ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/242

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩੦)

ਕਲਾਮ ਸਹਿਤੀ

ਬਣੇ ਫ਼ਕਰ ਤੇ ਫੱਕੜਾਂ ਵਾਂਗ ਲੜੇਂ ਬੇ ਸਵਾਦਿਆ ਕੌੜ ਕੁੜਾਂਗਿਆ ਵੇ
ਗਲਾਂ ਕਰਨਾ ਏਂ ਬਹੁਤ ਬੇਲੰਗੀਆਂ ਤੂੰ ਕਿਸੇ ਜੱਟ ਨਿਲੱਜ ਦਿਆ ਵਾਂਗਿਆ ਵੇ
ਕਿਸੇ ਔਝੜ ਬਾਰ ਦੇ ਵਿੱਚ ਪਲਿਓਂ ਵਧਿਓਂ ਵਾਂਗ ਖਜੂਰ ਦੇ ਢਾਂਗਿਆ ਵੇ
ਜਾਲ ਫ਼ਕਰ ਦਾ ਪਹਿਣਕੇ ਆਣ ਵੜਿਓਂ ਭੰਡਾ ਭੜੁਵਿਆ ਗੁੱਝਿਆ ਸਾਂਗਿਆ ਵੇ
ਜਿਉਜਿਉ ਵਰਜਨੀ ਹਾਂਤਿਉਤਿਉ ਸਿਰੇ ਚੜ੍ਹਨੈ ਸੰਘਪਾੜਕੇ ਜਿਉਂਟਰੀਮਾਂਗਿਆ ਵੇ
ਲਿਉਂ ਲਿਉਂ ਕਰਕੇ ਕਿਹਾ ਮਗਜ਼ ਖਾਧੋ ਰਿਹਾ ਉੱਡਣੋਂ ਕਾਲਿਆ ਕਾਂਗਿਆ ਵੇ
ਜਟਾਂ ਜੂਟ ਖੁਹਾਇਕੇ ਨਿਕਲੇਂਗਾ ਪਰਵਾਰ ਜਿਉਂ ਕਿਕਰੋਂ ਛਾਂਗਿਆ ਵੇ
ਕੇੜ੍ਹੀ ਗੱਲ ਉੱਤੇ ਰਫੜ ਪਾ ਬੈਠੋਂ ਵਾਰਸਸ਼ਾਹ ਦੇ ਨਾਲ ਦਿਆ ਨਾਂਗਿਆ ਵੇ

ਸਹਿਤੀ ਨੇ ਗੋਲੀ ਨੂੰ ਆਖਿਆ ਕਿ ਜੋਗੀ ਨੂੰ ਖੈਰ ਦੇਕੇ ਕਢ ਦਿਓ

ਸਹਿਤੀ ਆਖਿਆ ਬਾਂਦੀਏ ਖੈਰ ਪਾਈਂ ਏਸ ਫਕਰ ਨੂੰ ਚਾ ਅਟਕਾਇਓ ਕਿਉਂ
ਕਿਸੇ ਵੇਲੜੇ ਦਾ ਇਹ ਖਲਾ ਹੋਯਾ ਬੂਹੇ ਸਾਡਿਓਂ ਇਹ ਨਾ ਲਾਹਿਓ ਕਿਉਂ
ਬਾਂਦੀ ਹੋਕੇ ਚੁੱਪ ਖਲੋ ਰਹੀ ਸਹਿਤੀ ਆਖਦੀ ਖੈਰ ਨਾ ਪਾਇਓ ਕਿਉਂ
ਏਹ ਤਾਂ ਕਣਕ ਚਾਵਲ ਦੁੱਧ ਘਿਉ ਮੰਗੇ ਚੀਨਾ ਏਸਨੂੰ ਖੈਰ ਪਵਾਇਓ ਕਿਉਂ
ਬਾਣਾ ਫ਼ਕਰ ਦਾ ਪਹਿਣ ਖੁਆਰ ਹੋਯਾ ਦੱਸ ਫ਼ਕਰ ਦਾ ਨਾਮ ਧਰਾਇਓ ਕਿਉਂ
ਸਗੋਂ ਮਾਰਨੇ ਨੂੰ ਉੱਠ ਤਿਆਰ ਹੋਯਾ ਮਾਰ ਫਾਹੁੜੀ ਨਾਲ ਰੁਲਾਇਓ ਕਿਉਂ
ਇਹ ਜੋਗੀੜਾ ਢੀਠ ਕਮਜ਼ਾਤ ਕੰਜਰ ਏਸ ਨਾਲ ਤੁੱਧ ਭੇੜ ਮਚਾਇਓ ਕਿਉਂ
ਗੋਲੀ ਆਖਿਆ ਖੈਰ ਇਹ ਨਹੀਂ ਲੈਂਦਾ ਮੈਨੂੰ ਸਹਿਤੀਏ ਤੁੱਧ ਮਰਵਾਇਓ ਕਿਉਂ
ਆਪ ਜਾਇਕੇ ਦੇਹ ਜੇ ਹੋਈ ਲੈਂਦਾ ਘਰ ਮੌਤ ਦੇ ਘੱਤ ਫਸਾਇਓ ਕਿਉਂ
ਮੇਰੀ ਪਾਣ ਧੱਤ ਏਸ ਨੇ ਲਾਹ ਸੁੱਟੀ ਜਾਣ ਬੁੱਝ ਬੇਸ਼ਰਮ ਕਰਾਇਓ ਕਿਉਂ
ਮੈਂ ਤਾਂ ਏਸਦੇ ਹੱਥ ਵਿਚ ਆਣ ਫਾਥੀ ਮਾਸ ਸ਼ੇਰ ਦੇ ਹੱਥ ਫਹਾਇਓ ਕਿਉਂ
ਵਾਰਸਸ਼ਾਹ ਮੀਆਂ ਏਸ ਮੋਰਨੀ ਦੇ ਦੁਆਲੇ ਲਾਇਕੇ ਬਾਜ ਛਡਾਇਓ ਕਿਉਂ

ਕਲਾਮ ਜੋਗੀ

ਕੇਹੀ ਉਠਦਿਆਂ ਅੱਡ ਮੂੰਹ ਝਲੀਏ ਨੀ ਮਥੇ ਲਗੀਏਂ ਕਾਲੀਏ ਕੁੰਨੀਏਂ ਨੀ
ਵੱਡੀ ਪੀਡੀਏ ਟਾਟਦੀ ਗੁਥਲੀਏ ਨੀ ਨਾਲ ਮੱਕਰਾਂ ਮੂੰਹੋਂ ਮੂੰਹ ਤੁੁੰਨੀਏਂ ਨੀ
ਘੱਗਰ ਖੋਲ ਕੇ ਪਾੜ ਲੰਗਾਰ ਸੁਟੂੰ ਲੀਰ ਲੀਰ ਕਰਸਾਂ ਵਾਂਗ ਚੁੰਨੀਏਂ ਨੀ
ਕਿਉਂ ਭਛੁੰਨੀਏ ਫ਼ਕਰਾਂ ਨੂੰ ਛੇੜਨੀਏਂ ਭੌਰੀ ਵਾਲੀਏ ਭੈੜ ਭਥੁੱਨੀਏਂ ਨੀ
ਜ਼ਰਾ ਸ਼ਕਲ ਤੇ ਆਪਣੀ ਵੇਖ ਪਹਿਲਾਂ ਨੱਕ ਫੀਨੀਏਂ ਤੇ ਅੱਖਾਂ ਚੁੰਨੀਏਂ ਨੀ
ਢਿੱਡ ਵਿੱਚ ਜਾਂ ਨਾਦ ਦੀ ਦਿਆਂ ਚੋਬੜ ਦੁਸਰਪਾਰ ਜਾਏ ਵਿੰਨ੍ਹ ਧੁੰਨੀਏਂ ਨੀ