ਸਮੱਗਰੀ 'ਤੇ ਜਾਓ

ਪੰਨਾ:ਹਾਏ ਕੁਰਸੀ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਗੁਜਰਾਨੀ ਨੇ ਥੁਕ ਦਾ ਥੋਬਾ ਸੁਟਦੇ ਤੇ ਨੋਟ ਫੜ ਕੇ ਚੀਨਾ ਚੀਨਾ ਕਰ ਉਸ ਦੇ ਮੂੰਹ ਤੇ ਮਾਰਦੇ ਹੋਏ ਆਖਿਆ, 'ਕਮੀਨਿਆਂ ਵਿਕਣ ਵਾਲੀ ਹੁੰਦੀ ਤਾਂ ਅਜ ਕੁਝ ਦਾ ਕੁਝ ਬਣਾ ਲੈਂਦੀ, ਤੇਰੇ ਜਹੇ ਨੀਚਾਂ ਘਰ ਦੁੱਧ ਦੇਣ ਨਾਂ ਆਉਂਦੀ ।' ਇਹ ਆਖ ਕੇ ਉਸ ਨੇ ਚਿਟਕਣੀ ਖੋਹਲੀ ਤੇ ਬਾਹਰ ਨਿਕਲ ਗਈ ।
ਪ੍ਰੋਫੈਸਰ ਭੱਲਾ ਨੇ ਮੂੰਹ ਪੂੰਝਿਆ ਤੇ ਝਬਦੇ ਨਾਲ ਬੂਹਾ ਬੰਦ ਕਰ ਰਜ਼ਾਈ ਉਤੇ ਲੈ ਲਈ ।
ਉਹੋ ਗੁਜਰਾਨੀ ਪ੍ਰੋਫੈਸਰ ਰੋਡੇ ਦੇ ਘਰ ਦੁੱਧ ਦੇਂਦੀ ਸੀ । ਉਹਦੇ ਘਰੋਂ ਨਿਕਲ ਕੇ ਉਹ ਪ੍ਰੋਫੈਸਰ ਰੋਡੇ ਦੇ ਘਰ ਚਲੀ ਗਈ ਤੇ ਦੁੱਧ ਦੇਂਦੀ ਨੇ ਸਾਰੀ ਵਾਰਤਾ ਅਖੀ ਅਥਰੂ ਭਰ ਕੇ ਪ੍ਰੋਫੈਸਰ ਤੇ ਉਸ ਦੀ ਪਤਨੀ ਆਖ ਸੁਣਾਈ ! ਪ੍ਰੋਫ਼ੈਸਰ ਰੋਡੇ ਨੇ ਇਸੇ ਗਲ ਦੀ ਟਕੋਰ ਕੀਤੀ ਸੀ ਸਟਾਫ ਮੀਟਿੰਗ ਵਿਚ ।
'ਪਰ ਉਹ ਤਾਂ ਖੈਰ ਸਾਥੀ ਸੀ ਜੋ ਗਲ ਬਾਹਰ ਨਹੀਂ ਸੀ ਕਰਨ ਲਗਾ, ਪਰ ਹੁਣ, ਹੁਣ ਤਾਂ ਗਲ ਵਿਦਿਆਰਥੀਆਂ ਤਕ ਅਪੜ ਗਈ ।' ਉਹ ਸੋਚਦਾ ਰਿਹਾ, 'ਹੁਣ ਕੀ ਹੋਵੇਗਾ ।' ਫਿਰ ਉਸ ਦੇ ਦਿਲ ਵਿਚ ਖਿਆਲ ਆਉਂਦਾ, 'ਸ਼ਾਇਦ ਪ੍ਰੋਫੈਸਰ ਰੋਡੇ ਨੇ ਹੀ ਉਹਨੂੰ ਚਿੜ੍ਹਾਣ ਖਾਤਰ ਇਹ ਸ਼ਰਾਰਤ ਕੀਤੀ ਹੋਵੇ । ਪਰ ਜੇ ਕਰ ਇਹ ਗਲ ਇਸ ਤਰ੍ਹਾਂ ਹੁੰਦੀ ਤਾਂ ਵਿਦਿਆਰਥੀ ਕਿਉਂ ਚੁਪ ਰਹਿੰਦੇ ਤੇ ਸੈਨਤਾਂ ਨਾਲ ਗਲਾਂ ਕਰਦੇ । ਪ੍ਰੋਫੈਸਰ ਰੋਡਾ ਇਤਨਾ ਕਮੀਨਾ ਨਹੀਂ ਸੀ ।'
ਉਹ ਸੋਚਦਾ ਰਿਹਾ, ਜੇ ਕਰ ਗਲ ਸਾਰੇ ਕਾਲਜ ਵਿਚ ਫੈਲੀ ਤਾਂ ਸ਼ਹਿਰ ਵਿਚ ਫੈਲੇਗੀ । ਫਿਰ ਲੋਕ ਉਹਦੇ ਆਚਰਨ ਬਾਰੇ ਕੀ ਸੋਚਣਗੇ, ਵਿਦਿਆਰਥੀਆਂ ਦੇ ਦਿਲ ਵਿਚ ਉਹਦੇ ਪ੍ਰਤੀ ਕਖ ਸਤਿਕਾਰ ਨਹੀਂ ਰਹੇਗਾ । ਪ੍ਰਿੰਸੀਪਲ ਨੂੰ ਜਦ ਪਤਾ ਲਗੇਗਾ ਤਾਂ ਉਹ ਆਖੇਗਾ, ਕਿ ਉਹ ਦੀ ਭਤੀਜੀ ਦਾ ਸਾਕ ਨਾ ਲਿਆ ਤੇ ਇਹ ਕਮੀਨੀ ਹਰਕਤ ਕੀਤੀ । ਉਹਦੇ ਸਾਥੀਆਂ ਨੂੰ ਪਤਾ ਲਗਾ ਤਾਂ ਉਹ ਕੀ ਆਖਣਗੇ, 'ਉਚੀ ਕੁਲ ਦਾ ਅਰੋੜਿਆਂ ਨੂੰ ਨਿੰਦਦਾ ਨਿੰਦਦਾ ਘਟੀਆ ਜ਼ਾਤ ਦੀ ਔਰਤ ਪਿਛੇ ਪਾਗ਼ਲ ਹੋ ਗਿਆ ।' ਕੋਈ ਆਖੇਗਾ ਇਹ ਔਰਤ ਨੂੰ ਤਾਂ ਲੋੜੀਦੀ ਸ਼ੈ ਹੀ ਨਹੀਂ ਸੀ ਸਮਝਦਾ, ਫਿਰ ਇਸ ਇਹ ਝਖ ਕਿਉਂ ਮਾਰੀ ।'