(੩੫੧)
ਨਗਰ ਦੇ ਫ਼੍ਰਾਂਸੀਆਂ ਨੂੰ ਭੀ ਚਿੱਠੀ ਪਾ ਦਿੱਤੀ ਕਿ ਆਪ ਆਕੇ ਮੇਰੀ ਸਹਾਇਤਾ ਕਰੋ। ਕਰਨੈਲ ਕਲਾਈਵ ਨੇ ਨਵਾਬ ਦੀ ਚਾਲ ਦਾ ਝੱਟ ਪਤਾ ਕਰ ਲਿਆ ਅਤੇ ਚੰਦ੍ਰ ਨਗਰ ਉੱਤੇ ਹੱਲਾ ਕਰਕੇ ਉਸਨੂੰ ਫਤੇ ਕਰ ਲਿਆ॥
੪–ਸਰਾਜੁੱਦੌਲਾ ਨੂੰ ਗੱਦੀ ਤੇ ਬੈਠਿਆਂ ਅਜੇ ਵਰ੍ਹਾ ਭੀ ਨਹੀਂ ਹੋਇਆ ਸੀ, ਪਰ ਇਸ ਥੋੜੇ ਜੇਹੇ ਸਮੇਂ ਵਿੱਚ ਹੀ ਉਸਦੀ ਬੇ ਇੰਤਜ਼ਾਮੀ ਅਤੇ ਜ਼ੁਲਮ ਨੇ ਪ੍ਰਜਾ ਨੂੰ ਨੱਕ ਜਿੰਦ ਕਰ ਦਿੱਤਾ ਸੀ। ਪਰਜਾ ਚਾਹੁੰਦੀ ਸੀ ਕਿ ਏਹ ਨਿਕਲੇ ਤਾਂ ਚੰਗਾ ਹੈ। ਇਸਦੇ ਵੱਡੇ ੨ ਅਫ਼ਸਰਾਂ ਅਤੇ ਦਰਬਾਰੀਆਂ ਨੇ ਗੋਂਦ ਗੁੰਦੀ ਕਿ ਇਸਨੂੰ ਗੱਦੀਓਂ ਉਤਾਰਕੇ ਮੀਰ ਜਾਫਰ ਸੈਨਾਪਤੀ ਨੂੰ ਨਵਾਬ ਬਣਾਇਆ ਜਾਵੇ। ਮੀਰ ਜਾਫਰ ਨੇ ਕਲਾਈਵ ਨੂੰ ਲਿਖਿਆ ਅਤੇ ਸਹਾਇਤਾ ਮੰਗੀ ਅਰ ਏਹ ਤਜਵੀਜ਼ ਦੱਸੀ ਕਿ ਆਪ ਸਰਾਜੁੱਦੌਲਾ ਤੇ ਹੱਲਾ ਕਰੋ ਤਾਂ ਮੈਂ ਇਕ ਭਾਰੀ ਸਿਪਾਹੀਆਂ ਦਾ ਜੱਥਾ ਲੈਕੇ ਆਪ ਦੇ ਨਾਲ ਹੱਲੇ ਵਿਚ ਰਲਾਂਗਾ॥
ਉਮਾਂ ਚਦ ਇਕ ਬੜਾ ਚਲਾਕ ਬੰਗਾਲੀ ਇਸ ਸਾਰੀ ਗੋਂਦ ਤੋਂ ਜਾਣੂ ਸੀ। ਜਦ ਸਭ ਕੁਛ ਠੀਕ ਠਾਕ ਹੋ ਗਿਆ ਤਾਂ ਉਸਨੇ ਆਖਿਆ ਕਿ ਜਾਂ ਤਾਂ ਕੰਮ ਬਣਨ ਪੁਰ ਤੀਹ ਲੱਖ ਰੁਪਯਾ ਮੈਨੂੰ ਦੇ ਦੇਵਿਓ, ਨਹੀਂ ਤਾਂ ਮੈਂ ਜਾਕੇ ਨਵਾਬ ਦੇ ਅੱਗੇ ਭਾਂਡਾ ਭੰਨ ਦੇਂਦਾ ਹਾਂ।