(੭੮)
ਬੇ-ਸਿਦਕ ਹੋਈਓਂ ਸਿਦਕ ਹਾਰਿਓਈ ਤੇਰਾ ਸਿਦਕ ਯਕੀਨ ਹੁਣ ਹੱਲਿਆ ਈ
ਓਹਦਾ ਦੇਖਕੇ ਹਾਲ ਅਹਿਵਾਲ ਸਾਰਾ ਸਾਡਾ ਰੋਂਦਿਆਂ ਨੀਰ ਨਾ ਠੱਲਿਆ ਈ
ਦਗ਼ਾ ਬਾਜ਼ ਨੇ ਦਗ਼ਾ ਕਮਾਇਕੇ ਤੇ ਜੀਉ ਜਾਨ ਥੀਂ ਚਾ ਉਬੱਲਿਆ ਈ
ਜੇ ਤੂੰ ਉਸਨੂੰ ਹੈਸੀ ਜਵਾਬ ਦੇਣਾ ਇਸ਼ਕ ਓਸਦਾ ਕਾਸਨੂੰ ਮੱਲਿਆ ਈ
ਹੀਰੇ ਲੱਭ ਲਈ ਅਸੀਂ ਗੱਲ ਤੇਰੀ ਤੇਰਾ ਧਰਮ ਤੇ ਨੇਮ ਹੁਣ ਚੱਲਿਆ ਈ
ਹੀਰੇ ਕਹਿਰ ਕੀਤਾ ਮੋਮੋ ਠਗਣੀਏਂ ਨੀ ਕਦੇ ਧ੍ਰੋਹ ਨਾ ਕਿਸੇ ਨੂੰ ਫੁੱਲਿਆ ਈ
ਜੇ ਤੂੰ ਅੰਤ ਇਹ ਘੋਲਨਾ ਘੋਲਣਾ ਸੀ ਕਾਹਨੂੰ ਓਸਦਾ ਜੀਉ ਉਥੱਲਿਆ ਈ
ਆਸ ਲੈ ਨਿਰਾਸ ਦੀ ਇਸ਼ਕ ਕੋਲੋਂ ਸੁਕਲਾਤ ਤੇ ਬੀਆਂ ਨੂੰ ਚੱਲਿਆ ਈ
ਦਿਨ ਰਾਤ ਹੀਰੇ ਤੇਰੇ ਇਸ਼ਕ ਪਿਛੇ ਮਿਹਣਾ ਕੁੱਲ ਜਹਾਨ ਦਾ ਝੱਲਿਆ ਈ
ਵਾਰਸ ਹੱਕ ਦਾ ਤੂੰ ਜਦੋਂ ਹੱਕ ਖੁੱਥਾ ਅਰਸ਼ ਰੱਬ ਦਾ ਤਦੋਂ ਥਰੱਲਿਆ ਈ
ਜਵਾਬ ਹੀਰ
ਹੀਰ ਆਖਿਆ ਓਸਨੂੰ ਕੁੜੀ ਕਰਕੇ ਬੁਕਲ ਵਿਚ ਲੁਕਾ ਲਿਆਇਆ ਜੇ
ਮੇਰੇ ਮਾਓ ਤੇ ਬਾਪ ਤੋਂ ਕਰੋ ਪਰਦਾ ਗੱਲ ਕਿਸੇ ਨਾ ਮੂਲ. ਸੁਣਾਇਆ ਜੇ
ਆਮੋ ਸਾਮ੍ਹਣੇ ਬੈਠ ਕੇ ਕਰਾਂ ਗੱਲਾਂ ਤੁਸੀਂ ਮੁਨਸਫ਼ ਹੋ ਮੁਕਾਇਆ ਜੇ
ਜੇੜ੍ਹੇ ਹੋਣ ਸੱਚੇ ਸੋਈ ਛੁੱਟ ਜਾਸਣ ਰੱਲ ਝੂਠਿਆਂ ਨੂੰ ਮਿਹਣਾ ਲਾਇਆ ਜੇ
ਮੈਂ ਆਖ ਥੱਕੀ ਓਸ ਕਮਲੜੇ ਨੂੰ ਲੈਕੇ ਉੱਠ ਚਲ ਵਕਤ ਘੁਸਾਇਆ ਜੇ
ਮੇਰਾ ਆਖਣਾ ਓਸ ਨਾ ਕੰਨ ਕੀਤਾ ਹੁਣ ਕਾਸਨੂੰ ਡੁਸਕਣਾ ਲਾਇਆ ਜੇ
ਅਜੇ ਹੈ ਵੇਲਾ ਆਖੇ ਲੱਗ ਜਾਏ ਤੁਸੀਂ ਓਸਨੂੰ ਚਾ ਸਮਝਾਇਆ ਜੇ
ਵਾਰਸਸ਼ਾਹ ਮੀਆਂ ਇਹ ਵਕਤ ਘੁੱਥਾ ਕਿਸੇ ਪੀਰ ਨੂੰ ਨਾ ਹੱਥ ਆਇਆ ਜੇ
ਕੁੜੀਆਂ ਨੇ ਰਾਂਝੇ ਨੂੰ ਹੀਰ ਪਾਸ ਲਿਆਉਣਾ
ਰਾਤੀਂ ਵਿਚ ਰਲਾਇਕੇ ਮਾਹੀੜੇ ਨੂੰ ਕੁੜੀਆਂ ਹੀਰ ਦੇ ਪਾਸ ਲੈ ਆਈਆਂ ਨੇ
ਹੀਰ ਆਖਿਆ ਆਉਂਦੇ ਨੂੰ ਬਿੱਸਮਿਲਾ ਅੱਜ ਦੌਲਤਾਂ ਮੈਂ ਘਰ ਆਈਆਂ ਨੇ
ਲੋਕਾਂ ਆਖਿਆ ਹੀਰ ਦਾ ਵਿਆਹ ਹੁੰਦਾ ਅਸੀਂ ਦੇਖਣੇ ਆਏ ਆ ਮਾਈਆਂ ਨੇ
ਸੂਰਜ ਚੜ੍ਹੇਗਾ ਮਗ੍ਰਬੋਂ ਜਿਵੇਂ ਕਿਆਮਤ ਤੋਬਾ ਤਰਕ ਕਰ ਕੁਲ ਬੁਰਿਆਈਆਂ ਨੇ
ਜਿਨ੍ਹਾਂ ਮਹੀਂ ਦਾ ਚਾਕ ਸਾਂ ਸਣੇ ਨੱਢੀ ਸੋਈ ਖੇੜਿਆਂ ਦੇ ਹਥ ਆਈਆਂ ਨੇ
ਓਸੇ ਵਕਤ ਜਵਾਬ ਹੈ ਮਾਲਕਾਂ ਨੂੰ ਹਿੱਕ ਧਾੜਵੀਆਂ ਦੇ ਅੱਗੇ ਲਾਈਆਂ ਨੇ
ਇਹ ਸਹੇਲੀਆਂ ਸਾਕ ਤੇ ਸੈਣ ਤੇਰੇ ਸਭੇ ਮਾਸੀਆਂ ਫੁੱਫੀਆਂ ਤਾਈਆਂ ਨੇ
ਤੁਸਾਂ ਵਹੁਟੀਆਂ ਬਣਨ ਦੀ ਨੀਤ ਬੱਧੀ ਲੀਕਾਂ ਹੱਦ ਤੇ ਭੱਜਕੇ ਲਾਈਆਂ ਨੇ
ਆਸ ਅਸਾਂ ਦੀ ਕੇਹੀ ਹੈ ਨਢੀਏ ਨੀ ਜਿਥੇ ਖੇੜਿਆਂ ਜ਼ਰਾਂ ਵਿਖਾਈਆਂ ਨੇ