ਪੰਨਾ:ਹੀਰ ਵਾਰਸਸ਼ਾਹ.pdf/320

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦੨)

ਜਾ ਨਾਲ ਫ਼ਕੀਰ ਦੇ ਕਰੇ ਆਕੜ ਗੁੱਸੇ ਗਜ਼ਬ ਨੂੰ ਪਿਆ ਵਧਾਉਂਦਾ ਏ
ਫ਼ਕਰ ਕਿਸੇ ਨੂੰ ਪਸ਼ਮ ਨਾ ਜਾਣਦੇ ਨੇ ਸ਼ੱਪਾ ਸ਼ੱਪ ਛੁੱਟਾ ਬਾਗ਼ ਆਉਂਦਾ ਏ
ਮਾਰ ਨੂੰਹ ਦੇ ਦੁਖ ਹੈਰਾਨ ਕੀਤਾ ਅਜੂ ਚੜ੍ਹ ਘੋੜੀ ਉੱਤੇ ਧਾਉਂਦਾ ਏ
ਯਾਰੋ ਉਮਰ ਸਾਰੀ ਜੱਟੀ ਨਾ ਲੱਧੀ ਰਹਿਆ ਸੋਹਣੀ ਢੂੰਡ ਢੂੂੰਡਾਉਂਦਾ ਏ
ਸੱਪ ਵੇਖ ਜੋ ਉਸਨੂੰ ਡੰਗਿਆ ਏ ਨੀਰ ਅੱਖੀਆਂ ਦਾ ਡੁੱਲ੍ਹ ਆਉਂਦਾ ਏ
ਤੇਰੇ ਰਾਜ ਵਿੱਚ ਸਾਹਿਬਾ ਹੁਕਮ ਕਰਦਾ ਸ਼ਾਹਜ਼ਾਦਿਆਂ ਨਫ਼ਰ ਰਖਾਉਂਦਾ ਏ
ਇਹ ਕੁਦਰਤਾਂ ਰੱਬ ਦੀਆਂ ਕੌਣ ਮੋੜੇ ਮੈਨੂੰ ਜੋਗੀਆਂ ਤੋਂ ਮਰਵਾਉਂਦਾ ਏ
ਜਿਨ੍ਹਾਂ ਮੁਲਕ ਤੇ ਮਾਲ ਘਰ ਬਾਰ ਛੱਡੇ ਤਿਨ੍ਹਾਂ ਖੌਫ ਕਿਹਾ ਕਿਸੇ ਥਾਉਂਦਾ ਏ
ਉਹ ਕਿਸੇ ਦੀ ਕੀ ਪਰਵਾਹ ਰੱਖਣ ਜਿਨ੍ਹਾਂ ਆਸਰਾ ਰੱਬ ਦੇ ਨਾਉਂਦਾ ਏ
ਤੁਸੀਂ ਹੋ ਵੱਡੇ ਵੱਡੀ ਕਰਮ ਬਰਕਤ ਮੈਨੂੰ ਜਾਉਣਾ ਤੁਸਾਂ ਦਾ ਭਾਉਂਦਾ ਏ
ਮੀਆਂ ਖੌਫ ਖੁਦਾਇ ਦਾ ਬਹੁਤ ਕਰਦਾ ਕਰਾਂ ਓਹ ਜੋ ਓਹ ਕਰਾਉਂਦਾ ਏ
ਵਾਰਸਸ਼ਾਹ ਜਵਾਨੀ ਵਿੱਚ ਮਸਤ ਰਹਿਆ ਵਕਤ ਗਏ ਤਾਈਂ ਪਛਤਾਉਂਦਾ ਏ

ਕਲਾਮ ਅਜੂ

ਮੈਂ ਤਾਂ ਜਾਉਣਾ ਹਾਂ ਅੱਜੂ ਆਖਦਾ ਏ ਸਭੋ ਚਲੋ ਹੀ ਚੱਲ ਪੁਕਾਰ ਦੇ ਹੋ
ਜਾ ਬੰਨ੍ਹ ਖੜਾ ਹੱਥ ਪੀਰ ਅੱਗੇ ਤੁਸੀਂ ਲਾਡਲੇ ਪਰਵਦਗਾਰ ਦੇ ਹੋ
ਨਾਲ ਆਜਜੀ ਵਿੱਚ ਮਰਾਕਬੇ ਦੇ ਤੁਸੀਂ ਰੱਬ ਹੀ ਰੱਬ ਪੁਕਾਰ ਦੇ ਹੋ
ਕਰੋ ਨਜ਼ਰ ਦੇ ਨਾਲ ਨਿਹਾਲ ਫ਼ਕਰੋ ਸਾਰੀ ਉਮਰ ਦੇ ਦੁੱਖ ਬਿਡਾਰ ਦੇ ਹੋ
ਤੁਸੀਂ ਫ਼ਕਰ ਅਲਾਹ ਦੇ ਪੀਰ ਪੂਰੇ ਵਿੱਚ ਰੇਖ ਦੇ ਮੇਖ ਨੂੰ ਮਾਰ ਦੇ ਹੋ
ਹੋਵੇ ਦੁਆ ਕਬੂਲ ਪਿਆਰਿਆਂ ਦੀ ਦੀਨ ਦੁਨੀ ਦੇ ਕੰਮ ਸਵਾਰ ਦੇ ਹੋ
ਅੱਠੇ ਪਹਿਰ ਖ਼ੁਦਾਅ ਦੀ ਯਾਦ ਅੰਦਰ ਤੁਸੀਂ ਨਫ਼ਸ ਸ਼ੈਤਾਨ ਨੂੰ ਮਾਰ ਦੇ ਹੋ
ਹੁਕਮ ਰੱਬ ਦੇ ਥੀਂ ਤੁਸੀਂ ਨਹੀਂ ਬਾਹਰ ਪੀਰ ਖਾਸ ਹਜ਼ੂਰ ਦਰਬਾਰ ਦੇ ਹੋ
ਤੱਕਸੀਰ ਤਮਾਮ ਮੁਆਫ਼ ਕਰਨੀ ਬਖਸ਼ਨਹਾਰ ਬੰਦੇ ਗੁਨ੍ਹਾਗਾਰ ਦੇ ਹੋ
ਔਗੁਣ ਬਖਸ਼ ਲਵੋ ਔਗੁਣਹਾਰਿਆਂ ਦੇ ਜਾਤੀ ਨਾਮ ਨੂੰ ਨਿੱਤ ਚਿਤਾਰ ਦੇ ਹੋ
ਫ਼ੱਕਰ ਮਿਹਰ ਕਰਦੇ ਕੁੱਲ ਖ਼ਲਕ ਉੱਤੇ ਅੱਖੀਂ ਵੇਖਕੇ ਐਬ ਵਿਸਾਰ ਦੇ ਹੋ
ਮੇਰੀ ਨੂੰਹ ਨੂੰ ਸੱਪ ਦਾ ਅਸਰ ਹੋਇਆ ਤੁਸੀਂ ਕੀਲ ਮੰਤਰ ਸੱਪ ਮਾਰਦੇ ਹੋ
ਰੁੜ੍ਹੇ ਜਾਣ ਬੇੜੇ ਔਗਣਹਾਰਿਆਂ ਦੇ ਫਜ਼ਲ ਕਰੋ ਤੇ ਪਾਰ ਉਤਾਰ ਦੇ ਹੋ
ਤੇਰੇ ਚੱਲਿਆਂ ਜੀਉਂਦੀ ਨੂੰਹ ਮੇਰੀ ਡੁੱਬਣ ਲੱਗਿਆਂ ਨੂੰ ਤੁਸੀਂ ਤਾਰ ਦੇ ਹੋ
ਜਿਹੜਾ ਆਣ ਕੇ ਕਰੇ ਬਰਾਬਰੀ ਜੀ ਓਹਨੂੰ ਵਿੱਚ ਜ਼ਮੀਨ ਨਘਾਰ ਦੇ ਹੋ