ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/168

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੬)

ਜਿਹੜੀਆਂ ਬਾਲਕਾ ਕੰਨਿਆ ਛੋਹਰਾਂ ਸਨ ਰਾਂਝੇ ਸੱਦ ਕੇ ਪਾਸ ਬਹਾਈਆਂ ਨੇ
ਲਿਆਓ ਠੀਕਰਾਂ ਕੋਰੀਆਂ ਤੁਸੀਂ ਜਾਕੇ ਜੇੜ੍ਹੀਆਂ ਆਵੀਆਂ ਤੋਂ ਅੱਜ ਲਾਹੀਆਂ ਨੇ
ਰਾਂਝੇ ਆਖਿਆ ਉਨ੍ਹਾਂ ਨਾ ਉਜ਼ਰ ਕੀਤਾ ਪਾਸ ਆਇਕੇ ਢੇਰੀਆਂ ਲਾਈਆਂ ਨੇ
ਕੋਲਾ ਕਲਮ ਦਵਾਤ ਬਣਾਇਕੇ ਤੇ ਲੀਕਾਂ ਖਿੱਚ ਕੇ ਹੱਥ ਫੜਾਈਆਂ ਨੇ
ਕਿਸੇ ਆਖਦਾ ਗਲ੍ਹਾਂ ਦੇ ਵਿੱਚ ਰਖੋ ਕਿਸੇ ਲੱਕ ਦੇ ਨਾਲ ਬੰਨ੍ਹਾਈਆਂ ਨੇ
ਕਿਸੇ ਆਖਦਾ ਕੋਠੇ ਦੇ ਵਿੱਚ ਨਪੋ ਕਿਸੇ ਵਿੱਚ ਬਰੂੰਹ ਦਬਾਈਆਂ ਨੇ
ਸੱਸ ਸੌਹਰਾ ਤੇ ਦਿਉਰ ਮੁਰੀਦ ਹੋਵੇ ਨਣਦ ਖਾਵੰਦ ਸਭ ਝੁਕਾਈਆਂ ਨੇ
ਕਿਸੇ ਆਖਦਾ ਤੂੰ ਖਾਤਰ ਜਮਾਂ ਰਖੀਂ ਤੇਰੀਆਂ ਰੱਬ ਨੇ ਪੂਰੀਆਂ ਪਾਈਆਂ ਨੇ
ਰੱਬ ਮੇਲਸੀ ਚਿਰੀਂ ਵਿਛੁੰਨਿਆਂ ਨੂੰ ਮੂੰਹੋਂ ਕਰਨ ਫ਼ਕੀਰ ਦੁਆਈਆਂ ਨੇ
ਕਿਸੇ ਆਖਦਾ ਚਰਖੇ ਦੇ ਨਾਲ ਬੰਨ੍ਹੋ ਦੇ ਕੇ ਪੁੱਠੀਆਂ ਸੱਤ ਭਵਾਈਆਂ ਨੇ
ਵਾਰਸਸ਼ਾਹ ਫ਼ਕੀਰ ਨੇ ਸਭ ਰੰਨਾਂ ਢੰਗ ਕਰ ਕੇ ਮਗਰੇ ਲਾਈਆਂ ਨੇ

ਰਾਂਝੇ ਨੇ ਮੁੰਡਿਆਂ ਕੁੜੀਆਂ ਨੂੰ ਆਖਿਆ

ਮਾਹੀ ਮੁੰਡਿਓ ਘਰੀਂ ਨਾ ਜਾ ਕਹਿਣਾ ਜੋਗੀ ਮਸਤ ਕਮਲਾ ਇੱਕ ਆ ਵੜਿਆ
ਕੰਨੀ ਮੁੰਦਰਾਂ ਸੁੰਦਰਾਂ ਸੇਲ੍ਹੀਆਂ ਨੇ ਦਾਹੜੀ ਪਟੇ ਸਿਰ ਭਵਾਂ ਮੁਨਾ ਵੜਿਆ
ਦੱਮ ਦੱਮ ਖੜਾ ਗੁਰੂ ਨਾਮ ਜਪਦਾ ਮੱਥੇ ਜੋਗ ਦਾ ਤਿਲਕ ਲਗਾ ਵੜਿਆ
ਕੁੜੀਆਂ ਨਾਲ ਨਾ ਕਰਦਾ ਗੱਲ ਕਾਈ ਗਿਆਨ ਪੋਥੀਆਂ ਸਬਦ ਸੁਣਾ ਵੜਿਆ
ਕੁਦਰਤ ਨਾਲ ਫਿਰਦਾ ਕਿਵੇਂ ਜੰਗਲਾਂ ਥੀਂ ਏਥੇ ਭੁੱਲ ਭੁਲਾਵੜੇ ਆ ਵੜਿਆ
ਕਿਸੇ ਘਰੀਂ ਨਾ ਜਾਇਕੇ ਆਖਣਾ ਜੇ ਜੋਗੀ ਮਸਤ ਅਵਧੂਤ ਹੈ ਆ ਵੜਿਆ
ਦੱਮ ਦੱਮ ਦੇ ਨਾਲ ਓਹ ਜ਼ਿਕਰ ਕਰਦਾ ਪਾਕ ਰੱਬ ਦਾ ਨਾਂ ਧਯਾ ਵੜਿਆ
ਚੇਤਾ ਨਾਉਂ ਮੇਰਾ ਕੋਈ ਜਾਂ ਲਓ ਮੱਥੇ ਜੱਗ ਦਾ ਤਿਲਕ ਲਗਾ ਵੜਿਆ
ਹਰ ਵਕਤ ਖੜਾ ਕਰੇ ਵਿਰਦ ਉਸਦਾ ਇੱਕ ਰੱਬ ਦਾ ਨਾਮ ਧਿਆ ਵੜਿਆ
ਹਰ ਘੜੀ ਉਸ ਗੁਰੂ ਦਾ ਨਾਮ ਲੈਂਦਾ ਮਹਾਂਦੇਵ ਤੋਂ ਦੌਲਤਾਂ ਲਿਆ ਵੜਿਆ
ਜ਼ਿਕਰ ਕਰਦਾ ਏ ਬੈਠ ਕੇ ਹੋ ਗੋਸ਼ੇ ਕੇਹਾ ਮੋਹਣੀ ਨਾਲ ਅਦਾ ਵੜਿਆ
ਕਰੋ ਵਿਰਦ ਖੁਫੀਆ ਜਲੀਅਲੀ ਵਾਲਾ ਕਿਸੇ ਨਾਲ ਨਾ ਹਰਗਿਜ਼ ਉਠਾ ਵੜਿਆ
ਵਾਰਸ ਕੰਮ ਸੋਈ ਜਿਹੜੇ ਰੱਬ ਕਰਸੀ ਮੈਂ ਤਾਂ ਉਸ ਦਾ ਭੇਜਿਆ ਆ ਵੜਿਆ

ਕੁੜੀਆਂ ਨੇ ਘਰੋ ਘਰੀ ਆ ਕੇ ਆਪਣੀਆਂ ਮਾਵਾਂ ਨੂੰ ਜੋਗੀ ਦਾ ਹਾਲ ਦਸਣਾ

ਕੁੜੀਆਂ ਵੇਖ ਕੇ ਜੋਗੀ ਦੀ ਤਰ੍ਹਾਂ ਸਾਰੀ ਘਰੀਂ ਹਸਦੀਆਂ ਹਸਦੀਆਂ ਆਈਆਂ ਨੇ
ਮਾਏਂ ਇਕ ਜੋਗੇ ਸਾਡੇ ਨਰ ਆਯਾ ਕੰਨੀਂ ਓਸ ਨੇ ਮੁੰਦਰਾਂ ਪਾਈਆਂ ਨੇ