(੬੨)
ਹੀਰ ਨੂੰ ਖਬਰ ਹੋਣੀ ਕਿ ਕੈਦੋ ਨੇ ਸ਼ਕਾਇਤ ਕੀਤੀ ਹੈ
ਕਿੱਸਾ ਹੀਰ ਨੂੰ ਤੁਰਤ ਸਹੇਲੀਆਂ ਨੇ ਜਾ ਕੰਨ ਦੇ ਵਿਚ ਸੁਣਾਇਆ ਈ
ਤੈਨੂੰ ਮਿਹਣਾ ਚਾਕ ਦਾ ਦੇ ਕੈਦੋ ਓਸ ਪਰ੍ਹੇ ਵਿਚ ਸ਼ੋਰ ਮਚਾਇਆ ਈ
ਢੋਲ ਵਾਂਗ ਹਰਾਮ ਸ਼ੈਤਾਨ ਦੇ ਜੀ ਡੰਕਾ ਵਿਚ ਬਜ਼ਾਰ ਦੇ ਲਾਇਆ ਈ
ਇਹ ਗਲ ਜੇ ਜਾਉਸੀ ਅੱਜ ਖਾਲੀ ਤੂੰ ਹੀਰ ਕਿਉਂ ਨਾਮ ਧਰਾਇਆ ਈ
ਕਰ ਛੱਡਣੀ ਇਸਦੇ ਨਾਲ ਐਸੀ ਸੁਣੇ ਦੇਸ ਦੇ ਕੀਤੜਾ ਪਾਇਆ ਈ
ਵਾਰਸਸ਼ਾਹ ਅਪਰਾਧੀਆਂ ਰਹਿਮ ਨਾਹੀਂ ਲੰਙੇ ਰਿੱਛ ਨੇ ਮਾਮਲਾ ਚਾਇਆ ਈ
ਹੀਰ ਨੇ ਸਹੇਲੀਆਂ ਨਾਲ ਸਲਾਹ ਕਰਨੀ
ਰਲੋ ਮਿਲੋ ਖਾਂ ਤੁਸੀਂ ਸਹੇਲੀਓ ਨੀ ਲੰਙੇ ਲੁੱਚ ਦੀ ਉਮਰ ਸਵਾਰੀਏ ਨੀ
ਮਾਰ ਕੁੱਤਕੇ ਤੇ ਕੁੱਢਨ ਮਾਛੀਆਂ ਦੇ ਜਿਵੇਂ ਜਾਨ ਥੀਂ ਮਾਰ ਗੁਜ਼ਾਰੀਏ ਨੀ
ਨਾਲ ਮੁਕੀਆਂ ਹੂਰਿਆਂ ਖੁਲ੍ਹ ਘਤੋ ਮਾਰ ਮਾਰਕੇ ਜਿਮੀਂ ਪਟਕਾਰੀਏ ਨੀ
ਹੁੱਜਾਂ ਗੁਝੀਆਂ ਫਰਾਂ ਦੇ ਵਿਚ ਮਾਰੋ ਤਾਲੂ ਜੁੱਤੀਆਂ ਨਾਲ ਉਭਾਰੀਏ ਨੀ
ਏਵੇਂ ਮਾਰ ਕੇ ਚਲੀਏ ਪਰ੍ਹੇ ਅੰਦਰ ਚਲੋ ਹਾਲ ਹੀ ਹਾਲ ਪੁਕਾਰੀਏ ਕੀ
ਵਾਰਸਸ਼ਾਹ ਸਹੇਲੀਆਂ ਆਂਦੀਆਂ ਨੀ ਇਹ ਚਾਲ ਤੂੰ ਸਿੱਖ ਲੈ ਡਾਰੀਏ ਨੀ
ਕਲਾਮ ਹੀਰ ਸਹੇਲੀਆਂ ਨਾਲ
ਹੀਰ ਆਖਿਆ ਵਾੜ ਕੇ ਫਲ੍ਹੇ ਅੰਦਰ ਗਲ ਪਾ ਰਸਾ ਮੂੰਹ ਘੁੱਟ ਘੱਤੋ
ਲੈਕੇ ਕੁੱਤਕੇ ਤੇ ਕੁਢਨ ਮਾਛੀਆਂ ਦੇ ਧੜਾ ਧੜ ਹੀ ਮਾਰਕੇ ਕੁੱਟ ਘੱਤੋ
ਸੰਘੋਂ ਪਕੜ ਘਸੀਟ ਕੇ ਪਾ ਜੱਫੀ ਕਿਸੇ ਟੋਬੜੇ ਦੇ ਵਿਚ ਸੁੱਟ ਘੱਤੋ
ਮਾਰੋ ਏਸ ਨੂੰ ਲਾ ਕੇ ਅੱਗ ਝੁਗੀ ਸਾੜ ਬਾਲ ਕੇ ਚੀਜ਼ ਸਭ ਲੁੱਟ ਘੱਤੋ
ਨਾਲ ਜੁੱਤੀਆਂ ਦੇ ਕਰੋ ਖੂਬ ਝਾੜਾ ਲਿੰਗ ਪੈਰ ਉਹਦੇ ਸਭੋ ਜੁੱਟ ਘੱਤੋ
ਵਾਰਸਸ਼ਾਹ ਮੀਆਂ ਦਾੜ੍ਹੀ ਭੰਬਰੀ ਦਾ ਜੇ ਕੋਈ ਵਾਲ ਦਿਸੇ ਸਭੋ ਪੁੱਟ ਘੱਤੋ
ਸਹੇਲੀਆਂ ਨੇ ਕੈਦੋ ਨੂੰ ਪਕੜਨਾ
ਸਈਆਂ ਨਾਲ ਰਲਕੇ ਹੀਰ ਮਤਾ ਕੀਤਾ ਖਿੰਡ ਫੁੰਡਕੇ ਗਲੀਆਂ ਮੱਲੀਆਂ ਨੀ
ਕੈਦੋ ਆਣ ਵੜਿਆ ਜਦੋਂ ਫਲ੍ਹੇ ਅੰਦਰ ਖਬਰਾਂ ਤੁਰਤ ਈ ਹੀਰ ਨੂੰ ਘੱਲੀਆਂ ਨੀ
ਹਥੀਂ ਪਕੜ ਕਾਂਬਾ ਵਾਂਗ ਸ਼ਾਹ ਪਰੀਆਂ ਗੁਸਾ ਖਾਇਕੇ ਸਾਰੀਆਂ ਚੱਲੀਆਂ ਨੀ
ਕੈਦੋ ਘੇਰ ਜਿਉਂ ਗਧਾ ਘੁਮਿਆਰ ਪਕੜੇ ਲਾਹ ਸੇਲ੍ਹੀਆਂ ਪਕੜ ਪਥੱਲੀਆਂ ਨੀ
ਘਾੜ ਘਾੜ ਠਠਿਆਰ ਜੋ ਪੌਣ ਧਮਕਾਂ ਧਾਈ ਛਵੀਆਂ ਮੋਹਲੀਆਂ ਚੱਲੀਆਂ ਨੀ
ਵਾਰਸਸ਼ਾਹ ਵਦਾਣ ਲੁਹਾਰ ਪੋਂਦੇ ਧਮਕਾਂ ਨਾਲ ਜਿਵੇਂ ਭੁੰਈਂ ਹੱਲੀਆਂ ਨੀ
ਸਹੇਲੀਆਂ ਨੇ ਕੈਦੋ ਨੂੰ ਮਾਰਨਾ
ਪਲਾ ਗਲ ਪਾ ਸੇਲ੍ਹੀਆਂ ਲਾਹ ਟੋਪੀ ਪਾੜ ਜੁਲੀਆਂ ਸੰਘ ਨੂੰ ਘੁਟਿਆਂ ਨੇ