ਪੰਨਾ:ਸੰਤ ਗਾਥਾ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਈ ਸਾਹਿਬ ਨੇ ਡੇਰੇ ਦੇ ਇਕ ਸੰਤ ਨੂੰ ਕਿਹਾ ਕਿ ਭਾਈ ਨਿਧਾਨ ਸਿੰਘ ਦੋ ਦਿਨਾਂ ਦਾ ਭੁੱਖਾ ਹੈ ਇਹਨੂੰ ਲੈ ਜਾਓ ਤੇ ਪ੍ਰਸ਼ਾਦ ਛਕਾਓ। ਭਾਈ ਸਾਹਿਬ ਨੂੰ ਇੰਜ ਹੱਸਦਿਆਂ ਵੇਖਕੇ ਸਾਰੇ ਹੈਰਾਨ ਸਨ। ਜਦ ਨਿਧਾਨ ਸਿੰਘ ਨੇ ਪ੍ਰਸ਼ਾਦ ਛਕ ਲਿਆ ਤਦ ਭਾਈ ਬੁੱਧੂ ਸਾਹਿਬ ਜੀ ਪਾਸ ਆਇਆ। ਉਹਨੂੰ ਵੇਖਕੇ ਭਾਈ ਸਾਹਿਬ ਫਿਰ ਹੱਸ ਪਏ। ਡੇਰੇ ਦੇ ਸੰਤ ਪਾਸ ਬੈਠੇ ਸਨ, ਉਨ੍ਹਾਂ ਪੁਛਿਆ ਕਿ ਮਹਾਰਾਜ ਅੱਜ ਹਾਸੇ ਦਾ ਕੀ ਕਾਰਨ ਹੈ? ਆਪ ਨੇ ਮੁਸਕ੍ਰਾਕੇ ਭਾਈ ਨਿਧਾਨ ਸਿੰਘ ਵਲ ਵੇਖਿਆ ਤੇ ਕਿਹਾ ਕਿ ਇਸ ਨੂੰ ਖੁਹਾਣ ਦੀ ਵੀ ਜਾਚ ਨਹੀਂ ਆਈ। ਜੇ ਚੋਰ ਆਏ ਸਨ ਤਦ ਜਾਂ ਤਾਂ ਸੂਰਮੇਂ ਗੁਰੂ ਦੇ ਸਿੰਘਾਂ ਵਾਲਾ ਕੰਮ ਕਰਦਾ, ਉਨ੍ਹਾਂ ਦੇ ਹੱਥ ਵੇਖਦਾ ਤੇ ਆਪਣੇ ਵਿਖਾਉਂਦਾ, ਇਸ ਗੱਲ ਦਾ ਕੁਛ ਸ਼ਾਦ ਆਉਂਦਾ, ਜੇ ਇੰਜ ਨਹੀਂ ਕੀਤਾ ਸੀ ਤਦ ਉਨ੍ਹਾਂ ਦੇ ਮੰਗਣ ਤੇ ਮਾਯਾ ਗੁਰੂ ਕੀ ਤੇ ਉਨ੍ਹਾਂ ਨੂੰ ਲੋੜਵੰਦ ਸਮਝਕੇ ਚੁਪ ਚਾਪ ਰਕਮ ਉਨ੍ਹਾਂ ਦੇ ਹਵਾਲੇ ਕਰ ਦੇਂਦਾ, ਮਾਰ ਖਾਣ ਤੇ ਹੱਡੀਆਂ ਭਨਾਉਣ ਦੀ ਕੀਹ ਲੋੜ ਸੀ। ਨਾਲੇ ਪੈਸੇ ਬੀ ਗਏ, ਨਾਲੇ ਮਾਰ ਬੀ ਖਾਧੀ। ਜਿਸ ਵੇਲੇ ਡੇਰੇ ਦਿਆਂ ਸੇਵਾਦਾਰਾਂ ਨੇ ਭਾਈ ਨਿਧਾਨ ਸਿੰਘ ਤੋਂ ਸਾਰੀ ਵਿਥਯਾ ਸੁਣੀ ਤਦ ਭਾਈ ਬੁੱਧੂ ਸਾਹਿਬ ਦੀ ਬੀਰਤਾ ਦੀ ਕਣੀ, ਸੰਤਤਾਈ ਤੇ ਅਗੰਮ ਵਾਚਣ ਪਰ ਸਤਿਕਾਰ ਨਾਲ ਭਰ ਗਏ।

੧੫. ਗ਼ਰੀਬਾਂ ਦੀ ਸਹਾਇਤਾ-

ਭੇਰੇ ਵਿਚ ਗਾਂਧੀਆਂ ਦੇ ਘਰਾਣੇ ਦਾ ਇਕ ਗ਼ਰੀਬ ਪਰਿਵਾਰ ਆਇਆ ਤੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ! ਸਿਰ ਲੁਕਾਉਣ ਨੂੰ ਘਰ ਨਹੀਂ; ਬੜੇ ਦੁਖੀ ਹਾਂ, ਸਰਦੀਆਂ ਆ ਗਈਆਂ ਹਨ, ਰਹਿਣ ਲਈ ਕੋਈ ਥਾਂ ਦੇਵੋ। ਭਾਈ ਸਾਹਿਬ 'ਵਾਹਿਗੁਰੂ' 'ਵਾਹਿਗੁਰੂ' ਕਹਿੰਦੇ ਉਠੇ, ਉਸ ਪਰਿਵਾਰ ਨੂੰ ਨਾਲ ਲਿਆ ਤੇ ਅੰਦਰ ਉਸ ਕਮਰੇ ਵਿਚ ਜਾ ਵੜੇ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਰਿਹਾ ਸੀ। ਆਪ ਜਾਕੇ ਹਜ਼ੂਰੀ ਵਿਚ ਹਥ ਜੋੜਕੇ ਲੇਟ ਗਏ ਤੇ ਉਨ੍ਹਾਂ ਨੂੰ ਕਹਿਣ ਲਗੇ:-

-੭੭-