ਪੰਨਾ:ਸੰਤ ਗਾਥਾ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਪਾਲਣਾ ਪੋਖਣਾ ਹੁੰਦੀ ਰਹਿੰਦੀ ਸੀ। ਡੇਰੇ ਵਿਚ ਇਕ ਸੇਵਾਦਾਰ ਨੂੰ ਵੈਦਿਕ ਸਿਖਾ ਰੱਖੀ ਸੀ। ਹਿੰਦੂ, ਮੁਸਲਮਾਨ ਤੇ ਸਿਖ ਕੋਈ ਆਵੇ ਦਵਾਈ ਮੁਫ਼ਤ ਮਿਲਦੀ ਸੀ, ਵੈਦ ਜੀ ਲੋਕਾਂ ਦੇ ਘਰੀਂ ਜਾ ਕੇ ਰੋਗੀ ਨੂੰ ਵੇਖਦੇ ਤਦ ਬੀ ਕੁਝ ਨਹੀਂ ਲੈਂਦੇ ਸਨ। ਸ਼ਬਦ, ਕੀਰਤਨ, ਨਾਮ ਤੇ ਗੁਰਇਤਿਹਾਸ ਦੇ ਪ੍ਰਵਾਹ ਦਾ ਤਾਂ ਅਤੁਟ ਲੰਗਰ ਚਲ ਹੀ ਰਿਹਾ ਸੀ। ਆਪਦਾ ਡੇਰਾ ਨਗਰ ਵਾਸੀਆਂ ਵਾਸਤੇ ਇਕ ਦੈਵੀ ਨਿਆਮਤ ਦਾ ਭੰਡਾਰ ਸੀ, ਜਿਸ ਤੋਂ ਕਿ ਲੋਕਾਂ ਦੇ ਅਰਥ ਤੇ ਪਰਮਾਰਥ ਦੋਹਾਂ ਦੀ ਸਿੱਧੀ ਤੇ ਸਰੀਰਕ ਤੇ ਆਤਮਕ ਰੋਗਾਂ ਦੀ ਨਵਿਰਤੀ ਹੁੰਦੀ ਸੀ।

੧੭. ਅਭਯਾਸਤ ਦੇ ਮਾਲ ਦੀ ਰਾਖੀ-

ਇਕ ਵਪਾਰੀ ਘਿਉ ਦੇ ਕੁੱਪੇ ਲੈਕੇ ਵੇਚਣ ਆਇਆ, ਚੋਰ ਵੀ ਉਹਦੇ ਪਿੱਛੇ ਪਿੱਛੇ ਤੁਰ ਪਏ। ਰਾਹ ਵਿਚ ਉਹਨਾਂ ਨੇ ਉਸਨੂੰ ਲੁੱਟਣ ਦੇ ਬੜੇ ਵਲ ਛਲ ਕੀਤੇ, ਪਰ ਉਨ੍ਹਾਂ ਦੀ ਕੋਈ ਪੇਸ਼ ਨਾ ਗਈ। ਰਾਤ ਨੂੰ ਵਪਾਰੀ ਭਾਈ ਬੁੱਧੂ ਸਾਹਿਬ ਦੇ ਡੇਰੇ ਆ ਠਹਿਰਿਆ। ਹਨੇਰਾ ਹੋ ਜਾਣ ਤੇ ਹੋਰ ਵੀ ਉਸੇ ਗੁਰਦੁਆਰੇ ਆ ਪੁੱਜੇ। ਅੱਧੀ ਰਾਤ ਅੱਗੇ ਸੀ ਤੇ ਅੱਧੀ ਪਿੱਛੇ। ਵਪਾਰੀ ਘੂਕ ਨੀਂਦਰ ਵਿਚ ਸੁੱਤਾ ਹੋਇਆ ਸੀ। ਚੋਰਾਂ ਨੇ ਉਠਕੇ ਕੁੱਪਿਆਂ ਦੇ ਗਲਾਂ ਵਿਚ ਰੱਸੇ ਪਾ ਦਿਤੇ ਆਪ ਕੁਛ ਹਟਕੇ ਜਾ ਬੈਠੇ ਤੇ ਲਗੇ ਹੌਲੀ ਹੌਲੀ ਕੁਪਿਆਂ ਨੂੰ ਆਪਣੇ ਵਲ ਘਸੀਟਣ। ਭਾਈ ਬੁੱਧੂ ਸਾਹਿਬ ਜਾਗਦੇ ਸਨ, ਗਾਫਲ ਵਪਾਰੀ ਦਾ ਨੁਕਸਾਨ ਨਾ ਸਹਾਰ ਸਕੇ, ਚੁਪ ਚੁਪਾਤੇ ਉਠੇ ਤੇ ਉਠ ਕੇ ਕੁਪਿਆਂ ਦੇ ਗਲਾਂ ਦੇ ਰੱਸੇ ਖੋਹਲ ਦਿਤੇ। ਭਾਈ ਸਾਹਿਬ ਦੀ ਮਨਸ਼ਾ ਇਹ ਸੀ ਕਿ ਚੋਰ ਇਹ ਸਮਝ ਲੈਣ ਕਿ ਡੇਰੇ ਵਿਚ ਕੋਈ ਜਾਗਦਾ ਹੈ, ਜਿਸ ਨੇ ਰੱਸੇ ਖੋਹਲੇ ਹਨ ਤੇ ਫਿਰ ਚੁਪ ਚਾਪ ਚਲੇ ਜਾਣ। ਚੋਰਾਂ ਨੇ ਉਲਟੀ ਗਲ ਸਮਝੀ ਕਿ ਰੱਸਿਆਂ ਦਾ ਗਲਮਾ ਢਿੱਲਾ ਰਹਿ ਗਿਆ ਸੀ, ਇਸ ਕਰਕੇ ਉਹਨਾਂ ਦੇ ਮੂੰਹ ਵਿਚੋਂ ਨਿਕਲ ਗਿਆ ਹੈ। ਉਹ ਲੇਟ ਲੇਟਕੇ ਫਿਰ ਕੁੱਪਿਆਂ ਦੇ ਪਾਸ ਪੁੱਜੇ ਤੇ ਪਹਿਲੇ ਵਾਂਗ ਰੱਸਿਆਂ ਨੂੰ ਕੁੱਪਿਆਂ ਦੇ ਗਲੇ ਵਿਚ

-੮o-