(੪੪)
ਪੀਰਾਂ ਨੇ ਹੀਰ ਅਤੇ ਰਾਂਝੇ ਨੂੰ ਨਸੀਹਤ ਕਰਨੀ
ਬੱਚਾ ਦੋਹਾਂ ਨੇ ਰਬ ਨੂੰ ਯਾਦ ਕਰਨਾ ਨਹੀਂ ਇਸ਼ਕ ਨੂੰ ਮਿਹਣਾ ਲਾਉਣਾ ਈਂ
ਰਾਂਝਾ ਹੀਰ ਤੇਰੀ ਤੇ ਤੂੰ ਹੀਰ ਦਾ ਏਂ ਏਸ ਇਸ਼ਕ ਅਖਾੜਾ ਚ ਪਾਉਣਾ ਈਂ
ਅੱਠੇ ਪਹਿਰ ਖੁਦਾ ਦੀ ਯਾਦ ਅੰਦਰ ਤੁਸੀਂ ਜ਼ਿਕਰ ਤੇ ਖੈਰ ਕਮਾਉਣਾ ਈਂ
ਤੁਹਾਨੂੰ ਮਿਹਣਾ ਜੱਗ ਨੇ ਲਾਉਣਾ ਈਂ ਪਰ ਇਸ਼ਕ ਥੀਂ ਨੱਸ ਨਾ ਜਾਉਣਾ ਈਂ
ਰਾਂਝੇ ਹੀਰ ਦੋਹਾਂ ਰੱਲ ਅਰਜ਼ ਕੀਤੀ ਅਗੋਂ ਪੀਰਾਂ ਦਾ ਇਹ ਫਰਮਾਉਣਾ ਈਂ
ਏਸ ਇਸ਼ਕ ਦਾ ਵਣਜ ਵਪਾਰ ਇਹੋ ਜੀਉ ਜਾਨ ਤੇ ਸੀਸ ਗਵਾਉਣਾ ਈਂ
ਰਾਂਝਾ ਹੀਰ ਦੋਵੇਂ ਰਹਿਸਣ ਬਹੁਤ ਖੁਸ਼ੀ ਮੋਤੀ ਲਾਲ ਦੇ ਨਾਲ ਪੁਰਾਉਣਾ ਈਂ
ਵਾਰਸਸ਼ਾਹ ਪੰਜਾਂ ਪੀਰਾਂ ਹੁਕਮ ਕੀਤਾ ਬੱਚਾ ਇਸ਼ਕ ਨੂੰ ਨਹੀਂ ਭੁਲਾਉਣਾ ਈਂ
ਕਾਜ਼ੀ ਨੇ ਹੀਰ ਨੂੰ ਸਮਝਾਉਣਾ
ਹੀਰ ਵਤਕੇ ਬੇਲਿਓ ਘਰੀਂ ਆਈ ਮਾਂ ਬਾਪ ਕਾਜ਼ੀ ਸਦ ਲਿਆਉਂਦੇ ਨੇ
ਦੋਵੇਂ ਆਪ ਬੈਠੇ ਅਤੇ ਵਿੱਚ ਕਾਜ਼ੀ ਅਤੇ ਸਾਹਮਣੇ ਹੀਰ ਬਹਾਉਂਦੇ ਨੇ
ਬੱਚੀ ਹੀਰ ਤੈਨੂੰ ਅਸੀਂ ਮੱਤ ਦੇਂਦੇ ਮਿੱਠੀ ਨਾਲ ਜ਼ਬਾਨ ਸਮਝਾਉਂਦੇ ਨੇ
ਚਾਕ ਚੋਬਰਾਂ ਨਾਲ ਨਾ ਗੱਲ ਕੀਜੇ ਹਨ ਮਿਹਨਤੀ ਇਹ ਕੋਹੜੇ ਥਾਉਂਦੇ ਨੇ
ਤ੍ਰਿਞਣ ਜੋੜ ਕੇ ਆਪਣੇ ਘਰੀਂ ਬਹੀਏ ਸੁਘੜ ਗਾਉਂਕੇ ਜੀ ਪਰਚਾਉਂਦੇ ਨੇ
ਲਾਲ ਚਰਖੜਾ ਡਾਹਕੇ ਛੋਪ ਪਾਈਏ ਕਹੀਏ ਸੋਹਣੇ ਗੀਤ ਝਨ੍ਹਾਉਂਦੇ ਨੇ
ਨੀਵੀਂ ਨਜ਼ਰ ਹਯਾ ਦੇ ਨਾਲ ਰਹੀਏ ਤੈਨੂੰ ਸਭ ਸਿਆਣੇ ਫਰਮਾਉਂਦੇ ਨੇ
ਚੂਚਕ ਸਿਆਲ ਹੋਰੀ ਹੀਰੇ ਜਾਣਨੀ ਏਂ ਸਰਦਾਰ ਤੇ ਪੰਚ ਗਰਾਉਂਦੇ ਨੇ
ਸ਼ਰਮ ਮਾਪਿਆਂ ਵੱਲ ਧਿਆਨ ਕੀਜੇ ਇਜ਼ਤਦਾਰ ਇਹ ਜੱਟ ਸਦਾਉਂਦੇ ਨੇ
ਬਾਹਰ ਫਿਰਨ ਨਾ ਸੌਂਵ੍ਹਦਾ ਕੁਆਰੀਆਂ ਨੂੰ ਅੱਜ ਕਲ੍ਹ ਲਾਗੀ ਘਰ ਆਉਂਦੇ ਨੇ
ਏਥੇ ਵਿਆਹ ਦੇ ਸਭ ਸਮਾਨ ਹੋਏ ਖੇੜੇ ਪਏ ਬਣਾ ਬਣਾਉਂਦੇ ਨੇ
ਵਾਰਸਸ਼ਾਹ ਮੀਆਂ ਚੰਦ ਰੋਜ਼ ਅੰਦਰ ਖੇੜੇ ਜੋੜਕੇ ਜੰਵ ਲਿਆਉਂਦੇ ਨੇ
ਕਲਾਮ ਹੀਰ
ਹੀਰ ਆਖਦੀ ਬਾਬਲਾ ਅਮਲੀਆਂ ਤੋਂ ਨਹੀਂ ਅਮਲ ਹਟਾਇਆ ਜਾ ਮੀਆਂ
ਜਿਹੜੀਆਂ ਵਾਦੀਆਂ ਆਦਤਾਂ ਜਾਣ ਨਾਹੀਂ ਰਾਂਝੇ ਚਾਕ ਤੋਂ ਰਹਿਆ ਨਾ ਜਾ ਮੀਆਂ
ਸ਼ੀਹ ਚਿਤਰੇ ਰਹਿਣ ਨਾ ਮਾਸ ਬਾਝੋਂ ਝੱਟ ਨਾਲ ਇਹ ਰਿਜ਼ਕ ਕਮਾ ਮੀਆਂ
ਦਾਗ਼ ਅੰਬ ਦੀ ਰਜਾਂ ਦਾ ਲਹੇ ਨਾਹੀਂ ਦਾਗ਼ ਇਸ਼ਕ ਦਾ ਭੀ ਨਹੀਂ ਜਾ ਮੀਆਂ
ਹੋਰ ਸਭ ਗਲਾਂ ਮਨਜ਼ੂਰ ਕਰਾਂ ਇਕ ਚਾਕ ਤੋਂ ਨਾਂਹ ਹਟਾ ਮੀਆਂ
ਜਿਥੇ ਕਲਮ ਤਕਦੀਰ ਦੀ ਵੱਗ ਚੁੱਕੀ ਕੌਣ ਜੰਮਿਆਂ ਦੇਇ ਮਿਟਾ ਮੀਆਂ