਸੀਲੇ ਨੈਣ ਤੇ ਪੁਰ ਜਲਾਲ ਚਿਹਰਾ। ਮਹਾਰਾਜਾ ਸਾਹਿਬ ਵੇਖਕੇ ਠਹਿਰ ਗਏ ਤੇ ਨਰਮ ਭਾਵ ਵਿਚ ਹੋ ਪੁੱਛਣ ਲਗੇ:-'ਭਾਈ ਬੁੱਧੂ ਸਾਹਿਬ ਕਿੱਥੇ ਹਨ? ਉਨ੍ਹਾਂ ਦੇ ਦਰਸ਼ਨ ਕਰਨੇ ਹਨ?'

ਉਸ ਵਯਕਤੀ ਨੇ ਅਗੋਂ ਉੱਤਰ ਦਿਤਾ:-'ਬੁੱਧੂ'` ਤਾਂ ਇਹ ਹੀ ਹੈ; ਜੋ ਹਾਜ਼ਰ ਹੈ ਤੇ 'ਸਾਹਿਬ' ਅੰਦਰ ਹਨ, ਅੰਦਰ ਚੱਲਕੇ ਉਨ੍ਹਾਂ ਦੇ ਦਰਸ਼ਨ ਕਰੋ, ਮੱਥਾ ਟੇਕੋ, ਜਨਮ ਸਫਲਾ ਕਰੋ।"

ਆਪ ਮਹਾਰਾਜੇ ਨੂੰ ਨਾਲ ਲੈਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਕਮਰੇ ਵਿਚ ਗਏ ਤੇ ਅਦਬ ਤੇ ਸਤਿਕਾਰ ਨਾਲ ਮੱਥਾ ਟੇਕਿਆ। ਮਹਾਰਾਜੇ ਨੇ ਭੀ ਮੱਥਾ ਟੇਕਿਆ ਤੇ ਇਕ ਸ਼ਬਦ ਸ੍ਰਵਣ ਕੀਤਾ।

-੬੯ -