ਪੰਨਾ:ਹੀਰ ਵਾਰਸਸ਼ਾਹ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੱਖ ਸਿਰੀਂ ਅਵੱਲ ਸਵੱਲ ਆਵਣ ਯਾਰ ਯਾਰਾਂ ਤੋਂ ਮੂਲ ਨਾ ਭੱਜ ਦੇ ਨੇ
ਭੀੜਾਂ ਪੈਂਦੀਆਂ ਮਰਦ ਵੰਡਾ ਲੈਂਦੇ ਪਰਦੇ ਆਸ਼ਕਾਂ ਦੇ ਮਰਦ ਕੱਜ ਦੇ ਨੇ
ਦਾਅ ਚੋਰ ਤੇ ਯਾਰ ਦਾ ਇੱਕ ਸਾਇਤ ਨਹੀਂ ਵੱਸਦੇ ਮੀਂਹ ਜੋ ਗੱਜ ਦੇ ਨੇ
ਫ਼ਕਰਹਾਲ ਅੰਦ੍ਰ ਜ਼ਾਹਦ ਜ਼ੋਹਦ ਅੰਦ੍ਰ ਆਲਮ ਇਲਮ ਦੇ ਬਾਝ ਨਾ ਚੱਜ ਦੇ ਨੇ
ਵਾਰਸ ਯਾਰ ਦੇ ਪਾਕ ਦੀਦਾਰ ਪਿੱਛੇ ਆਸ਼ਕ ਵੇਖ ਲੈ ਜਾਨ ਨੂੰ ਤੱਜ ਦੇ ਨੇ

ਕਲਾਮ ਅਯਾਲ

ਅਯਾਲੀ ਆਖਿਆ ਫੇਰ ਰੰਝੇਟੜੇ ਨੂੰ ਨਗਰ ਖੇੜਿਆਂ ਦੇ ਜੋਗੀ ਵੜਨ ਲੱਗੋਂ
ਜਾਗੇ ਭਾਗ ਤੇਰੇ ਮੀਆਂ ਰਾਂਝਿਆ ਓਏ ਤਖ਼ਤ ਅਕਬਰੀ ਦੇ ਉੱਤੇ ਚੜ੍ਹਨ ਲੱਗੋਂ
ਆ ਤਖ਼ਤ ਹਜ਼ਾਰੇ ਦਿਆ ਗਿੱਦੜਾਓਏ ਸ਼ੀਹਣੀ ਝੰਗ ਸਿਆਲ ਦੀ ਘੜਨ ਲੱਗੇ
ਬੱਦਲ ਕਹਿਰ ਕਲੂਰ ਦੇ ਵਾਂਗ ਚੜ੍ਹਿਓਂ ਜੂਹ ਖੇੜਿਆਂ ਦੀ ਗੜ੍ਹਾ ਵਰ੍ਹਨ ਲੱਗੋਂ
ਸੂਰਤ ਰੱਬ ਦੀ ਨੂਰ ਜਮਾਲ ਤੇਰਾ ਕਾਲਾ ਮੂੰਹ ਸ਼ੈਤਾਨ ਦਾ ਕਰਨ ਲੱਗੋਂ
ਆਖੇ ਲੱਗ ਅਬਲੀਸ ਦੇ ਵਾਂਗ ਆਦਮ ਜਾਣ ਬੁੱਝ ਤਕਸੀਰ ਨੂੰ ਤੜਨ ਲੱਗੋਂ
ਇਬਰਾਹੀਮ ਦੀਆਂ ਸੁੰਨਤਾਂ ਜਾਣਕੇ ਤੇ ਕਿਉਂ ਚਿਖਾ ਨਮਰੂਦ ਦੀ ਚੜ੍ਹਨ ਲੱਗੋਂ
ਮੂਸਾ ਵਾਂਗ ਮਿਸਾਲ ਹੈ ਸ਼ਕਲ ਤੇਰੀ ਆਪੇ ਕੰਮ ਫਿਰਔਨ ਦਾ ਕਰਨ ਲੱਗੋਂ
ਯੂਸਫ ਵਾਂਗ ਹੋਵੇ ਤੇਰਾ ਰੱਬ ਹਾਫ਼ਜ਼ ਢਿੱਡ ਧੱਮਰੇ ਦੇ ਵਿਚ ਤੜਨ ਲੱਗੋਂ
ਜੱਟੀ ਹੀਰ ਦਾ ਯਾਰ ਫਕੀਰ ਬਣਕੇ ਸੱਤਾਂ ਪੀੜ੍ਹੀਆਂ ਨੂੰ ਵਲੀ ਕਰਨ ਲੱਗੋਂ
ਲੂਮੜ ਤਖਤ ਹਜ਼ਾਰੇ ਦੀਆਂ ਝਾੜੀਆਂ ਦਾ ਐਥੇ ਖੁਤਨ ਵਾਲਾ ਬਣਨ ਹਰਨ ਲੱਗੋਂ
ਸੰਨਿਆਸ ਬੈਰਾਗ ਦੀ ਫ਼ੌਜ ਲੈਕੇ ਨਾਲ ਖੇੜਿਆਂ ਦੇ ਜੋਗੀ ਲੜਨ ਲੱਗੋਂ
ਪਿਆ ਇੱਕ ਇਕੱਲੜਾ ਮਾਰੀਏਗਾ ਅਗੇ ਵਾਹਰਾਂ ਦੇ ਕਿਥੋਂ ਅੜਨ ਲੱਗੋਂ
ਅਗੇ ਪਾੜ ਸਿਆਲਾਂ ਦੇ ਪਾੜਿਓ ਨੀ ਹੁਣ ਖੇੜਿਆਂ ਤੇ ਕਾਰਾ ਕਰਨ ਲੱਗੋਂ
ਰਸਾ ਪੀੜਕੇ ਮਿਠੜੀ ਜਾਨ ਸੰਦਾ ਘੁੱਟ ਲਹੂ ਦੇ ਦੋਸਤਾ ਭਰਨ ਲੱਗੋਂ
ਏਸ ਇਸ਼ਕ ਉਸਤਾਦ ਦੇ ਰੱਸ ਵਿੱਚੋਂ ਹੋਰ ਵਸਲ ਮਾਸ਼ੂਕ ਦਾ ਫੜਨ ਲੱਗੋਂ
ਦਫਤਰ ਆਸ਼ਕਾਂ ਵਿੱਚ ਰੰਝੇਟਿਆ ਓਏ ਨਾਵਾਂ ਮੋਹਰ ਪੈਗੰਬਰੀ ਚੜਨ ਲੱਗੋਂ
ਰੱਬ ਕਰੇ ਨਸੀਬ ਮੁਰਾਦ ਮਖਣ ਵਾਂਗ ਦੁੱਧ ਦੇ ਆਸ਼ਕਾ ਕੜ੍ਹਨ ਲੱਗੇ
ਅਸ਼ਕੇ ਬੇਲੀਆ ਓ ਤੇਰੇ ਹੌਂਸਲੇ ਨੂੰ ਜੀਂਦੀ ਜਿੰਦ ਨਾ ਮਰਨ ਤੋਂ ਡਰਨ ਲੱਗੋਂ
ਹੱਥੀਂ ਲਾਹਕੇ ਚੰਮ ਵਜੂਦ ਉਤੋਂ ਧੌਂਸਾ ਅਜ਼ਲ ਦਾ ਆਪ ਤੂੰ ਮੜ੍ਹਨ ਲੱਗੋਂ
ਖੱਲ ਇਸ਼ਕ ਦੀ ਫੂਕ ਰੰਝੇਟਿਆ ਓਏ ਸੋਨਾ ਪਾ ਕਲਬੂਤ ਦਾ ਘੜਨ ਲੱਗੋਂ
ਰੱਬ ਤੋੜ ਅਖੀਰ ਦੇ ਤੀਕ ਦੇਵੇ ਜਿਹੜੀ ਗੱਲ ਪਿਛੇ ਬੇਲੀ ਮਰਨ ਲੱਗੋਂ