ਪੰਨਾ:ਹੀਰ ਵਾਰਸਸ਼ਾਹ.pdf/304

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮੮)

ਘਰੋਂ ਨਿਕਲ ਨਾ ਕਰੀਂ ਫਸਾਦ ਕੋਈ ਜਾਣੀਂ ਰੱਬ ਰਸੂਲ ਗਵਾਹ ਕੁੜੀਏ
ਤੇਰੀਆਂ ਗਲਾਂ ਦਾ ਕੁੱਝ ਵਸਾਹ ਨਾਹੀਂ ਜ਼ਾਮਨ ਦੇ ਜਾਈਂ ਵਾਰਸਸ਼ਾਹ ਕੁੜੀਏ

ਸਹਿਤੀ ਦੀ ਕੁੜੀਆਂ ਨਾਲ ਸਲਾਹ

ਹੁਕਮ ਹੀਰ ਦਾ ਮਾਉਂ ਤੋਂ ਲਿਆ ਸਹਿਤੀ ਆਪੋ ਵਿੱਚ ਗੱਲਾਂ ਦੋਹਾਂ ਮੇਲੀਆਂ ਨੇ
ਅਨੀ ਆਓ ਖਾਂ ਆਪੋ ਵਿਚ ਗੱਲ ਗਿਣੀਏਂ ਸੱਦ ਘਲੀਆਂ ਸੱਭ ਸਹੇਲੀਆਂ ਨੇ
ਰੁਜੂ ਆਣ ਹੋਈਆਂ ਸਭੇ ਪਾਸ ਸਹਿਤੀ ਜਿਵੇਂ ਗੁਰੂ ਅੱਗੇ ਸਭੋ ਚੇਲੀਆਂ ਨੇ
ਕਈ ਕੁਆਰੀਆਂ ਕਈ ਵਿਆਹੀਆਂ ਨੇ ਚੰਦ ਜਿਹੇ ਸਰੀਰ ਮਥੇਲੀਆਂ ਨੇ
ਉਨ੍ਹਾਂ ਮਾਉਂ ਤੇ ਬਾਪ ਨੂੰ ਭੁੰਨ ਖਾਧਾ ਮੁੁੰਗ ਚਣੇ ਕੁਆਰੀਆਂ ਖੇਲੀਆਂ ਨੇ
ਵਿਚ ਹੀਰ ਸਹਿਤੀ ਦੋਵੇਂ ਬੈਠੀਆਂ ਨੇ ਦੁਆਲੇ ਬੈਠੀਆਂ ਆਣ ਸਹੇਲੀਆਂ ਨੇ
ਸਭਨਾਂ ਬੈਠਕੇ ਇੱਕ ਸਲਾਹ ਕੀਤੀ ਭਾਬੀ ਨਣਦ ਤੇ ਆਣ ਰਬੇਲੀਆਂ ਨੇ
ਸੁੱਤੀ ਪਈ ਲੋਕਾ ਉੱਠ ਚੱਲਣਾ ਜੇ ਬਾਹਰ ਕਰਨੀਆਂ ਜਾ ਕਾਲ-ਕੇਲੀਆਂ ਨੇ
ਸਈਓ ਹੁਮ ਹੁਮਾ ਕੇ ਆਉਣਾ ਜੇ ਗਲਾਂ ਕਰਨੀਆਂ ਅੱਜ ਕਹੇਲੀਆਂ ਨੇ
ਵਾਰਸਸ਼ਾਹ ਸ਼ਿੰਗਾਰ ਮਹਾਵਤਾਂ ਨੇ ਜਿਵੇਂ ਹਥਨੀਆਂ ਕਿਲ੍ਹੇ ਤੇ ਪੇਲੀਆਂ ਨੇ

ਤਥਾ

ਵਕਤ ਫਜ਼ਰ ਦੇ ਉੱਠ ਸਹੇਲੀਓ ਨੀ ਤੁਸੀਂ ਆਪਣੇ ਆਹਰੀ ਹੀ ਆਉਣਾ ਜੇ
ਮਾਓਂ ਬਾਪ ਨੂੰ ਖ਼ਬਰ ਨਾ ਕਰੋ ਕਾਈ ਭਲਕੇ ਬਾਗ ਨੂੰ ਪਾਸਣਾ ਲਾਉਣਾ ਜੇ
ਵਹੁਟੀ ਹੀਰ ਨੂੰ ਬਾਗ਼ ਲੈ ਚੱਲਣਾ ਏਂ ਜ਼ਰਾ ਏਸਦਾ ਜੀਉ ਵਲਾਉਣਾ ਜੇ
ਲਾਵਣ ਫੇਰਨੀ ਵਿਚ ਕਪਾਹ ਭੈਣਾਂ ਕਿਸੇ ਪੁਰਸ਼ ਨੂੰ ਨਹੀਂ ਵਿਖਾਉਣਾ ਜੇ
ਰਾਹ ਜਾਂਦਿਆਂ ਨੂੰ ਪੁੱਛਣ ਲੋਕ ਅੜੀਓ ਕੋਈ ਇਫ਼ਤਰਾ ਚਾ ਬਣਾਉਣਾ ਜੇ
ਖੇਡੋ ਸੱਸੀਆਂ ਤੇ ਘਤੋ ਫੁਮਣੀਆਂ ਨੀ ਭਲਕੇ ਖੂਹ ਨੂੰ ਰੰਗ ਲਗਾਉਣਾ ਜੇ
ਵੜੋ ਵੱਟ ਲੰਗੋਟੜੇ ਵਿਚ ਪੈਲੀ ਬੰਨਾ ਵੱਟ ਸਭ ਪੁੱਟ ਵਿਖਾਉਣਾ ਜੇ
ਬੰਨ੍ਹ ਝੋਲੀਆਂ ਚੁਣੋ ਕਪਾਹ ਸੱਭੇ ਤੇ ਮੁਦਾਸਿਆਂ ਰੰਗ ਸਹਾਉਣਾ ਜੇ
ਵਡੇ ਰੰਗ ਸੋਹਣ ਇੱਕੋ ਜੇਡੀਆਂ ਦੇ ਰਾਹ ਜਾਂਦਿਆਂ ਦੇ ਸਾਂਗ ਲਾਉਣਾ ਜੇ
ਚਰਖੇ ਚਾ ਭਰੋਟੜੇ ਕੱਜ ਉੱਠੋ ਕਿਸੇ ਪੂਣੀ ਨੂੰ ਹੱਥ ਨਾ ਲਾਉਣਾ ਜੇ
ਮੰਜਿਓਂ ਉੱਠੀਆਂ ਸੱਭ ਨੇ ਆ ਜਾਣਾ ਇੱਕ ਦੂਈ ਨੂੰ ਸੱਦ ਲਿਆਉਣਾ ਜੇ
ਵਾਰਸਸ਼ਾਹ ਮੀਆਂ ਇਹੋ ਅਰਥ ਹੋਯਾ ਸਭਨਾਂ ਅਜੂ ਦੇ ਫਲੇ ਨੂੰ ਆਉਣਾ ਜੇ

ਸਹਿਤੀ ਨੇ ਆਪਣੀ ਮਾਉਂ ਪਾਸ ਆਉਣਾ

ਮਸਲਤ ਕਰ ਆਈ ਸਹਿਤੀ ਨਾਲ ਸਈਆਂ ਫੇਰ ਮਾਉ ਦੇ ਕੋਲ ਚਾ ਆਉਂਦੀ ਏ
ਵੱਡਾ ਝੂਠ ਤੇ ਲੋੜ੍ਹ ਅਪਰਾਧ ਬੋਲੇ ਵੇਖੋ ਮਾਉਂ ਦਾ ਜੀਉ ਠਹਿਰਾਉਂਦੀ ਏ