(੯੪)
ਐਨ ਸ਼ੀਨ ਤੇ ਕਾਫ ਜਨੇਤ ਮੇਰੀ ਜਿਨ੍ਹਾਂ ਹੀਰ ਈਮਾਨ ਦਿਵਾਇਆ ਏ
ਕਾਲੂ ਬਲਾ ਦੇ ਦਿਨ ਨਕਾਹ ਬੱਧਾ ਰੂਹ ਨਬੀ ਦੇ ਆਣ ਪੜ੍ਹਾਇਆ ਏ
ਕੁਤਬ ਹੋ ਵਕੀਲ ਵਿੱਚ ਆਣ ਬੈਠਾ ਹੁਕਮ ਰੱਬ ਨੇ ਆਪ ਕਰਾਇਆ ਏ
ਜਬਰਾਈਲ ਮੇਕਾਈਲ ਗਵਾਹ ਚਾਰੇ ਅਜ਼ਰਾਈਲ ਅਸਰਾਫ਼ੀਲ ਆਇਆ ਏ
ਅਗਲਾ ਤੋੜ ਕੇ ਹੋਰ ਨਕਾਹ ਪੜ੍ਹਨਾ ਆਖ ਰੱਬ ਨੇ ਕਦੋਂ ਫੁਰਮਾਇਆ ਏ
ਵਾਰਸਸ਼ਾਹ ਹਕੀਕਤ ਦੀ ਖਬਰ ਨਾਹੀਂ ਕਾਜ਼ੀ ਦੁਨੀਆ ਦਾ ਨਾਮ ਧਰਾਇਆ ਏ
ਕਲਾਮ ਕਾਜ਼ੀ
ਜਿਨ੍ਹਾਂ ਅੱਲਾਹ ਤੇ ਨਬੀ ਤਹਕੀਕ ਜਾਤਾ ਉਹ ਜ਼ੌਕ ਦੇ ਨਾਲ ਵਹੀਜੀਅਨਗੇ
ਜਿਨ੍ਹਾਂ ਨਾਂਹ ਮੰਨਿਆ ਪਛੋਤਾਵਣੀਗੇ ਹੱਡ ਗੋਰ ਦੇ ਵਿੱਚ ਤਪੀਜੀਅਨਗੇ
ਸ਼ਰਹ ਨਾਲ ਅਨਮੋੜ ਅਜੋੜ ਕਰਦੇ ਭਾਹ ਨਰਕ ਦੇ ਵਿੱਚ ਤਪੀਜੀਅਨਗੇ
ਹੁਕਮ ਨੱਸ ਹਦੀਸ ਨਾ ਮੰਨ ਹੀਰੇ ਅਸੀਂ ਹੋਰ ਵੀ ਕੰਮ ਕੁੱਝ ਕੀਜੀਅਨਗੇ
ਤੋਬਾ ਕਸਮ ਕੁਰਾਨ ਦਿਵਾਣ ਤੈਨੂੰ ਤੇਰਾ ਮਾਉਂ ਤੇ ਬਾਪ ਪਤੀਜੀਅਨਗੇ
ਵਾਰਸਸ਼ਾਹ ਜਹਾਨ ਦੇ ਖੇਤ ਅੰਦਰ ਤਿਹੇ ਵੱਢੀਅਨਗੇ ਜਿਹੇ ਬੀਜੀਅਨਗੇ
ਕਲਾਮ ਹੀਰ
ਜੇੜ੍ਹੇ ਇਸ਼ਕ ਦੀ ਅੱਗ ਦੇ ਤਾ ਤੱਤੇ ਓਨ੍ਹਾਂ ਖੌਫ ਨਾ ਨਰਕ ਦੀ ਲਾਸ ਦਾ ਈ
ਜਿਨ੍ਹਾਂ ਇੱਕ ਦੇ ਨਾਮ ਦਾ ਵਿਰਦ ਕੀਤਾ ਉਨ੍ਹਾਂ ਫਿਕਰ ਅੰਦੇਸੜਾ ਕਾਸਦਾ ਈ
ਆਖਰ ਸਿਦਕ ਯਕੀਨ ਤੇ ਕੰਮ ਪੌਸੀ ਮੂਤ ਡੈਹ ਇਹ ਪੁਤਲਾ ਮਾਸਦਾ ਏ
ਦੋਜ਼ਖ ਮਾਰਿਆਂ ਮਿਲਣ ਬੇਸਿਦਕ ਝੂਠੇ ਜਿਨ੍ਹਾਂ ਬਾਣ ਤਕਣ ਆਸ ਪਾਸ ਦਾ ਈ
ਝੂਠ ਬੋਲਣਾ ਕੁਫ਼ਰ ਥੀਂ ਬਹੁਤ ਮੰਦਾ ਹੁਕਮ ਹਕ ਫੁਰਮਾਇਆ ਰਾਸ ਦਾ ਈ
ਵਾਰਸ ਜਿਨ੍ਹਾਂ ਤੇ ਰੱਬ ਦਾ ਕਹਿਰ ਹੁੰਦਾ ਉਹ ਤਾਂ ਝੂਠ ਦੇ ਵਿੱਚ ਆ ਫਾਸਦਾ ਈ
ਕਲਾਮ ਕਾਜ਼ੀ
ਕਾਜ਼ੀ ਆਖਦਾ ਹੀਰ ਨੂੰ ਇਹ ਮਸਲੇ ਮੰਨ ਲੈ ਜੇ ਤੁੱਧ ਨੂੰ ਲੋੜ ਹੈ ਨੀ
ਮੰਨੇ ਸਿਦਕ ਯਕੀਨ ਈਮਾਨ ਵਾਲਾ ਜਿਹੜਾ ਨਾ ਮੰਨੇ ਸੋ ਅਮੋੜ ਹੈ ਨੀ
ਲਿਖਿਆ ਵਿੱਚ ਕਿਤਾਬ ਕੁਰਾਨ ਦੇ ਜੀ ਗੁਨਾਹਗਾਰ ਖ਼ੁਦਾਅ ਦਾ ਚੋਰ ਹੈ ਨੀ
ਹੁਕਮ ਮਾਉਂ ਤੇ ਬਾਪ ਦਾ ਮੰਨ ਲੈਣਾ ਜਿਹਾ ਰਾਹ ਤਰੀਕ ਦਾ ਜੋਰ ਹੈ ਨੀ
ਜੋ ਕੁਝ ਮਾਉਂ ਤੇ ਬਾਪ ਤੇ ਅਸੀਂ ਕਰੀਏ ਓਥੇ ਤੁੱਧ ਦਾ ਕੁੱਝ ਨਾ ਸ਼ੋਰ ਹੈ ਨੀ
ਜਿਨ੍ਹਾਂ ਨਾਂਹ ਮੰਨਿਆ ਪਛੋਤਾਵਣੀਗੇ ਪੈਰ ਦੇਖਕੇ ਝੂਰਦਾ ਮੋਰ ਹੈ ਨੀ
ਕਰੀਂ ਤਰਕ ਹਰਾਮ ਹਲਾਲ ਖਾਈਂ ਇਹੋ ਰਾਹ ਸ਼ਰੀਅਤ ਦਾ ਤੋੜ ਹੈ ਨੀ
ਅੰਨ ਧਨ ਤੇ ਲਛਮੀ ਰੱਬ ਦੇਸੀ ਵਾਰਸਸ਼ਾਹ ਨੂੰ ਕਾਸਦੀ ਥੋੜ ਹੈ ਨੀ