ਪੰਨਾ:ਹੀਰ ਵਾਰਸਸ਼ਾਹ.pdf/11

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੯)

ਵਾਰਸਸ਼ਾਹ ਮੀਆਂ ਬਿਨਾਂ ਭਾਈਆਂ ਦੇ ਸਾਨੂੰ ਜੀਵਣਾ ਜ਼ਰਾ ਦਰਕਾਰ ਨਾਹੀਂ

ਕਲਾਮ ਰਾਂਝਾ

ਰਾਂਝਾ ਆਖਦਾ ਉੱੱਠਿਆ ਰਿਜ਼ਕ ਮੇਰਾ ਮੈਥੋਂ ਭਾਈਓ ਤੁਸੀਂ ਕੀ ਮੰਗਦੇ ਹੋ
ਸਾਂਭ ਲਿਆ ਜੇ ਬਾਪ ਦਾ ਮਿਲਖ ਸਾਰਾ ਤੁਸੀਂ ਸਾਕ ਨਾ ਸੈਨ ਨਾ ਅੰਗਦੇ ਹੋ
ਵਿਚੋਂ ਖੁਸ਼ੀ ਹੋਵੇ ਸਾਡੇ ਨਿਕਲਣੇ ਤੇ ਗੱਲ ਆਖਦੇ ਮੂੰਹੋਂ ਨਾ ਸੰਗਦੇ ਹੋ
ਵੱਸ ਲਗੇ ਜੇ ਤਾਂ ਮਨਸੂਰ ਵਾਂਗੂੰ ਮੈਨੂੰ ਚਾ ਸੂਲੀ ਉਤੇ ਟੰਗਦੇ ਹੋ
ਭਲੇ ਕੰਮ ਦੇ ਵਿੱਚ ਨਾ ਨੀਤ ਤੁਸਾਂ ਰਵਾਦਾਰ ਲੜਾਈ ਤੇ ਜੰਗ ਦੇ ਹੋ
ਵਾਰਸ ਸ਼ਾਹ ਹੁਣ ਅਸੀਂ ਉਦਾਸ ਹੋਏ ਤੁਸੀਂ ਖੁਸ਼ੀ ਵਸੋ ਵਿਚ ਰੰਗ ਦੇ ਹੋ

ਭਾਬੀਆਂ ਦੀ ਆਜਜ਼ੀ

ਭੱਰਜਾਈਆਂ ਆਖਿਆ ਰਾਂਝਿਆ ਵੇ ਅਸੀਂ ਬਾਂਦੀਆਂ ਤੇਰੀਆਂ ਹੁੰਨੀਆਂ ਹਾਂ
ਨਾਮ ਲੈਨਾ ਏਂ ਜਦੋਂ ਤੂੰ ਜਾਵਣੇ ਦਾ ਅਸੀਂ ਹੰਝੜੂ ਰੱਤਦੀਆਂ ਰੁੰਨੀਆਂ ਹਾਂ
ਜਾਨ ਵਿੱਚ ਉਲਾਂਭਿਆਂ ਆ ਗਈ ਤੇਰੇ ਦਰਦ ਫ਼ਿਰਾਕ ਚਾ ਭੁੰਨੀਆਂ ਹਾਂ
ਜਾਨ ਮਾਲ ਕੁਰਬਾਨ ਹੈ ਤੁੱਧ ਉੱਤੋਂ ਅਤੇ ਆਪ ਵੀ ਚੌਖਨੇ ਹੁੰਨੀਆਂ ਹਾਂ
ਸਾਨੂੰ ਸਬਰ ਕਰਾਰ ਅਰਾਮ ਨਾਹੀਂ ਜਿੱਸ ਵੇਲੜੇ ਤੈਥੋਂ ਵਛੁੰਨੀਆਂ ਹਾਂ
ਵਾਰਸ ਸ਼ਾਹ ਕਹਿਆ ਮੰਨ ਲਵੀਂ ਦੇਵਰ ਅਸੀਂ ਸੱਭ ਮੁਰਾਦ ਲੈ ਪੁੰਨੀਆਂ ਹਾਂ

ਭਾਬੀਆਂ ਨੂੰ ਰਾਂਝੇ ਦਾ ਜਵਾਬ

ਭਾਬੀ ਰਿਜਕ ਉਦਾਸ ਜਾਂ ਹੋ ਟੁਰਿਆ ਹੁਣ ਕਾਸਨੂੰ ਘੇਰ ਕੇ ਠਗਦੀਆਂ ਹੋ
ਪਹਿਲੇ ਸਾੜਕੇ ਜੀਉ ਨਿਮਾਨੜੇ ਨੂੰ ਪਿਛੇ ਆ ਮਲ੍ਹਮ ਲਾਵਨ ਲਗਦੀਆਂ ਹੋ
ਭਾਈ ਸਾਕ ਸਨ ਸੋ ਵੱਖ ਜੁਦਾ ਕੀਤੇ ਤੁਸੀਂ ਸਾਕ ਕੀ ਸਾਡੀਆਂ ਲਗਦੀਆਂ ਹੋ
ਅਸੀਂ ਵਾਂਗ ਸਵਾਹ ਦੇ ਹੋ ਰਹੇ ਤੁਸੀਂ ਕੋਲਿਆਂ ਦੇ ਵਾਂਗ ਦਗਦੀਆਂ ਹੋ
ਅਸੀਂ ਕੋਝੜੇ ਰੂਪ ਕਰੂਪ ਵਾਲੇ ਤੁਸੀਂ ਜੋਬਨੇ ਦੀ ਨੈਂ ਵਗਦੀਆਂ ਹੋ
ਅਸੀਂ ਆਬ ਤੇ ਤੁਆਮ ਹਰਾਮ ਕੀਤਾ ਤੁਸੀਂ ਠਗਨੀਆਂ ਹੀ ਸਾਰੇ ਜਗਦੀਆਂ ਹੋ
ਖੁਰੀ ਮੱਤ ਦੀ ਗੱਲ ਖਲ੍ਹਾਰ ਕੇ ਤੇ ਫੇਰ ਫੂਸੀਆਂ ਮਾਰ ਕੇ ਠਗਦੀਆਂ ਹੋ
ਵਿੱਚ ਸ਼ਰ੍ਹਾ ਨਾ ਅਕਲ ਨਾ ਕੋਲ ਤੁਸਾਂ ਕਾਜੀ ਮੁਫ਼ਤੀਆਂ ਨਾਲ ਕ੍ਯੋਂ ਝਗਦੀਆਂ ਹੋ
ਅਸੀਂ ਨੱਸ ਆਏ ਤੁਸੀਂ ਮਗਰ ਪਈਆਂ ਪਿਛਾ ਛਡਦੀਆਂ ਮੂਲ ਨਾ ਨਸਦੀਆਂ ਹੋ
ਵਾਰਸਸ਼ਾਹ ਅਕੱਲੜੇ ਕੀ ਕਰਨਾ ਤੁਸੀਂ ਸੱਤੇ ਇਕੱਠੀਆਂ ਵਗਦੀਆਂ ਹੋ

ਰਾਂਝੇ ਨੇ ਭਾਈਆਂ ਪਾਸੋਂ ਰਵਾਨਾ ਹੋਣਾ

ਵਾਹ ਲਾ ਰਹੇ ਭਾਈ ਭਾਬੀਆਂ ਭੀ ਰਾਂਝਾ ਰੁੱਸ ਹਜ਼ਾਰਿਓਂ ਧਾਇਆ ਈ
ਭੁੱਖ ਨੰਗ ਨੂੰ ਝਾਗਕੇ ਪੰਧ ਕਰਕੇ ਰਾਤੀਂ ਵਿੱਚ ਮਸੀਤ ਦੇ ਆਇਆ ਈ