ਤੇਰੇ ਜੇਹੀਆਂ ਸੂਰਤਾਂ ਕਈ ਹੋਈਆਂ ਉਨ੍ਹਾਂ ਹੁਸਨ ਦੇ ਨਾਂਹ ਗੁਮਾਨ ਕੀਤੇ
ਅਸੀਂ ਬਹੁਤ ਬੇਦੋਸ਼ ਬੇਗਰਜ਼ ਹਾਂ ਨੀ ਤੇਰੇ ਏਸ ਨੇ ਜਾ ਨਿਸ਼ਾਨ ਕੀਤੇ
ਏਸ ਇਸ਼ਕ ਦੇ ਨਸ਼ੇ ਨੇ ਨੱਢੀਏ ਨੀ ਵਾਰਸਸ਼ਾਹ ਹੋਰੀਂ ਪਰੇਸ਼ਾਨ ਕੀਤੇ
ਹੀਰ ਨੇ ਗੁਸੇ ਹੋਣਾ
ਜਵਾਨੀ ਕਮਲੀ ਤੇ ਰਾਜ ਚੂਚਕੇ ਦਾ ਅਵੇ ਕਿਸੇ ਦੀ ਕੀ ਪਰਵਾਹ ਮੈਨੂੰ
ਮੈਂ ਤਾਂ ਧਰੂਹ ਕੇ ਪਲੰਘ ਤੋਂ ਚਾ ਸੁੱਟਾਂ ਆਯਾ ਕਿੱਧਰੋਂ ਇਹ ਬਾਦਸ਼ਾਹ ਮੈਨੂੰ
ਨਾਹੀਂ ਪਲੰਘ ਤੇ ਏਸ ਨੂੰ ਟਿਕਣ ਦੇਣਾ ਲਾ ਰਹੇਗਾ ਲੱਖ ਜੇ ਵਾਹ ਮੈਨੂੰ
ਨਾਢੂ ਸ਼ਾਹ ਦਾ ਪੁੱਤ ਕਿ ਸ਼ੇਰ ਹਾਥੀ ਪਾਸ ਢੁੱਕਿਆਂ ਲਏਗਾ ਢਾਹ ਮੈਨੂੰ
ਉਹਦੇ ਜਿਹੇ ਗ਼ੁਲਾਮ ਹਜ਼ਾਰ ਮੈਥੇ ਅਤੇ ਏਸ ਦੀ ਨਹੀਂ ਹੈ ਚਾਹ ਮੈਨੂੰ
ਇਹ ਬੋਲਦਾ ਪੀਰ ਬਗਦਾਦ ਗੁੱਗਾ ਮੇਲੇ ਆਣ ਬੈਠਾ ਵਾਰਸਸ਼ਾਹ ਮੈਨੂੰ
ਹੀਰ ਰਾਂਝੇ ਨੂੰ ਜਗਾਉਂਦੀ ਹੈ
ਉਠੀਂ ਸੁੱਤਿਆ ਸੇਜ ਅਸਾਡੜੀ ਤੋਂ ਲੰਮਾ ਸੁਸਰੀ ਵਾਂਗ ਕੀ ਪਿਆ ਹੈਂ ਵੇ
ਸੁੱਖਾਂ ਲੱਧਿਆ ਮੈਂਡੜੀ ਸੇਜ ਉੱਤੇ ਤੂੰ ਤਾਂ ਕੌਣ ਕੋਈ ਆਣ ਪਿਆ ਹੈਂ ਵੇ
ਮੈਂ ਤਾਂ ਸੱਠ ਸਹੇਲੀਆਂ ਨਾਲ ਖੜੀ ਮੈਨੂੰ ਪਹਿਰ ਸਾਰਾ ਗੁਜ਼ਰ ਗਿਆ ਹੈਂ ਵੇ
ਅਵੇ ਉੱਠ ਕੇ ਦੇ ਜਵਾਬ ਮੈਨੂੰ ਕੇਹਾ ਨਿਘੜਾ ਬੋੜ ਹੋ ਗਿਆ ਹੈਂ ਵੇ
ਬੁਰੇ ਦਿਨਾਂ ਦੀਆਂ ਤੇਰੀਆਂ ਫੇਰੀਆਂ ਨੀ ਵੱਸ ਸੋਟਿਆਂ ਦੇ ਪੈ ਗਿਆ ਹੈਂ ਵੇ
ਕੋਈ ਲੰਮੜਾ ਪੰਧ ਹੈ ਤੁੱਧ ਕੀਤਾ ਪੈਂਡੇ ਤੁਰਦਿਆਂ ਹੀ ਥੱਕ ਗਿਆ ਹੈਂ ਵੇ
ਰਾਤੀ ਕਿਤੇ ਉਨੀਂਦੜਾ ਕੱਟਿਓਈ ਐਡੀ ਨੀਂਦ ਵਾਲਾ ਲੁੜ੍ਹ ਗਿਆ ਵੇ
ਸੁੰਞੀ ਦੇਖ ਨਖੱਸਮੜੀ ਸੇਜ ਮੇਰੀ ਕੋਈ ਆਲ੍ਹਕੀ ਆਣ ਢਹਿ ਪਿਆ ਵੇ
ਇੱਕੇ ਤਾਪ ਚੜ੍ਹਿਆ ਜਿੰਨ ਭੂਤ ਲੱਗੇ ਇੱਕੇ ਡਾਇਣ ਕਿਸੇ ਭੁੱਖ ਲਿਆ ਹੈ ਵੇ
ਵਾਰਸਸ਼ਾਹ ਤੂੰ ਜੀਊਂਦਾ ਘੂਕ ਸੁੱਤੋਂ ਇੱਕੇ ਮੌਤ ਆਈ ਮਰ ਗਿਆ ਹੈਂ ਵੇ
ਹੀਰ ਨੇ ਮੇਹਰਬਾਨ ਹੋਣਾ
ਕੁਕੇ ਮਾਰ ਹੀ ਮਾਰ ਕੇ ਪਕੜ ਛਮਕਾਂ ਪਰੀ ਆਦਮੀ ਤੇ ਕਹਿਰਵਾਨ ਹੋਈ
ਰਾਂਝੇ ਉੱਠ ਕੇ ਆਖਿਆ ਵਾਹ ਸੱਜਨ ! ਹੀਰ ਹੱਸ ਕੇ ਤੇ ਮਿਹਰਵਾਨ ਹੋਈ
ਕੱਛੇ ਵੰਝਲੀ ਕੰਨਾਂ ਦੇ ਵਿੱਚ ਵਾਲੇ ਜ਼ੁਲਫ ਮੁੱਖੜੇ ਤੇ ਪਰੇਸ਼ਾਨ ਹੋਈ
ਭਿੰਨੇ ਵਾਲ ਚੁਣੇ ਮੱਥੇ ਚੰਦ ਰਾਂਝਾ ਨੈਣੀ ਕੱਜਲੇ ਦੀ ਘਮਸਾਨ ਹੋਈ
ਸੂਰਤ ਯੂਸਫ ਦੀ ਦੇਖ ਤੈਮੂਸ ਬੇਟੀ ਸਣੇ ਮੱਲਕੀ ਬਹੁਤ ਹੈਰਾਨ ਹੋਈ
ਨੈਣ ਮਸਤ ਕਲੇਜੜੇ ਵਿੱਚ ਧਾਣੇ ਹੀਰ ਘੋਲ ਘੱਤੀ ਕੁਰਬਾਨ ਹੋਈ
ਉਹਨੂੰ ਵੇਖਦਿਆਂ ਹੀਰ ਜੋ ਖ਼ੁਸ਼ੀ ਹੋਈ ਅਕਲ ਭੁੱਲ ਗਈ ਪਰੇਸ਼ਾਨ ਹੋਈ