ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/348

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੩੦)

ਉਨ੍ਹਾਂ ਵਿਆਹ ਦਾ ਚਾ ਸਮਾਨ ਕੀਤਾ ਕੱਠ ਸੁਤਰੀਆਂ ਤੇ ਕਰਨਾਈਆਂ ਦੇ
ਭਾਬੀਆਂ ਰਾਂਝੇ ਦੀਆਂ ਗੌਂਦੀਆਂ ਨਾਲ ਖੁਸ਼ੀ ਗਾਵਣ ਮਤ੍ਰਬਾਂ ਨਾਲ ਅਦਾਈਆਂ ਦੇ
ਵਾਰਸਸ਼ਾਹ ਵਿਸਾਹ ਕੀ ਜ਼ਿੰਦਗੀ ਦਾ ਬੰਦਾ ਬੱਕਰਾ ਵੱਸ ਕਸਾਈਆਂ ਦੇ

ਸਲਾਹ ਕਰਨੀ ਸਿਆਲਾਂ ਨੇ ਹੀਰ ਦੇ ਮਾਰਨ ਦੀ ਅਤੇ ਕਿਤੋਂ ਰਾਂਝੇ ਨੇ ਸੁਣਨਾ

ਕਿਸੇ ਹੀਰ ਨੂੰ ਕੰਨ ਵਿੱਚ ਜਾ ਕਿਹਾ ਮਾਪੇ ਬੰਨ੍ਹ ਦੇਸਨ ਫੇਰ ਖੇੜਿਆਂ ਨੂੰ
ਗੁਝਾ ਆਦਮੀ ਘੱਲਿਆ ਖੇੜਿਆਂ ਤੇ ਮੁੜ ਫੜਨ ਉਹ ਆਪਣੇ ਫੇੜਿਆਂ ਨੂੰ
ਕੈਦੋ ਕਹਿਆ ਲੱਗੀ ਬੱਦਦੁਆ ਮੇਰੀ ਸੱਭੋ ਸੁਣੋਗੇ ਨਿੱਤ ਕਹੇੜਿਆਂ ਨੂੰ
ਇਥੇ ਆਉਣ ਖੇੜੇ ਵੱਡੇ ਪੌਣ ਝੇੜੇ ਅੱਜ ਵੇਖੋਗੇ ਇਹਨਾਂ ਬਖੇੜਿਆਂ ਨੂੰ
ਹੀਰੇ ਵੇਖ ਵਕੀਲਾਂ ਨੇ ਆਉਣਾਈਂ ਛੱਡ ਦੇਹ ਹੁਣ ਕੂੜਿਆਂ ਝੇੜਿਆਂ ਨੂੰ
ਵਾਰਸਸ਼ਾਹ ਜੇ ਫ਼ਜ਼ਲ ਦੀ ਵਾਉ ਝੁੱਲੀ ਬੰਨੇ ਰੱਬ ਲਾਸੀ ਰੁੜ੍ਹਦੇ ਬੇੜਿਆਂ ਨੂੰ

ਕਲਾਮ ਕੈਦੋ

ਕੈਦੋ ਆਖਿਆ ਇਹ ਨਾ ਕਦੀ ਸੁਣਿਆ ਅੱਗੇ ਕਿਸੇ ਨਾ ਵਿਚ ਸੰਸਾਰ ਦੇ ਜੀ
ਕਦੀ ਆਦ ਜੁਗਾਦ ਨਾ ਮੂਲ ਹੋਈ ਸਚੇ ਸਿਆਲ ਇੱਹ ਕੌਲ ਕਰਾਰ ਦੇ ਜੀ
ਇਕਦਰ ਕਰਨ ਨਿਕਾਹ ਵਿਆਹ ਦੇਵਣ ਫੇਰ ਦੁਜੇ ਥਾਂ ਸਾਕ ਵਿਚਾਰ ਦੇ ਜੀ
ਆਖਣ ਰਾਂਝਿਆ ਜਾਹ ਤੂੰ ਜੰਞ ਲਿਆਵੀਂ ਹੁਣ ਇਹ ਫਸਾਦ ਖੁਆਰ ਦੇ ਜੀ
ਸਭੇ ਕੈਦੋ ਨੂੰ ਆਖਦੇ ਤੂੰ ਸੱਚਾ ਓੜਕ ਮਲਕੀ ਚੂਚਕ ਦੋਵੇਂ ਹਾਰ ਦੇ ਜੀ
ਕੋਈ ਜਾਏ ਨਾ ਪੇਸ਼ ਤਦਬੀਰ ਸਾਡੀ ਅਗੇ ਕੈਦੋ ਦੇ ਸੱਭ ਪੁਕਾਰ ਦੇ ਜੀ
ਸਾਡੀ ਤੇਰੀ ਆਹੀ ਪੱਤ ਇੱਕ ਭਾਈ ਸਾਥੋਂ ਹੋਏ ਨੀ ਕੰਮ ਵਿਗਾੜ ਦੇ ਜੀ
ਵਾਰਸਸ਼ਾਹ ਕੈਦੋ ਬਹੁਤ ਖੁਸ਼ੀ ਹੋਇਆ ਕਰੇ ਮਕਰ ਫ਼ਰੇਬ ਹੰਜਾਰ ਦੇ ਜੀ

ਤਥਾ

ਕੈਦੋ ਜਾਇਕੇ ਹੀਰ ਦੇ ਕੋਲ ਬੈਠਾ ਬੱਚਾ ਸਬਰ ਕਰ ਬਾਤ ਕਰਾਰ ਦੀ ਏ
ਚਾਚਾ ਸਬਰ ਕਿਹਾ ਮੈਨੂੰ ਆਖਣਾ ਈਂ ਹੀਰ ਜੀਉ ਵਿੱਚ ਖ਼ੌਫ ਵਿਚਾਰ ਦੀ ਏ
ਕੈਦੋ ਆਖਿਆ ਰਾਂਝੇ ਨੂੰ ਮਾਰ ਸੁੱਟਿਆ ਮੌਤ ਚਮਕ ਦੀ ਧਾਰ ਤਲਵਾਰ ਦੀ ਏ
ਵਾਰਸਸ਼ਾਹ ਕੈਦੋ ਜਦੋਂ ਗੱਲ ਕੀਤੀ ਹੀਰ ਸੁਣ ਆਹ ਕਹਿਰ ਦੀ ਮਾਰਦੀ ਏ

ਤਥਾ

ਸਾਥੇ ਖੇੜਿਆਂ ਦਾ ਨਾਈ ਆਇਆ ਜੇ ਉਹ ਤਾਂ ਕਹਿਰ ਦੇ ਖ਼ੂਨ ਗੁਜ਼ਾਰਦੇ ਨੀ
ਸਾਨੂੰ ਆਖਦੇ ਨੀ ਅਸੀਂ ਕਦੋਂ ਆਈਏ ਬਾਤ ਪੁੱਛਦੇ ਕੌਲ ਇਕਰਾਰ ਦੇ ਨੀ
ਆ ਪੁੱਛਣ ਮੁਕਲਾਵੇ ਦੀ ਬਾਤ ਸਾਨੂੰ ਲਾਗੀ ਆਣ ਇੱਕੋ ਗੱਲ ਤਾੜਦੇ ਨੀ
ਵਾਰਸਸ਼ਾਹ ਮੁਕਲਾਵੜਾ ਲੈਣ ਆਵਣ ਏਥੇ ਨਵਾਂ ਪਸਾਰ ਪਸਾਰ ਦੇ ਨੀ