ਭਲਾ ਚਾਹੇਂ ਨਾ ਚਾਕ ਬਣਾ ਸਾਨੂੰ ਅਸੀਂ ਫ਼ਕਰ ਹਾਂ ਜ਼ਾਹਰਾ ਪੀਰ ਮੀਆਂ
ਨਾਮ ਮਿਹਰੀਆਂ ਦੇ ਸਾਨੂੰ ਡਰਨ ਆਵੇ ਰਾਂਝਾ ਕੌਣ ਤੇ ਕਿਹੜੀ ਹੀਰ ਮੀਆਂ
ਜਤੀ ਸਤੀ ਹਾਂ ਨਾਥ ਦੇ ਜੋਗ ਪੂਰੇ ਸੱਤ ਪੀੜ੍ਹੀਏ ਜਨਮ ਫ਼ਕੀਰ ਮੀਆਂ
ਜੱਟ ਚਾਕ ਬਣਾਏਂ ਤੂੰ ਜੋਗੀਆਂ ਨੂੰ ਇਹਾ ਜੀਉ ਆਵੇ ਸਿਟੂੰ ਚੀਰ ਮੀਆਂ
ਥਰ ਥਰ ਕੰਬੇ ਗੁੱਸੇ ਨਾਲ ਜੋਗੀ ਅੱਖੀਂ ਰੋਹ ਪਲੱਟਿਆ ਨੀਰ ਮੀਆਂ
ਨੌਵੇਂ ਨਾਥ ਚੁਰਾਸੀ ਨੇ ਸਿਧ ਜਿਹੜੇ ਹਮੀਂ ਉਨ੍ਹਾਂ ਦੇ ਨਾਲ ਵਜ਼ੀਰ ਮੀਆਂ
ਹੱਥ ਜੋੜ ਅਯਾਲੀ ਨੇ ਪੈਰ ਪਕੜੇ ਜੋਗੀ ਬਖਸ਼ ਲੈ ਇਹ ਤਕਸੀਰ ਮੀਆਂ
ਮੈਂ ਤਾਂ ਫੇਰ ਨਾ ਛੇੜਸਾਂ ਜੋਗੀਆਂ ਨੂੰ ਮੇਰੀ ਨੱਕ ਦੇ ਨਾਲ ਲਕੀਰ ਮੀਆਂ
ਤੁਸੀਂ ਪਾਰ ਸਮੁੰਦਰੋਂ ਰਹਿਣ ਵਾਲੇ ਭੁੱਲ ਗਿਆ ਚੇਲਾ ਬਖਸ਼ ਪੀਰ ਮੀਆਂ
ਸ਼ਕਲ ਚਾਕ ਦੀ ਹੈਗੀ ਸੀ ਤੇਰੇ ਜੇਹੀ ਤੇ ਸਰੀਰਾਂ ਜਹੇ ਹੋਣ ਸਰੀਰ ਮੀਆਂ
ਵਾਰਸਸ਼ਾਹ ਦੀ ਅਰਜ਼ ਜਨਾਬ ਅੰਦਰ ਹੁਣ ਹੋ ਨਾਹੀਂ ਦਿਲਗੀਰ ਮੀਆਂ
ਕਲਾਮ ਅਯਾਲੀ ਆਜਜ਼ੀ ਨਾਲ
ਪਾਲੀ ਅਰਜ਼ ਕੀਤੀ ਹੱਥ ਬੰਨ੍ਹ ਕੇ ਜੀ ਕਿੱਸੇ ਸੁਣੋ ਹਕੀਕਤਾਂ ਸਾਰੀਆਂ ਦੇ
ਭਤੇ ਬੇਲਿਆਂ ਵਿਚ ਲੈ ਜਾਏ ਜੱਟੀ ਪੀਂਘਾਂ ਪੀਂਘਦੀ ਨਾਲ ਪਿਆਰਿਆਂ ਦੇ
ਇਹ ਪ੍ਰੇਮ ਪਿਆਲੜਾ ਛੱਕਿਓ ਈ ਨੈਣ ਮਸਤ ਸਨ ਨਾਲ ਖ਼ੁਮਾਰੀਆਂ ਦੇ
ਵਾਹੇ ਵੰਝਲੀ ਤੇ ਫਿਰੇ ਮਗਰ ਲੱਗੀ ਸਾਂਝ ਘਿੰਨਕੇ ਨਾਲ ਕੁਆਰੀਆਂ ਦੇ
ਜਦੋਂ ਵਿਆਹ ਹੋਯਾ ਤਦੋਂ ਵਿਹੜ ਬੈਠੀ ਡੋਲੀ ਚਾੜ੍ਹਿਆ ਨਾਲ ਖੁਆਰੀਆਂ ਦੇ
ਧਾਰਾਂ ਖਾਂਗੜਾਂ ਦੀਆਂ ਝੋਕਾਂ ਹਾਥੀਆਂ ਦੀਆਂ ਮਜ਼ੇ ਯਾਰੀਆਂ ਘੋਲ ਕਵਾਰੀਆਂ ਦੇ
ਮੇਸਾ ਨੀਂਗਰਾਂ ਦੀਆਂ ਲਾਡ ਨਢੀਆਂ ਦੇ ਪੁਛੋ ਹਾਲ ਨਾ ਇਸ਼ਕ ਵਿਚ ਮਾਰੀਆਂ ਦੇ
ਜੱਟੀ ਵਿਆਹ ਦਿੱਤੀ ਰਿਹਾ ਨੱਢੜਾ ਤੂੰ ਸੂੰਞੇ ਸਖਣੇ ਟੋਂਕ ਪਟਾਰੀਆਂ ਦੇ
ਖੇਡਣ ਵਾਲੀਆਂ ਸਹੁਰੇ ਬੰਨ੍ਹ ਖੜੀਆਂ ਰੁਲਣ ਗੁੱਡੀਆਂ ਹੇਠ ਬੁਖਾਰੀਆਂ ਦੇ
ਰਾਂਝਾ ਵਾਂਗ ਈਮਾਨ ਸ਼ਰਾਬੀਆਂ ਦੇ ਅੰਤ ਫਿਰਦਾ ਏ ਵਾਂਗ ਵਗਾਰੀਆਂ ਦੇ
ਕੀਕੂੰ ਹੋਣ ਜੁਦਾ ਮਾਸ਼ੂਕ ਪਿਆਰੇ ਆਸ਼ਕ ਹੈਣ ਭੋਛਨ ਫੁੱਲਕਾਰੀਆਂ ਦੇ
ਨਾਲੇ ਕਰਨ ਵਜ਼ੀਫਾ ਜਹਾਨ ਠੱਗਣ ਫੰਧ ਫੱਬਦੇ ਨਹੀਂ ਛਲ੍ਹਿਆਰੀਆਂ ਦੇ
ਨਿਕੀਆਂ ਛੋਹਰਾਂ ਨੇ ਤਿੰਨ੍ਹਾਂ ਪਿਆਰ ਆਵਣਦਾ ਲਗਦੇ ਨਹੀਂ ਮੁਟਿਆਰੀਆਂ ਦੇ
ਦੰਦ ਭੰਨੀਆਂ ਡਾਇਣਾਂ ਵਾਂਗ ਬੱਧੇ ਤਾਣ ਚਲਦੇ ਨਹੀਂ ਵਚਾਰੀਆਂ ਦੇ
ਮੌਲੀ ਮਹਿੰਦੀਆਂ ਦੇ ਜਦੋਂ ਖੇਤ ਸਾਰੇ ਲੁੱਟ ਲਏ ਨੀ ਹੱਟ ਪਸਾਰੀਆਂ ਦੇ
ਚੂੜੇ ਗਰਨੀਆਂ ਕਰਨ ਪਿਆਰ ਬਹੁਤੇ ਜਿਥੇ ਬਾਲ ਵੇਖਣ ਚੈਂਚਲਹਾਰੀਆਂ ਦੇ