(੯੫)
ਕਲਾਮ ਹੀਰ
ਹੀਰ ਅਰਜ ਕਰਦੀ ਹੱਥ ਬੰਨ੍ਹਕੇ ਜੀ ਗੱਲ ਸੁਣੀ ਜੋ ਅਸਲ ਦੀ ਚਾਹੁਣੀ ਏਂ
ਜੇ ਤਾਂ ਹੈ ਈਮਾਨ ਤੇ ਛੱਡ ਪਿੱਛਾ ਮਗਰੋਂ ਲਹੁ ਜੇ ਸਾਡਿਓਂ ਲਾਹੁਣੀ ਏਂ
ਕਾਜ਼ੀ ਮਾਉਂ ਤੇ ਬਾਪ ਕਰਾਰ ਕੀਤਾ ਹੀਰ ਰਾਂਝੇ ਦੇ ਨਾਲ ਵਿਆਹੁਣੀ ਏਂ
ਅਸਾਂ ਓਸਦੇ ਨਾਲ ਚਾ ਸਿਦਕ ਕੀਤਾ ਗੱਲ ਗੋਰ ਦੇ ਤੀਕ ਨਿਭਾਹੁਣੀ ਏਂ
ਅੰਤ ਰਾਂਝੇ ਨੂੰ ਹੀਰ ਪਰਨਾ ਦੇਣੀ ਕਿਸੇ ਰੋਜ ਦੀ ਏਹ ਪਰਾਹੁਣੀ ਏਂ
ਵਾਰਸਸ਼ਾਹ ਨਾ ਜਾਣਦੀ ਮੈਂ ਕਮਲੀ ਮਾਰ ਸ਼ੇਰ ਦੀ ਗੱਧੇ ਨੇ ਖਾਉਂਨੀ ਏਂ
ਕਲਾਮ ਕਾਜ਼ੀ
ਕੁਰਬ ਵਿੱਚ ਦਰਗਾਹ ਦੇ ਤਿਨ੍ਹਾਂ ਨੂੰ ਜੇ ਜਿਹੜੇ ਹੱਕ ਦੇ ਨਾਲ ਨਕਾਹੀਅਨ ਗੇ
ਮਾਉਂ ਬਾਪ ਦੇ ਹੁਕਮ ਦੇ ਵਿੱਚ ਚੱਲਣ ਨਾਲ ਸ਼ੌਕ ਦੇ ਉਹ ਵੀਵਾਹੀਅਨ ਗੇ
ਜਿਹੜੇ ਛੱਡ ਕੇ ਹੁਕਮ ਬੇਹੁਕਮ ਹੋਏ ਵਿੱਚ ਹਾਵੀਏ ਦੋਜ਼ਖਾਂ ਡਾਹੀਅਨ ਗੇ
ਜਿਹੜੇ ਹੱਕ ਦੇ ਨਾਲ ਪਿਆਰ ਵੰਡਨ ਅੱਠ ਬਹਿਸ਼ਤ ਭੀ ਉਨ੍ਹਾਂ ਨੂੰ ਚਾਹੀਅਨ ਗੇ
ਟੁਰਨ ਫਿੱਕਾ ਤੇ ਪੜ੍ਹਨ ਕੁਰਾਨ ਜਿਹੜੇ ਗੁਨ੍ਹਾ ਓਸਦੇ ਜੁੰਮਿਓਂ ਲਾਹੀਅਨ ਗੇ
ਕਰਨ ਉਲਟ ਜੋ ਸ਼ਰਹ ਮੁਹੰਮਦੀ ਦਾ ਵਾਂਗ ਚੱਕੀਆਂ ਦੋਜ਼ਖਾਂ ਰਾਹੀਅਨ ਗੇ
ਜਿਹੜੇ ਨਾਲ ਤਕੱਬਰੀ ਕਰਨ ਆਕੜ ਵਾਂਗ ਈਦ ਦੇ ਬੱਕਰੇ ਢਾਹੀਅਨ ਗੇ
ਵਾਰਸਸ਼ਾਹ ਮੀਆਂ ਜੇੜ੍ਹੇ ਬਹੁਤ ਸਯਾਣੇ ਕਾਗਵਾਂਗ ਓਹ ਨਰਕ ਵਿਚ ਫਾਹੀਅਨ ਗੇ
ਕਲਾਮ ਹੀਰ
ਹੀਰ ਫੇਰ ਬੋਲੀ ਮੀਆਂ ਕਾਜ਼ੀਆ ਵੇ ਤੂੰ ਤਾਂ ਸੁਣੀ ਨਾਹਰੇ ਮੇਰੀ ਆਹ ਦੇ ਵੇ
ਜਿਹੜੇ ਰੱਬ ਦੇ ਨਾਮ ਤੇ ਮਹਵ ਹੋਏ ਮਨਜ਼ੂਰ ਖੁਦਾਇ ਦੇ ਰਾਹ ਦੇ ਵੇ
ਜਿਹਨਾਂ ਸਿਦਕ ਯਕੀਨ ਤਹਿਕੀਕ ਕੀਤੀ ਮਕਬੂਲ ਦਰਗਾਹ ਅਲਾਹ ਦੇ ਵੇ
ਜਿਹਨਾਂ ਇੱਸ਼ਕ ਦਾ ਰਾਹ ਦਰੁੱਸਤ ਕੀਤਾ ਉਹਨਾਂ ਫ਼ਿਕਰ ਅੰਦੇਸੜੇ ਕਾਹ ਦੇ ਵੇ
ਮੁਸ਼ਕਲ ਰਾਹ ਹੈ ਇਸ਼ਕ ਦਾ ਕਾਜ਼ੀਆ ਵੇ ਤਿਖੇ ਦੀਦੜੇ ਜਾਣੀਏ ਮਾਹ ਦੇ ਵੇ
ਜਿਹਨਾਂ ਨਾਲ ਮਹਿਬੂਬ ਦਾ ਵਿਰਦ ਕੀਤਾ ਓਹ ਸਾਹਿਬ ਮਰਾਤਬੇ ਜਾਹ ਦੇ ਵੇ
ਏਸ ਦੱਮ ਦਾ ਪਤਾ ਕੀ ਜੀਉਣ ਦਾ ਇਹ ਪੁੱਤਲੇ ਤਾਬਿਆਂ ਸਾਹ ਦੇ ਵੇ
ਰੱਬ ਬਖਸ਼ ਦੇਸੀ ਉਨ੍ਹਾਂ ਬੰਦਿਆਂ ਨੂੰ ਜਿਹੜੇ ਹੁਕਮ ਮੰਨਣ ਬਾਰਗਾਹ ਦੇ ਵੇ
ਜਿਹੜੇ ਵੱਢੀਆਂ ਖਾਇਕੇ ਹੱਕ ਡੋਬਣ ਉਹ ਚੋਰ ਉਚੱਕੜੇ ਰਾਹ ਦੇ ਵੇ
ਇਹ ਕੁਰਾਨ ਮਜੀਦ ਦੇ ਮਾਇਨੇ ਨੀ ਜਿਹੜੇ ਕੌਲ ਮੀਏਂ ਵਾਰਸਸ਼ਾਹ ਦੇ ਵੇ
ਕਲਾਮ ਕਾਜ਼ੀ
ਗੈਰ ਸ਼ਰਹ ਦੇ ਝੱਗੜੇ ਝਗੜਨੀਏਂ ਮੂੰਹੋਂ ਬੋਲ ਤੇ ਸੁਖਨ ਸੰਭਾਲ ਹੀਰੇ
ਪੰਜ ਵਕਤ ਨਮਾਜ਼ ਗੁਜ਼ਾਰਦੇ ਹਾਂ ਸਾਡੀ ਕੱਪੜੀਂ ਪਵੇ ਰਵਾਲ ਹੀਰੇ