ਪੰਨਾ:ਹੀਰ ਵਾਰਸਸ਼ਾਹ.pdf/122

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੨)

ਵਾਰਸਸ਼ਾਹ ਜੋ ਗਏ ਸੋ ਨਹੀਂ ਮੁੜਦੇ ਲੋਕ ਅਸਾਂ ਤੋਂ ਆਉਣਾ ਭਾਲ ਦੇ ਨੇ

ਤਥਾ

ਗਈ ਉਮਰ ਤੇ ਵਕਤ ਫਿਰ ਨਹੀਂ ਮੁੜਦੇ ਗਏ ਕਰਮ ਤੇ ਭਾਗ ਨਾ ਆਉਂਦੇ ਨੇ
ਗਈ ਲਹਿਰ ਸਮੁੰਦਰੋਂ ਤੀਰ ਛੁੱਟਾ ਗਏ ਮਜ਼ੇ ਤੇ ਮਜ਼ੇ ਨਾ ਆਉਂਦੇ ਨੇ
ਗਈ ਗੱਲ ਜ਼ਬਾਨ ਥੀਂ ਨਹੀਂ ਮੁੜਦੀ ਗਏ ਰੂਹ ਕਲਬੂਤ ਨਾ ਆਉਂਦੇ ਨੇ
ਗਈ ਜਾਨ ਜਹਾਨ ਥੀ ਛੱਡ ਜੁੱਸਾ ਕਈ ਹੋਰ ਸਿਆਣੇ ਫਰਮਾਉਂਦੇ ਨੇ
ਮੁੜ ਇਤਨੇ ਫੇਰ ਜੇ ਆਉਂਦੇ ਨੇ ਰਾਂਝੇ ਯਾਰ ਹੋਰੀਂ ਮੁੜ ਆਉਂਦੇ ਨੇ
ਅਗੇ ਵਾਹੀਓਂ ਚਾ ਗਵਾਇਓ ਨੇ ਹੁਣ ਇਸ਼ਕ ਥੀ ਚਾ ਗੁਆਉਂਦੇ ਨੇ
ਰਾਂਝੇ ਯਾਰ ਹੋਰਾਂ ਇਹੋ ਥਾਪ ਛੱਡੀ ਕਿਤੇ ਜਾਕੇ ਕੰਨ ਪੜਵਾਉਂਦੇ ਨੇ
ਇਕੇ ਆਪਣੀ ਜਿੰਦ ਗਵਾਉਂਦੇ ਨੇ ਇਕੇ ਹੀਰ ਜਟੀ ਬੰਨ੍ਹ ਲਿਆਉਂਦੇ ਨੇ
ਭਾਬੀ ਵੱਸ ਨਾਹੀਂ ਹੁਣ ਕੁਝ ਮੇਰੇ ਲੋਕ ਤੁਸਾਂ ਨੂੰ ਨਹੀਂ ਸਮਝਾਉਂਦੇ ਨੇ
ਇਹ ਜੱਟ ਦੀ ਜ਼ਾਤ ਹੈ ਵਡੀ ਖੋਚਰ ਕੋਈ ਜੋਗ ਦਾ ਸਾਂਗ ਬਣਾਉਂਦੇ ਨੇ
ਵੇਖੋ ਜੱਟ ਹੁਣ ਫੰਦ ਚਲਾਉਂਦੇ ਨੇ ਬਣ ਚੇਲੜੇ ਘੋਨ ਹੋ ਆਉਂਦੇ ਨੇ
ਵਾਰਸਸ਼ਾਹ ਮੀਆਂ ਸਾਨੂੰ ਕੌਣ ਸੱਦੇ ਭਾਈ ਭਾਬੀਆਂ ਹੁਨਰ ਚਲਾਉਂਦੇ ਨੇ

ਰਾਂਝੇ ਨੇ ਭਰਜਾਈਆਂ ਵਲ ਖਤ ਲਿਖਣਾ

ਖੱਤ ਲਿਖਕੇ ਰਾਂਝੇ ਨੇ ਹੱਥ ਦਿਤਾ ਮੂੰਹੋਂ ਬੋਲਿਆ ਬਹੁਤ ਸਲਾਮ ਕਰਨਾ
ਦਾਣੇ ਪਾਣੀ ਦੇ ਵਸ ਨਾ ਵਸ ਮੇਰੇ ਜੋ ਕੁਝ ਲੇਖ ਲਿਖਿਆ ਸੋਈ ਪਿਆਂ ਭਰਨਾ
ਯਾਰੋ ਰਿਜ਼ਕ ਜਾਂ ਹੋ ਉਦਾਸ ਟੁਰਿਆ ਚਾਰਾ ਕੁਝ ਨਾ ਚਲਦਾ ਮੋੜ ਧਰਨਾ
ਭਾਬੀ ਵੱਸ ਤੋਂ ਗਲ ਬੇਵੱਸ ਹੋਈ ਸਾਨੂੰ ਪਿਆ ਹੈ ਇਸ਼ਕ ਦਰਿਆ ਤਰਨਾ
ਸੁਣ ਭਾਬੀਆਂ ਖੱਤ ਖਾਮੋਸ਼ ਹੋਈਆਂ ਕਹਿਆ ਭਾਬੀਆਂ ਅਖਾਂ ਨਾ ਮੂਲ ਮੁੜਨਾ
ਰੱਬ ਮੇਲਸੀ ਤਦੋਂ ਓਹ ਆਣ ਮਿਲਸੀ ਵਾਰਸਸ਼ਾਹ ਹੋਰਾਂ ਹੁਣ ਸਬਰ ਕਰਨਾ

ਖੇੜਿਆਂ ਦੀ ਸਲਾਹ

ਮਸਲਤ ਹੀਰ ਦਿਆਂ ਸਹੁਰਿਆਂ ਇਹ ਕੀਤੀ ਮੁੜ ਪੇਕੜੇ ਇਹ ਨਾ ਘੱਲਣੀ ਜੇ
ਮੱਤ ਚਾਕ ਮੁੜ ਚੰਬੜੇ ਵਿੱਚ ਸਿਆਲਾਂ ਇਹ ਗੱਲ ਕੁਸਾਕ ਦੀ ਹੱਲਣੀ ਜੇ
ਮਾਂ ਬਾਪ ਦੇ ਕਹੈ ਨਾ ਇਹ ਲਗੀ ਮੋਹਰੀ ਫ਼ੌਜਾਂ ਦੀ ਦਲਾਂ ਦੀ ਦੱਲਣੀ ਜੇ
ਕਦੋਂ ਸਹੁਰਿਆਂ ਦੇ ਹੁਕਮ ਵਿੱਚ ਚਲੇ ਇਹ ਤਾਂ ਮੁਢ ਦੀ ਲੱਲ ਵਲੱਲਣੀ ਜੇ
ਜ਼ਾਤ ਰੰਨਾਂ ਦੀ ਬੇਵਫ਼ਾ ਹੁੰਦੀ ਜਾ ਪੇਈਅੜੇ ਘਰੀਂ ਇਹ ਮੱਲਣੀ ਜੇ
ਵਾਰਸਸ਼ਾਹ ਦੇ ਨਾਲ ਨਾ ਮਿਲਣ ਦੇਣੀ ਇਹ ਗਲ ਨਾ ਕਿਸੇ ਉਥੱਲਣੀ ਜੇ

ਹੀਰ ਦਾ ਫਿਰਾਕ

ਹੀਰ ਸਾਹੁਰੇ ਘਰ ਵਿੱਚ ਕੈਦ ਹੋਈ ਸੌਂਦੀ ਰਹਿੰਦੀ ਤੁਆਮ ਨਾਂ ਖਾਂਦੜੀ ਏ