ਪੰਨਾ:ਹੀਰ ਵਾਰਸਸ਼ਾਹ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੨)

ਜਿਹੇ ਨਾਲ ਰਲੀਏ ਤਿਹੇ ਹੋ ਜਾਈਏ ਨੰਗਾਂ ਨਾਲ ਰਲੀ ਓਹ ਭੀ ਨੰਗਨੀ ਹੈ
ਵਾਰਸ ਰਾਂਝਣੇ ਤੇ ਮਿਹਰਬਾਨ ਹੋਏ ਪੀਰਾਂ ਆਖਿਆ ਨਹੀਂ ਇਹ ਸੰਗਣੀ ਹੈ

ਪੀਰਾਂ ਦੀ ਦੁਆ ਰਾਂਝੇ ਦੇ ਹਕ ਵਿਚ

ਰਾਂਝੇ ਪੀਰਾਂ ਨੂੰ ਬਹੁਤ ਖੁਸ਼ਹਾਲ ਕੀਤਾ ਦੁਆ ਦਿਤੀਆ ਨੇ ਜਾਹ ਹੀਰ ਤੇਰੀ
ਤੇਰੇ ਸਭ ਮਕਸੂਦ ਹੋ ਰਹੇ ਹਾਸਲ ਮਦਦ ਹੋ ਗਏ ਪੰਜ ਪੀਰ ਤੇਰੀ
ਜਿਥੇ ਬਣੇ ਭਾਰੀ ਕਰੀਂ ਯਾਦ ਸਾਨੂੰ ਮੁਸ਼ਕਲ ਹੋਗੁ ਆਸਾਨ ਅਸੀਲ ਤੇਰੀ
ਐਰ ਗੈਰ ਤੋਂ ਜੀ ਉਠਾ ਲੈਣਾ ਹੋਸੀ ਹੀਰ ਦੇ ਨਾਲ ਖਲ੍ਹੀਰ ਤੇਰੀ
ਜਾਹ ਗੂੰਜ ਤੂੰ ਵਿੱਚ ਮੰਗਵਾੜ ਬੇਟਾ ਬਖਸ਼ੀ ਗਈ ਹੈ ਸੱਭ ਤਕਸੀਰ ਤੇਰੀ
ਵਾਰਸਸ਼ਾਹ ਮੀਆਂ ਪੀਰਾਂ ਕਾਮਲਾਂ ਨੇ ਕਰ ਛੱਡੀ ਹੈ ਨੇਕ ਤਕਦੀਰ ਤੇਰੀ

ਰਾਂਝਾ ਮਿਠੀ ਨੈਣ ਪਾਸੋਂ ਇਸ਼ਕ ਦਾ ਵਲ ਪੁਛਦਾ ਹੈ

ਰਾਂਝਾ ਆਖਦਾ ਮਿਠੀਏ ਨਾਇਣੇ ਨੀ ਦਸੀਂ ਵਲ ਕੋਈ ਇਸ਼ਕ ਦੀ ਘਾਤ ਦਾ ਨੀ
ਮਿਠਾ ਫੱਲ ਬਹਿਸ਼ਤ ਦੇ ਮੇਵਿਆਂ ਦਾ ਮਜ਼ਾ ਘੱਟ ਹੈ ਹੋਰ ਫਲ ਪਾਤ ਦਾ ਨੀ
ਇਸ਼ਕ ਹੀਰ ਦੇ ਵਿੱਚ ਮੈਂ ਰੁਝ ਰਹਿਆ ਅੱਠੇ ਪਹਿਰ ਝੋਰਾ ਭਾਂਤ ਭਾਂਤ ਦਾ ਨੀ
ਨਾਲ ਅਕਲ ਵਿਚਾਰ ਵਿਚਾਰ ਕੇ ਤੇ ਦੱਸੀਂ ਜਾਤ ਸਫ਼ਾਤ ਔਰਾਤ ਦਾ ਨੀ
ਨਾਲੇ ਅਸਲ ਤੇ ਨਸਲ ਸ਼ਰੀਫ ਹੋਵੇ ਕਿਹੜਾ ਚੰਗਾ ਹੈ ਸਿਫ਼ਤ ਸਿਫ਼ਾਤ ਦਾ ਨੀ
ਘਰ ਦੱਸ ਤੂੰ ਮਿਠੀਏ ਨੇਕ ਬਖਤੇ ਜਿਥੇ ਵਾਸ ਹੋਵੇ ਦਿਨ ਰਾਤ ਦਾ ਨੀ
ਕਿਤੇ ਜਾਹਗ ਨਵੇਕਲੀ ਕੁੰਜ ਗੋਸ਼ੇ ਕਤਾ ਵਕਤ ਹੋਵੇ ਮੁਲਾਕਾਤ ਦਾ ਨੀ
ਨੇਕ ਬਖਤ ਜਿਹੀ ਨਜ਼ਰ ਆਉਨੀ ਏਂ ਮੈਨੂੰ ਦੱਸ ਕੋਈ ਰਾਹ ਨਜ਼ਾਤ ਦਾ ਨੀ
ਵਾਰਸਸ਼ਾਹ ਪਛਾਣਕੇ ਦੱਸ ਜਾਈਂ ਇਸ਼ਕ ਚੰਗਾ ਹੈ ਕਿਹੜੀ ਜਾਤ ਦਾ ਨੀ

ਜਵਾਬ ਮਿਠੀ

ਮਿਠੀ ਬੋਲਦੀ ਜੀਊ ਤਕਦੀਰ ਕਰਕੇ ਤੈਨੂੰ ਦਸਮਾਂ ਰਾਂਝਣਾ ਛੋਹਰਾ ਵੇ
ਹਾਲ ਇਸ਼ਕ ਦਾ ਖੋਹਲ ਸੁਣਾਉਨੀ ਹਾਂ ਜਿਹੜਾ ਵਰਤਿਆਂ ਭੋਹਰਾ ਭੋਹਰਾ ਵੇ
ਪੰਧ ਇਸ਼ਕ ਦੇ ਚੱਲਣਾ ਬਹੁਤ ਔਖਾ ਰਾਹ ਇਸ਼ਕ ਦਾ ਔਹਰਾਂ ਸੌਹਰਾ ਵੇ
ਮਜ਼ਾ ਇਸ਼ਕ ਦਾ ਏ ਕੌੜਾ ਜ਼ਹਿਰ ਵਾਂਗੂੰ ਤਲੀ ਘੱਤਕੇ ਫੱਕਣਾ ਮੌਹਰਾ ਵੇ
ਕਾਲੇ ਇਸ਼ਕ ਦੇ ਹਰਫ ਜਿਉਂ ਨਾਗ ਬੈਠੇ ਕੁੰਡਲ ਘੱਤ ਕੇ ਤੇਹਰਾ ਚੌਹਰਾ ਵੇ
ਭੇਤ ਇਸ਼ਕ ਦੇ ਨੂੰ ਸੋਈ ਜਾਣਦਾ ਏ ਮਰਦ ਰਿੰਦ ਜੋ ਅਕਲ ਦਾ ਗੌਹਰਾ ਵੇ,
ਏਵੇਂ ਇਸ਼ਕ ਗਿੱਝਾ ਘੁਮਿਆਰੀਆਂ ਦਾ ਅਗੇ ਤੇਲਣ ਦਾ ਖੜਾ ਨਮੋਹਰਾ ਵੇ
ਕੱਚਾ ਇਸ਼ਕ ਜੁਲਾਹੀਆਂ ਦੇ ਪਾਨ ਵਾਂਗੂੰ ਵਿਛ ਰਿਹਾ ਲੁਹਾਰੀ ਤੇ ਥੋਹਰਾਂ ਵੇ