ਪੰਨਾ:ਹੀਰ ਵਾਰਸਸ਼ਾਹ.pdf/218

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੬)

ਟੁਣੇ ਸਾਏ ਦੇ ਡਬੇ ਦੇ ਕਰਾਂ ਝਾੜੇ ਬਾਲ ਲੋਰੀਆਂ ਨਾਲ ਵਲਾਉਣਾ ਹਾਂ
ਅਤੇ ਕਾਲਿਆਂ ਜਾਤਕਾਂ ਜੰਮਦਿਆਂ ਨੂੰ ਬਾਂਗ ਕੰਨ ਦੇ ਵਿਚ ਸੁਣਾਉਣਾ ਹਾਂ
ਮੁਸਹਲ ਹਥ ਅਲਾਹ ਦਾ ਦੇ ਕੇ ਤੇ ਪੰਡ ਔਗੁਣਾਂ ਦੀ ਸਿਰੋਂ ਲਾਹੁਣਾ ਹਾਂ
ਝੂਠੀਆਂ ਹਾਸਦਾਂ ਜ਼ਾਨੀਆਂ ਸ਼ਿਕੀਆਂ ਨੂੰ ਇਸਤਗਫ਼ਾਰ ਦੀ ਪੁੜੀ ਚਖਾਉਣਾ ਹਾਂ
ਕਥ ਕੁਟ ਮਾਜੂ ਮਾਈਂ ਫਟਕੜੀ ਭੀ ਰਿਹਮ ਰੰਨ ਦਾ ਖੁਸ਼ਕ ਕਰਾਉਣਾ ਹਾਂ
ਦਿਲ ਵਿਚ ਜੇ ਸ਼ੌਕ ਖੁਦਾ ਹੋਵੇ ਨਿਤ ਅਲਾ ਦਾ ਜ਼ਿਕਰ ਕਰਾਉਣਾ ਹਾਂ
ਕਲਬ ਸਣੇ ਲਤੀਫਿਆਂ ਨੂਰ ਹੋਵੇ ਰਾਹ ਹਕ ਦਾ ਖੋਲ੍ਹ ਵਖਾਉਣਾ ਹਾਂ
ਖੰਘ ਖੁਰਕ ਤੇ ਸਾਹ ਤੇ ਅੱਖ ਆਈ ਸੂਲ ਦੰਦ ਦੀ ਪੀੜ ਗੁਆਉਣਾ ਹਾਂ
ਸਰਸਾਮ ਸੌਦਾ ਜ਼ੁਕਾਮ ਨਜਲਾ ਏਹ ਸ਼ਰਬਤਾਂ ਨਾਲ ਹਟਾਉਣਾ ਹਾਂ
ਕੇਲੰਜ ਤਪਦਿਕ ਤੇ ਮੋਹਰਕਾ ਤਪ ਉਹਨੂੰ ਕਾੜਿਆਂ ਨਾਲ ਹਟਾਉਣਾ ਹਾਂ
ਜਿਹਨੂੰ ਲਿਫ ਅਤੇ ਇਸਤਕ ਹੋਵੇ ਲਹਿਮ ਤਲਬ ਤੇ ਵਾਉ ਵੰਜਾਉਣਾ ਹਾਂ
ਸ਼ੋਹਦਿਆਂ ਆਜਜ਼ਾਂ ਨੰਗਿਆਂ ਭੁਖਿਆਂ ਨੂੰ ਦਾਰੂ ਰਬ ਦੇ ਨਾਮ ਵਰਤਾਉਣਾ ਹਾਂ
ਦੌਲਤ ਮੰਦ ਜੋ ਮੁਫਤ ਵਿਚ ਖੈਰ ਚਾਹੇ ਓਹਨੂੰ ਟਿਚਕਰਾਂ ਨਾਲ ਉਡਾਉਣਾ ਹਾਂ
ਹੋਵੇ ਪਸਲੀ ਪੀੜ ਤੇ ਅਧਸਿਰ ਦੀ ਓਹਦਾ ਗੁਣਾ ਦਿਨ ਅਠਵੇਂ ਪਾਉਣਾ ਹਾਂ
ਲੂਤ ਫੋੜਿਆਂ ਅਤੇ ਗੰਭੀਰ ਚੰਬਲ ਤੇਲ ਲਾਇਕੇ ਜੜ੍ਹਾਂ ਪੁਟਾਉਣਾ ਹਾਂ
ਅਧਰੰਗ ਮੁਖ ਭੌਂ ਗਿਆ ਹੋਵੇ ਜਿਸ ਦਾ ਸ਼ੀਸ਼ਾ ਹਲਬ ਦਾ ਕਢ ਦਿਖਾਉਣਾ ਹਾਂ
ਮਿਰਗੀ ਹੋਗ ਤਾਂ ਲਾਹਕੇ ਪੈਰ ਛਿਤਰ ਰਖ ਨਕ ਤੇ ਚਾ ਸੰਘਾਉਣਾ ਹਾਂ
ਢਿਡ ਪੀੜ ਨੂੰ ਲੂਣ ਜਵੈਨ ਦੇ ਕੇ ਉਤਾਨਿਆਂ ਲੰਮਿਆਂ ਪਾਉਣਾ ਹਾਂ
ਦਿਲ ਕਿਸੇ ਦਾ ਜੇ ਪਰੇਸ਼ਾਨ ਹੋਵੇ ਸਦਾ ਢੋਲਿਆਂ ਨਾਲ ਪਰਚਾਉਣਾ ਹਾਂ
ਝੋਲਾ ਮਾਰ ਜਾਏ ਜਿਨ੍ਹਾਂ ਰੋਗੀਆਂ ਨੂੰ ਤਿਨਾਂ ਤੇਲ ਸੁਹਾਂਞਣਾ ਲਾਉਣਾ ਹਾਂ
ਬਾਂਹ ਸੁਕ ਜਾਏ ਤੰਗ ਸੁੰਨ ਹੋਵੇ ਤਦੋਂ ਤੇਲ ਅਰਿੰਡ ਲਗਾਉਣਾ ਹਾਂ
ਬਰਸ਼ ਸੁਰਖ ਸਫ਼ੈਦ ਸਿਆਹ ਰਤਾ ਮੁੰਜਸ਼ ਬਾਂਹ ਦਾ ਫਸਦ ਕਰਾਉਣਾ ਹਾਂ
ਅਠਾਰਾਂ ਜਿਨਸ ਜੁਕਾਮ ਨੂੰ ਦੂਰ ਕਰਾਂ ਚਾਂਦੀ ਧਾਂਤ ਅਕਸੀਰ ਖੁਆਉਣਾ ਹਾਂ
ਪਾਨਾ ਰੋਗ ਹੋਵੇ ਜਿਸ ਸਖਸ਼ ਤਾਈਂ ਉਹਨੂੰ ਊਠਣੀ ਦੁਧ ਦੁਆਉਣਾ ਹਾਂ
ਪਵੇ ਧਰਨ ਜੇ ਪਏ ਮਰੋੜ ਲਗਣ ਮਲ ਵਖੀਆਂ ਨਾਫ ਚੜਾਉਣਾ ਹਾਂ
ਲੰਮੇ ਸਾਹ ਜੇ ਹੋਣ ਹਟਕੋਰਿਆਂ ਤੇ ਮੂੰਹ ਵਿਚ ਸ਼ਹਿਦ ਤੇ ਦੁਧ ਚੁਆਉਣਾ ਹਾਂ
ਜਾਨ ਨਿਕਲੇ ਨਾਹੀਂ ਜੇ ਰਹੇ ਅਟਕੀ ਕਰਕੇ ਵੁਜ਼ੂ ਯਾਸੀਨ ਸੁਨਾਉਣਾ ਹਾਂ
ਜਿਸ ਕਚਾ ਕਢਾਉਨਾ ਰੰਨ ਹੋਵੇ ਘਘਰ ਵੇਲ ਉਬਾਲ ਪਿਲਾਉਣਾ ਹਾਂ