ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੬)

ਵਾਰਸਸ਼ਾਹ ਇਹ ਜੱਟ ਨੀ ਸਭ ਖੋਟੇ ਵੱਡੇ ਠੱਗ ਇਹ ਜੱਟ ਝਨਾਉਂਦੇ ਨੇ

ਕਲਾਮ ਸ਼ਾਇਰ

ਡੋਗਰ ਜੱਟ ਈਮਾਨ ਨੂੰ ਵੇਚ ਖਾਂਦੇ ਸੰਨ੍ਹਾਂ ਮਾਰਦੇ ਤੇ ਪਾ ਲਾਉਂਦੇ ਨੇ
ਤਰਕ ਕੌਲ ਹਦੀਸ ਦੀ ਨਿੱਤ ਕਰਦੇ ਚੋਰੀ ਯਾਰੀ ਬਿਆਜ ਕਮਾਉਂਦੇ ਨੇ
ਜਿਹੇ ਆਪ ਹੋਵਣ ਤੇਹੀਆਂ ਔਰਤਾਂ ਨੀ ਬੇਟੇ ਬੇਟੀਆਂ ਚੋਰੀਆਂ ਲਾਉਂਦੇ ਨੇ
ਜਿਹੜਾ ਚੋਰ ਤੇ ਰਾਹਜ਼ਨ ਹੋਇ ਕੋਈ ਉਹਦੀ ਬੜੀ ਤਾਰੀਫ਼ ਸੁਣਾਉਂਦੇ ਨੇ
ਮੂੰਹੋ ਆਖ ਕੁੜਮਾਈਆਂ ਖੋਹ ਲੈਂਦੇ ਦੇਕੇ ਮੌਤ ਤੇ ਰੱਬ ਭੁਲਾਉਂਦੇ ਨੇ
ਜਿਹੜਾ ਪੜ੍ਹੇ ਨਮਾਜ਼ ਹਲਾਲ ਖਾਵੇ ਉਹਨੂੰ ਸੋਹਣਾ ਮੁੱਤਕਾ ਲਾਉਂਦੇ ਨੇ
ਵਿਚ ਜੱਗ ਦੇ ਉਹ ਖਵਾਰ ਹੁੰਦੇ ਜੇੜ੍ਹੇ ਧੀਆਂ ਤੋਂ ਰਿਜ਼ਕ ਲੈ ਖਾਉਂਦੇ ਨੇ
ਵਾਰਸਸ਼ਾਹ ਮੀਆਂ ਦੋ ਦੋ ਖਸਮ ਦੇਂਦੇ ਨਾਲ ਬੇਟੀਆਂ ਵੈਰ ਕਮਾਉਂਦੇ ਨੇ

ਹੀਰ ਤੇ ਸੈਦੇ ਦਾ ਫਾਨਾ

ਜਦੋਂ ਗਾਨੜੇ ਦੇ ਦਿਨ ਪੁਜ ਗਏ ਲਸੀ ਮੁੰਦਰੀ ਖੇਡਣੇ ਆਈਆਂ ਨੇ
ਪਈ ਧੁੰਮ-ਕਹਾ ਅਜ ਗਾਨੜੇ ਦੀ ਫਿਰਨ ਖੁਸ਼ੀ ਦੇ ਨਾਲ ਸਵਾਈਆਂ ਨੇ
ਹੋਯਾ ਸੱਦਾ ਆਵਾਜ਼ ਜਟੇਟੀਆਂ ਨੂੰ ਕੁੜੀਆਂ ਹੁੰਮ ਹੁਮਾ ਕੇ ਆਈਆਂ ਨੇ
ਮੋਤੀ ਬਰਗ ਗੁਲਾਬ ਰਵੇਲ ਚੰਬਾ ਸਿਰੀਂ ਅਤਰ ਫੁਲੇਲ ਮਲ ਆਈਆਂ ਨੇ
ਇਕਨਾਂ ਜਾਫਲ ਲੌਂਗ ਕਚੂਰ ਪਾਏ ਇਕ ਘੱਤ ਛਲੀਛੜੇ ਨਾਈਆਂ ਨੇ
ਨਵਾਂ ਵਕਤ ਵਿਆਹ ਦਾ ਸੱਜਰਾ ਸੀ ਖੁਸ਼ਬੋਈਆਂ ਜ਼ੋਸ਼ ਖਿੰਡਾਈਆਂ ਨੇ
ਛੁਟੀ ਆ ਖੁਸ਼ਬੂ ਬਹਾਰ ਦੀ ਜੀ ਰੰਗੋ ਰੰਗ ਦੇ ਮੁਸ਼ਕ ਸੁਹਾਈਆਂ ਨੇ
ਗਈਆਂ ਮਹਿਕ ਹਵੇਲੀਆਂ ਸਾਰੀਆਂ ਨੇ ਸ਼ਾਲਾਮਾਰ ਦਾ ਬਾਗ਼ ਹੋ ਆਈਆਂ ਨੇ
ਬਲਣ ਵਾਂਗ ਮਸਾਲ ਦੀਵਾਰ ਉੱਤੇ ਜਿਉਂ ਚਰਾਗੀਆਂ ਬਾਲ ਟਕਾਈਆਂ ਨੇ
ਮਾਰਨ ਹੁਸਨ ਦੀ ਬੋਅ ਦੋ ਚੰਦ ਹੋ ਕੇ ਖਿੰਥਾ ਧੋਬੀਆਂ ਖੁੰਬ ਚੜ੍ਹਾਈਆਂ ਨੇ
ਕੀ ਕੁਝ ਕਰਾਂ ਤਾਰੀਫ ਜਟੇਟੀਆਂ ਦੀ ਜਿਉਂ ਖਰਾਦੀਆਂ ਡਬੀਆਂ ਲਾਈਆਂ ਨੇ
ਨਹੀਂ ਖੁਸ਼ੀ ਜਹਾਨ ਦੀ ਹੋਰ ਕੋਈ ਵਹੁਟੀ ਗੱਭਰੂ ਨਾਲ ਖਿਡਾਈਆਂ ਨੇ
ਸੂਬੇਦਾਰ ਜਿਉਂ ਵਾਂਗ ਲਾਹੌਰ ਦੇ ਜੀ ਸੈਦੇ ਇਹ ਫੌਜਦਾਰੀਆਂ ਪਾਈਆਂ ਨੇ
ਸੈਦਾ ਲਾਲ ਪੀੜ੍ਹੇ ਉਤੇ ਆਣ ਬੈਠਾ ਕੁੜੀਆਂ ਵਹੁਟੜੀ ਪਾਸ ਬਹਾਈਆਂ ਨੇ
ਵਿੱਚ ਹੀਰ ਨੂੰ ਘੇਰ ਲੈ ਬੈਠੀਆਂ ਨੇ ਅਗੇ ਚਾ ਪਰਾਤ ਧਰਾਈਆਂ ਨੇ
ਲਸੀ ਵਿੱਚ ਚਾ ਪਾਂਦੀਆਂ ਮੁੰਦਰੀ ਨੂੰ ਹੱਥ ਮਾਰਦੀਆਂ ਨਾਲ ਅਦਾਈਆਂ ਨੇ
ਹਥੋਂ ਵਹੁਟੀਆਂ ਸ਼ੌਕ ਵਧੀਕ ਹੋਵਣ ਹੀਰ ਕਰੇ ਨਾ ਮੂਲ ਅਦਾਈਆਂ ਨੇ
ਸਗੋਂ ਸੈਦੇ ਨੂੰ ਵੇਖ ਰੰਜੂਰ ਹੋਈ ਮੱਝਾਂ ਬਝੀਆਂ ਪਾਸ ਕਸਾਈਆਂ ਨੇ