ਪੰਨਾ:ਹੀਰ ਵਾਰਸਸ਼ਾਹ.pdf/203

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯੧)

ਸਸੀ ਨਾਲ ਜਿਉਂ ਪੁੰਨੂ ਨੇ ਇਸ਼ਕ ਕੀਤਾ ਖਬ੍ਰਾਂ ਹੋਈਆਂ ਜਹਾਨਤੇ ਸ਼ਾਹੀਆਂ ਦੀਆਂ
ਲੈਲਾ ਮਜ਼ਨੂੰ ਇਸ਼ਕ ਵਿੱਚ ਨਸ਼ਰ ਹੋਏ ਖਬਰਾਂ ਖਿੰਡੀਆਂ ਦਭ ਉਗਾਈਆਂ ਦੀਆਂ
ਇਹ ਇਸ਼ਕ ਨਾ ਜਾਣਦੇ ਚਾਕ ਚੋਬਰ ਖਬਰਾਂ ਜਾਣਦੇ ਰੋਟੀਆਂ ਢਾਈਆਂ ਦੀਆਂ
ਵਾਰਸਸ਼ਾਹ ਨਾ ਬੇਟੀਆਂ ਜਿਨ੍ਹਾਂ ਜਾਈਆਂ ਓਕੀ ਜਾਣਦੇ ਕਦਰ ਜਵਾਈਆਂ ਦੀਆਂ

ਕਲਾਮ ਜੋਗੀ

ਅਸੀਂ ਸਹਿਤੀਏ ਡਰੀਏ ਨਾ ਮੂਲ ਤੈਥੋਂ ਤਿੱਖੇ ਦੀਦੜੇ ਤੈਂਦੜੇ ਸਾਰ ਦੇ ਨੀ
ਹਾਥੀ ਨਹੀਂ ਤਸਵੀਰ ਦਾ ਕਿਲ੍ਹਾ ਢਾਹੇ ਸ਼ੇਰ ਫਵੀਆਂ ਤੋਂ ਨਹੀਂ ਹਾਰ ਦੇ ਨੀ
ਕਦੇ ਕਾਵਾਂ ਦੇ ਢੋਰ ਨਾ ਕਦੀ ਮੋਏ ਭੂੰਡ ਮੱਖੀਆਂ ਕਦੇ ਨਾ ਮਾਰ ਦੇ ਨੀ
ਨਾ ਮਰਦ ਨੂੰ ਖਬਰ ਕੀ ਔਰਤਾਂ ਦੀ ਖੰਭ ਚਿੜੀ ਦੇ ਸਾਥ ਨਾ ਤਾਰ ਦੇ ਨੀ
ਫੱਟ ਹੈਨ ਲੜਾਈ ਦੇ ਅਸਲ ਢਾਈ ਹੋਰ ਕੂੜ ਪਸਾਰ ਪਸਾਰ ਦੇ ਨੀ
ਇੱਕੇ ਮਾਰਨਾ ਇੱਕੇ ਤੇ ਆਪ ਮਰਨਾ ਇੱਕੇ ਨੱਠ ਜਾਣਾ ਅਗੇ ਸਾਰ ਦੇ ਨੀ
ਹਿੰਮਤ ਸੁਸਤ ਭਰਵੱਟੇ ਸ਼ੁਕੀਨ ਭਾਰੇ ਉਹ ਗਭਰੂ ਕਿਸੇ ਨਾ ਕਾਰ ਦੇ ਨੀ
ਬੰਨ੍ਹ ਤੋਰੀਏ ਜੰਗ ਨੂੰ ਢੱਕ ਕਰ ਕੇ ਸਗੋਂ ਅਗਲਿਆਂ ਨੂੰ ਪਿਛੋਂ ਮਾਰਦੇ ਨੀ
ਸੜਨ ਕੱਪੜੇ ਹੋਣ ਤਹਿਕੀਕ ਕਾਲੇ ਜੇੜ੍ਹੇ ਗੋਸ਼ਟੀ ਹੋਣ ਲੁਹਾਰ ਦੇ ਨੀ
ਝੂਠੀਆਂ ਸੇਲੀਆਂ ਨਾਲ ਨਾ ਜੋਗ ਹੁੰਦਾ ਪੱਥਰ ਗਲੇ ਨਾ ਨਾਲ ਫੁਹਾਰ ਦੇ ਨੀ
ਆਵੇ ਮਹਿਕ ਉਨਾਂ ਦਿਆਂ ਲੀੜਿਆਂ ਤੋਂ ਜਿਹੜੇ ਮਜਲਸੀ ਹੋਣ ਅਤਾਰ ਦੇ ਨੀ
ਸੁਹਬਤ ਨੇਕ ਦੀ ਨੇਕ ਬਣਾ ਦੇਂਦੇ ਔਗਣਹਾਰ ਬੇਲੀ ਔਗਣਹਾਰ ਦੇ ਨੀ
ਖ਼ੈਰ ਦਿਤਿਆਂ ਮਾਲ ਨਾ ਹੋਵੇ ਥੋੜਾ ਬੋਹਲ ਥੁੜੇ ਨਾ ਚੁਣੇ ਗੁਟਾਰ ਦੇ ਨੀ
ਜਦੋਂ ਚੂੜ੍ਹੇ ਨੂੰ ਜਿੰਨ ਚਾ ਕਰੇ ਖਜਲ ਝਾੜਾ ਕਰੀਦਾ ਨਾਲ ਪੇਜ਼ਾਰ ਦੇ ਨੀ
ਤੈਂ ਤਾਂ ਫ਼ਿਕਰ ਕੀਤਾ ਸਾਡੇ ਮਾਰਨੇ ਦਾ ਤੈਨੂੰ ਵੇਖ ਲੈ ਯਾਰ ਹੁਣ ਮਾਰਦੇ ਨੀ
ਤੂੰ ਦਏਂ ਗਾਲ੍ਹੀਂ ਅਸੀਂ ਸਬਰ ਕਰੀਏ ਫ਼ਕਰ ਸਬਰ ਦੇ ਨਾਲ ਉਜਾੜ ਦੇ ਨੀ
ਜਿਹਾ ਕਰੇ ਕੋਈ ਤੇਹਾ ਪਾਉਂਦਾ ਏ ਸੱਚੇ ਵਾਇਦੇ ਪਰਵਦਗਾਰ ਦੇ ਨੀ
ਵਾਰਸਸ਼ਾਹ ਮੀਆਂ ਰੰਨ ਭੌਕਣੀ ਨੂੰ ਸ਼ੱਕਰ ਪਾ ਜੜੀਆਂ ਚਾ ਮਾਰਦੇ ਨੀ

ਕਲਾਮ ਸਹਿਤੀ

ਤੇਰੀਆਂ ਸੇਲ੍ਹੀਆਂ ਤੋਂ ਅਸੀਂ ਨਹੀਂ ਡਰਦੇ ਕੋਈ ਡਰੇ ਨਾ ਭੀਲਦੇ ਸਾਂਗ ਕੋਲੋਂ
ਐਵੇਂ ਖੌਫ ਪੈਸੀ ਤੈਨੂੰ ਮਾਰਨੇ ਦਾ ਜਿਵੇਂ ਸ਼ੂਕਦਾ ਪੈਰ ਉਲਾਂਘ ਕੋਲੋਂ
ਏਵੇਂ ਮਾਰੀਦਾ ਜਾਵਸੇਂ ਏਸ ਪਿੰਡੋਂ ਜਿਵੇਂ ਖਿਸਕਦਾ ਕੁਫਰ ਹੈ ਬਾਂਗ ਕੋਲੋ
ਸਿਰ ਕੱਜ ਕੇ ਤੁਰੇਂਗਾ ਝੱਬ ਜੱਟਾ ਜਿਵੇਂ ਸੱਪ ਉਠ ਚਲਦਾ ਡਾਂਗ ਕੋਲੋਂ