ਪੰਨਾ:ਸੰਤ ਗਾਥਾ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਇਆ ਹੁੰਦਾ ਸੀ। ਉਥੇ ਜਾਕੇ ਕਿਹਾ ਕਰਦੇ:-'ਇਹ ਨੀ ਸੱਚੇ ਪਾਤਸ਼ਾਹ ਬਖਸ਼ਣ ਵਾਲੇ,ਇਨ੍ਹਾਂ ਦੀ ਚਰਨੀਂ ਲਗ ਜਾਹ, ਬਖਸ਼ਿਆ ਜਾਏਂਗਾ, ਮੈਂ ਤਾਂ ਗ਼ਰੀਬ ਕੰਗਲਾ ਇਨ੍ਹਾਂ ਦਾ ਟਹਿਲੂਆ ਹਾਂ, ਮੈਂ ਬਖਸ਼ਣ ਜੋਗ ਕੌਣ ਹਾਂ? ਇਹ ਹੀ ਬਖਸ਼ਣਹਾਰ ਹਨ।' ਭਾਈ ਸਾਹਿਬ ਨੇ ਇਉਂ ਜਗਯਾਸੂ ਨੂੰ ਬਾਣੀ ਦੇ ਪਾਠ ਵਿਚ ਲਾ ਦੇਣਾ ਤੇ ਗੁਰੂ ਚਰਨਾਂ ਦਾ ਪ੍ਰੇਮੀ ਸਿਖ ਬਣਾ ਦੇਣਾ। ਜਦੋਂ ਪ੍ਰੇਮੀ ਹੋਰ ਘਾਲੀ ਹੋ ਜਾਵੇ ਤਾਂ ਨਾਮ ਵਿਚ ਲਾ ਦੇਣਾ।

੧੪. ਬੀਰਤਾ ਦੀ ਕਣੀ ਤੇ ਅਗੰਮ ਵਾਚਣਾ-

ਡੇਰੇ ਦੇ ਲੰਗਰ ਵਾਸਤੇ ਫਸਲ ਦੇ ਮੌਕੇ ਤੇ ਅਨਾਜ ਇਕੱਠਾ ਖਰੀਦਿਆ ਜਾਂਦਾ ਸੀ ਤੇ ਜੇ ਥੁੜ ਜਾਏ ਤਾਂ ਸੰਤ ਜੀ ਲਾਗੇ ਦੀ ਕਿਸੇ ਮੰਡੀ ਤੋਂ ਮੰਗਵਾ ਲਿਆ ਕਰਦੇ ਸਨ।

ਇਕ ਵੇਰ ਆਪ ਜੀ ਨੂੰ ਕਣਕ ਦੀ ਲੋੜ ਪੈ ਗਈ, ਭਾਈ ਨਿਧਾਨ ਸਿੰਘ ਜੀ ਲਾਂਗਰੀ ਨੂੰ ਸੱਦਿਆ, ੨੦) ਦਿੱਤੇ ਤੇ ਕਿਹਾ ਕਿ ਪਿੰਡ ਹਰੀਏ ਜਾਕੇ ਕਣਕ ਲੈ ਆਓ। ਨਿਧਾਨ ਸਿੰਘ ਨੇ ਰੁਪਏ ਲੱਕ ਨਾਲ ਬੱਧੇ ਤੇ ਹਰੀਏ ਵਲ ਤੁਰ ਪਿਆ। ਉਨ੍ਹਾਂ ਦਿਨਾਂ ਵਿਚ ਸਫ਼ਰ ਸੁਖਾਲੇ ਨਹੀਂ ਸਨ ਹੁੰਦੇ, ਥਾਂ ਥਾਂ ਤੇ ਚੋਰ ਉਚੱਕੇ ਤੇ ਡਾਕੂਆਂ ਦਾ ਡਰ ਹੁੰਦਾ ਸੀ। ਇਕੱਲੇ ਦੁਕੱਲੇ ਦਾ ੧੦-੨੦ ਕੋਹ ਸਹੀ ਸਲਾਮਤ ਕਿਤੇ ਆ ਜਾ ਸਕਣਾ ਭਾਗਾਂ ਦੀ ਹੀ ਗੱਲ ਸਮਝੀ ਜਾਂਦੀ ਸੀ। ਭਾਈ ਨਿਧਾਨ ਸਿੰਘ ਜੀ ਨੂੰ ਬੀ ਰਾਹ ਵਿਚ ਚੋਰ ਆ ਮਿਲੇ ਤੇ ਕਿਹਾ ਕਿ ਜੋ ਕੁਛ ਤੇਰੇ ਪਾਸ ਹੈ ਧਰ ਦੇਹ। ਭਾਈ ਨਿਧਾਨ ਸਿੰਘ ਨੇ ਦੇਣ ਤੋਂ ਨਾਂਹ ਕਰ ਦਿਤੀ ਤੇ ਚੋਰ ਚਾਰ ਪੰਜ ਸਨ ਉਨ੍ਹਾਂ ਨੇ ਨਾਲੇ ਤਾਂ ਰੁਪਏ ਖੋਹ ਲਏ ਤੇ ਨਾਲੇ ਮਾਰ ਕੁਟਾਈ ਕੀਤੀ। ਨਿਧਾਨ ਸਿੰਘ ਵਾਪਸ ਮੁੜ ਆਇਆ। ਜਦੋਂ ਡੇਰੇ ਆਇਆ ਤਾਂ ਅਗੇ ਭਾਈ ਬੁੱਧੂ ਸਾਹਿਬ ਬੈਠੇ ਸਨ, ਨਿਧਾਨ ਸਿੰਘ ਨੂੰ ਦੂਰੋਂ ਵੇਖਕੇ ਆਪ ਹੱਸ ਪਏ ਤੇ ਨਿਧਾਨ ਸਿੰਘ ਦੇ ਪਾਸ ਪੁੱਜਣ ਤਕ ਹਸਦੇ ਰਹੇ। ਨਿਧਾਨ ਸਿੰਘ ਉਨ੍ਹਾਂ ਨੂੰ ਹਸਦਿਆਂ ਵੇਖਕੇ ਰੋਣ ਲੱਗਾ।

-੭੬-