ਪੰਨਾ:ਹੀਰ ਵਾਰਸਸ਼ਾਹ.pdf/303

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮੭)

ਕਿਤੇ ਉੱਠ ਕੇ ਜੀ ਪਰਚਾ ਆਵੇ ਇਹਦੀ ਮਾਂਦਗੀ ਦੂਰ ਨਹੁੱਸਤ ਹੋਵੇ
ਦਿਲੋਂ ਗੰਢ ਖੋਲ੍ਹੇ ਮੂੰਹੋਂ ਹੱਸ ਬੋਲੇ ਮੇਰੀ ਕਲੀ ਉਮੈਦ ਸ਼ਗੁੱਫ਼ਤ ਹੋਵੇ
ਕੀਕੂੰ ਚੈਨ ਆਵੇ ਉਨ੍ਹਾਂ ਮਾਲਕਾਂ ਨੂੰ ਜਾਂਦਾ ਮਾਲ ਜਿਨ੍ਹਾਂਦੜਾ ਮੁਫ਼ਤ ਹੋਵੇ
ਇਹ ਵਡਾ ਅਜ਼ਾਬ ਹੈ ਮਾਪਿਆਂ ਨੂੰ ਨੂੰਹ ਧੀ ਬੂਹੇ ਉੱਤੇ ਸੁਸਤ ਹੋਵੇ
ਵਾਰਸਸ਼ਾਹ ਮੀਆਂ ਕਿਉਂ ਨਾ ਹੀਰ ਬੋਲੇ ਸਹਿਤੀ ਜੇਹੀਆਂ ਦੀ ਜਿਨ੍ਹਾਂ ਨੂੰ ਪੁਸ਼ਤ ਹੋਵੇ

ਕਲਾਮ ਹੀਰ ਦੀ ਸਸ ਦਾ ਹੀਰ ਨਾਲ ਤੇ ਹੀਰ ਦਾ ਜਵਾਬਦੇਣਾ

ਸੱਸ ਆਖਦੀ ਹੀਰ ਨੂੰ ਬੋਲ ਬੀਬੀ ਪਈ ਨਿੱਤ ਤੈਨੂੰ ਲਲਕਾਰਨੀ ਹਾਂ
ਪਈ ਸਿੱਕਨੀ ਹਾਂ ਬੋਲੇਂ ਨਾਲ ਮੇਰੇ ਜੀਉ ਵਿੱਚ ਖਿਆਲ ਚਿਤਾਰਨੀ ਹਾਂ
ਹੀਰ ਆਖਿਆ ਬੈਠਕੇ ਉਮਰ ਸਾਰੀ ਮੈਂ ਤੇ ਆਪਣੇ ਆਪ ਨੂੰ ਸਾੜਨੀ ਹਾਂ
ਸੁਸਤ ਹੋ ਗਏ ਬੰਦ ਨੇ ਬੈਠਿਆਂ ਦੇ ਦੁਖਾਂ ਨਾਲ ਮੈਂ ਹਾਲ ਪੁਕਾਰਨੀ ਹਾਂ
ਕਲਮ ਲੇਖ ਦੀ ਲਿਖੀ ਹੈ ਬੁਰੀ ਮੇਰੀ ਰੋਜ਼ ਅਜਲ ਦੇ ਪਈ ਸ਼ੁਮਾਰਨੀ ਹਾਂ
ਦਿੱਨ ਰਾਤ ਮੈਨੂੰ ਕੋਈ ਰੋਗ ਹੋਯਾ ਜ਼ਿਕਰ ਰੱਬ ਦਾ ਪਈ ਪੁਕਾਰਨੀ ਹਾਂ
ਮਤਾਂ ਬਾਗ ਗਿਆਂ ਮੇਰਾ ਜੀਉ ਲੱਗੇ ਅੰਤ ਇਹ ਭੀ ਪੜਤਨਾ ਪਾੜਨੀ ਹਾਂ
ਪਈ ਰੋਨੀ ਆਂ ਮੈਂ ਲੇਖ ਆਪਣੇ ਨੂੰ ਕੁੱਝ ਕਿਸੇ ਦਾ ਨਹੀਂ ਵਿਗਾੜਨੀ ਹਾਂ
ਦਿੱਨ ਰਾਤ ਦਲੀਲ ਵਿਚਾਰਨੀ ਹਾਂ ਅਤੇ ਸਹਿਤੀ ਨੂੰ ਪਈ ਵੰਗਾਰਨੀ ਹਾਂ
ਬਾਹਰ ਜਾ, ਵੇਖਾਂ ਹਰਿਆਵਲੇ ਨੂੰ ਪਈ ਦਿਲੋਂ ਵਿਚਾਰ ਵਿਚਾਰਨੀ ਹਾਂ
ਬੈਠੀ ਅੰਦਰੇ ਗੀਟੀਆਂ ਗਾਲਨੀ ਹਾਂ ਐਪਰ ਦਿਲੇ ਦਾ ਹਾਲ ਨਿਹਾਰਨੀ ਹਾਂ
ਵਾਰਸਸ਼ਾਹ ਮੀਆਂ ਤਕਦੀਰ ਆਖੇ ਵੇਖ ਨਵਾਂ ਪਸਾਰ ਪਸਾਰਨੀ ਹਾਂ

ਕਲਾਮ ਮਾਉਂ ਦੀ ਸਹਿਤੀ ਨਾਲ

ਮਾਉਂ ਆਖਦੀ ਸਹਿਤੀਏ ਸਮਝ ਬੀਬੀ ਹੋਸੀ ਔਖੜਾ ਇਹ ਨਿਬਾਹ ਕੁੜੀਏ
ਘਰਾਂ ਵਿੱਚ ਹੁੰਦੀ ਨੂੰਹਾਂ ਨਾਲ ਰੌਣਕ ਅਸਾਂ ਆਂਦੀ ਸੀ ਇਹ ਵਿਆਹ ਕੁੜੀਏ
ਧੀਆਂ ਨਾਲ ਨਾ ਕੱਟਨਾ ਕਦੀ ਹੁੰਦਾ ਨੂੰਹਾਂ ਨਾਲ ਨਾ ਚੱਲਣਾ ਰਾਹ ਕੁੜੀਏ
ਨਾਲ ਹੱਕ ਹਲਾਲ ਦੇ ਗੱਲ ਆਹੀ ਵੇਖ ਉਸ ਨੂੰ ਕੱਢਦੀ ਆਹ ਕੁੜੀਏ
ਕਦੇ ਉੱਠ ਨਾ ਬੈਠੀਆ ਵਿਚ ਵਿਹੜੇ ਕਦੇ ਬਹੇ ਨਾ ਚਰਖੜਾ ਡਾਹ ਕੁੜੀਏ
ਅੱਠੇ ਪਹਿਰ ਰਹੇ ਬੈਠੀ ਪਲੰਘ ਉੱਤੇ ਮੈਨੂੰ ਸਾੜਿਆ ਓਸ ਦੇ ਸਾਹ ਕੁੜੀਏ
ਗੱਲ ਖੁਲ੍ਹ ਕੇ ਮੂੰਹੋਂ ਨਾ ਕਰੇ ਕੋਈ ਕਿਹਾ ਚੰਦਰਾ ਪਿਆ ਸੁਭਾ ਕੁੜੀਏ
ਕੋਈ ਗੁੱਝੜਾ ਰੋਗ ਹੈ ਏਸ ਧਾਣਾ ਆਹੀਂ ਨਾਲ ਇਹ ਲੈਂਵਦੀ ਸਾਹ ਕੁੜੀਏ
ਤੇਰੇ ਨਾਲ ਨਾ ਜਾਂਦੀ ਨੂੰ ਹਟਕਨੀ ਹਾਂ ਜੀ ਹੈਸੂ ਤਾਂ ਖੇਤ ਲੈ ਜਾਹ ਕੁੜੀਏ
ਰਲ ਕੇ ਨਾਲ ਸਹੇਲੀਆਂ ਹੀਰ ਜਾਏ ਖੁਸ਼ੀ ਨਾਲ ਲੱਥਣ ਦਿਲ ਦੇ ਚਾ ਕੁੜੀਏ