ਪੰਨਾ:ਹੀਰ ਵਾਰਸਸ਼ਾਹ.pdf/191

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੯)

ਗਲ ਹੋ ਚੁੱਕੀ ਫੇਰ ਛੇੜਨੀ ਏਂ ਹੋ ਸ਼ਾਖ ਨੂੰ ਮੋੜ ਕੀ ਵਾਹਨੀ ਏਂ
ਘਰ ਜਾਣ ਸਰਦਾਰਾਂ ਦਾ ਭੀਖ ਮਾਂਗੇ ਸਾਡਾ ਅਰਸ਼ ਦਾ ਕਿੰਗਰਾ ਢਾਹਨੀ ਏਂ
ਕਿਹਾ ਨਾਲ ਪਰਦੇਸੀਆਂ ਵੈਰ ਚਾਯੋ ਚੈਂਚਲ ਹਾਰੀਏ ਆਖ ਕੀ ਆਹਨੀ ਏਂ
ਰਾਹ ਜਾਂਦੜੇ ਫ਼ਕਰ ਖਹੇੜਨੀਏਂ ਢੱਗੀ ਵਾਹਰੀਏ ਸਾਹਨਾਂ ਨੂੰ ਡਾਹਨੀ ਏਂ
ਫੱਫੇ ਕੁੱਟਣੇ ਕੌਮ ਘੁਸਿਆਰੀਏ ਨੀ ਦਗ਼ੇ ਦਾਰੀਆਂ ਚੱਕੀਆਂ ਰਾਹਨੀ ਏਂਂ
ਕਹੀਆਂ ਕੂੜ ਕਹਾਣੀਆਂ ਮੇਲ ਕੇ ਤੇ ਏਸ ਖਲਕ ਨੂੰ ਪਈ ਵਸਾਹਨੀ ਏਂ
ਸੱਕੇ ਸਹੁਰਿਆਂ ਵੈਰ ਘਤਾਇਕੇ ਤੇ ਅਤੇ ਮਿਲਦੀਆਂ ਚਾ ਤਰਾਹਨੀ ਏਂ
ਘਰ ਪਰੀਅਰੇ ਧਰੋਹੀਆਂ ਫੇਰੀਆਂ ਨੇ ਆ ਨਹਿਰੀਏ ਸੰਗ ਕਿਉਂ ਡਾਹੁਨੀ ਏਂ
ਆਂ ਵਾਸਤਾ ਈ ਨੈਨਾਂ ਗੁੰਡਿਆਂ ਦਾ ਇਹ ਗਲ ਕਿਵੇਂ ਮਗਰੋਂ ਲਾਹੁਨੀ ਏਂ
ਜਾ ਸ਼ਿਕਾਰ ਦਰਯਾ ਵਿੱਚ ਖੇਡ ਮੋਈਏ ਕਿਹੀਆਂ ਮੂਤ ਵਿੱਚ ਮਛੀਆਂ ਫਾਹੁਨੀ ਏਂ
ਆ ਆਖਨਾ ਹਾਂ ਟੱਲ ਜਾਹ ਸਾਥੋਂ ਨਹੀਂ ਹੋਰ ਕੁਝ ਹੁਣੇ ਅਖਾਉਨੀ ਏਂ
ਵਾਰਸਸ਼ਾਹ ਫਕੀਰ ਨੂੰ ਛੇੜਨੀ ਏਂ ਅੱਖੀਂ ਨਾਲ ਕਿਉਂ ਖਖਰਾਂ ਲਾਹੁਨੀ ਏਂ

ਕਲਾਮ ਸਹਿਤੀ

ਅਨੀ ਸੁਣੋ ਭੈਣੋ ਕੋਈ ਜੱਟ ਜੋਗੀ ਵੱਡਾ ਜੂਠ ਭੈੜਾ ਕਿਸੇ ਗਾਉਂ ਦਾ ਨੀ
ਝਗੜੇਲ ਮਰਕਨਾਂ ਘੰਡ ਹੂਝਰ ਚਰਕੱਟਾ ਜਿਹਾ ਕਿਸੇ ਥਾਉਂ ਦਾ ਨੀ
ਪਰਦੇਸੀਆਂ ਦੀ ਨਹੀਂ ਡੌਲ ਦਿਸਦੀ ਇਹ ਤਾਂ ਵਾਕਫ ਹੈ ਹੀਰ ਦੇ ਨਾਉਂ ਦਾ ਨੀ
ਗੱਲ ਆਖਕੇ ਹੱਥਾਂ ਤੇ ਪਵੇ ਮੁੱਕਰ ਆਪ ਲਾਉਂਦਾ ਆਪ ਬੁਝਾਉਂਦਾ ਨੀ
ਹੁਣੇ ਭੰਨ ਖੱਪਰ ਤੋੜੇ ਸੇਲੀਆਂ ਨੂੰ ਨਾਲ ਜੱਟਾਂ ਦੀ ਜੂੜ ਖੁਹਾਉਂਦਾ ਨੀ
ਜੇ ਮੈਂ ਉੱਠ ਕੇ ਪਾਣ ਪਤ ਲਾਹ ਸੱਟਾਂ ਕੌਣ ਪੈਂਚ ਇਹ ਕਿਸ ਗਰਾਉਂਦਾ ਨੀ
ਇਕੇ ਡੂਮ ਮੋਚੀ ਆਏ ਢੱਡ ਕੰਜਰ ਇਕੇ ਚੂਹੜਾ ਕਿਸੇ ਸਰਾਉਂ ਦਾ ਨੀ
ਏਸ ਇਸ਼ਕ ਦਾ ਘਾਉ ਨਾਸੂਰ ਵਾਂਗੂੰ ਰਮਜ਼ ਇਸ਼ਕ ਦੀ ਨਾਲ ਮੁਰਝਾਉਂਦਾ ਨੀ
ਨਾਲ ਨਖਰਿਆਂ ਦੇ ਵੇਖੋ ਗੱਲ ਕਰਦਾ ਅੱਖੀਂ ਨਾਲ ਬੁਝਾਰਤਾਂ ਪਾਉਂਦਾ ਨੀ
ਰੰਨਾਂ ਨਾਲ ਸ਼ਰੀਕਨਾਂ ਵਾਂਗ ਸੌਂਕਣ ਕਲਾਂ ਸੁੱਤੀਆਂ ਫੇਰ ਜਗਾਉਂਦਾ ਨੀ
ਲੜੇ ਨਾਲ ਸਾਡੇ ਵਾਂਗ ਮਾਲਕਾਂ ਦੇ ਪਰਦੇਸ ਦੇ ਲਫ਼ਜ ਸੁਣਾਉਂਦਾ ਨੀ
ਵਾਰਸਸ਼ਾਹ ਮੀਆਂ ਵਾਹ ਲਾ ਰਹੀਆਂ ਇਹ ਤਾਂ ਝਗੜਿਓਂ ਬਾਜ ਨਾ ਆਉਂਦਾ ਨੀ

ਕਲਾਮ ਜੋਗੀ

ਪਕੜ ਢਾਲ ਤਲਵਾਰ ਕਿਉਂ ਗਿਰਦ ਹੋਈਏਂ ਮੱਥਾ ਮੁੁੰਨੀਏ ਕਰਮ ਅਭਾਗੀਏ ਨੀ
ਪੇਸ਼ਵਾ ਫਸਾਦ ਦੀ ਫੌਜ ਦੀ ਹੈਂ ਤੇ ਸ਼ੈਤਾਨ ਦੇ ਲੱਕ ਤੜਾਗੀਏ ਨੀ