ਪੰਨਾ:ਹੀਰ ਵਾਰਸਸ਼ਾਹ.pdf/91

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੮੩)

ਕੋਹਣ ਬੱਕਰੇ ਕਰਨ ਪਲਾ ਕਲੀਆਂ ਕੁੱਠੇ ਛਾਇਲੇ ਬਹੁਤ ਕਸਾਈਆਂ ਦੇ
ਲਿਆ ਜੱਸ ਵਿਚ ਜਗਦੇ ਮਹਿਰ ਚੂਚਕ ਖਲਕਤ ਜੋੜਦੀ ਹੱਥ ਦੁਹਾਈਆਂ ਦੇ
ਦੇਗਾਂ ਖਿੱਚਦੇ ਘਤ ਜੰਜੀਰ ਰੱਸੇ ਤੋਪਾਂ ਖਿੱਚ ਦੇ ਕਟਕ ਬਾਦਸ਼ਾਹੀਆਂ ਦੇ
ਰਾਂਝਾ ਛਡਕੇ ਮਹੀਂ ਬੇਫ਼ਿਕਰ ਹੋਯਾ ਜਾ ਬੈਠਾ ਏ ਵਿਚ ਸਰਾਹੀਆਂ ਦੇ
ਵਾਰਸਸ਼ਾਹ ਮੀਆਂ ਚਾ ਵਿਆਹ ਦਾ ਏ ਸੰਞੇ ਫਿਰਨ ਖਧੇ ਮੰਗੁ ਮਾਹੀਆਂ ਦੇ

ਹੀਰ ਦੇ ਵਿਆਹ ਦਾ ਮੇਲ

ਡਾਰਾਂ ਖੂਬਾਂ ਦੀਆਂ ਮੇਲਾਂ ਦੇ ਮੇਲ ਆਏ ਹੂਰ ਪਰੀ ਦੀ ਹੋਸ਼ ਗਵਾਂਦੀਆਂ ਨੇ
ਲੱਖ ਜਟੀਆਂ ਮੁਸ਼ਕ ਪਲੱਟੀਆਂ ਨੇ ਤਨੋ ਪਦਮਣੀ ਵਾਂਗ ਸੁਹਾਂਦੀਆਂ ਨੇ
ਬਾਰਾਂ ਜ਼ਾਤ ਤੇ ਸੱਤ ਸਨਾਤ ਢੁੱਕੀ ਰੰਗ ਰੰਗ ਦੀਆਂ ਸੂਰਤਾਂ ਆਂਦੀਆਂ ਨੇ
ਉਤੇ ਭੋਛਨੇ ਸਨ ਪੰਜ ਤੋਲੀਏ ਦੇ ਅਤੇ ਲੁੰਙੀਆਂ ਤੇੜ ਝਨਾਂ ਦੀਆਂ ਨੇ
ਲੱਖ ਸਿਠਣੀਆਂ ਦੇਣ ਤੇ ਲੈਣ ਗਾਲ੍ਹੀ ਵਾਹ ਵਾਹ ਕਰਕੇ ਸਿਹਰਾ ਗਾਂਦੀਆਂ ਨੇ
ਪਰੀਜ਼ਾਤ ਜਟੇਟੀਆਂ ਨੈਣ ਖੂਨੀ ਨਾਲ ਹੇਕ ਮਹੀਨ ਦੇ ਗਾਂਦੀਆਂ ਨੇ
ਨਾਲ ਆਰਸੀ ਮੁੱਖੜਾ ਵੇਖ ਸੁੰਦਰ ਕੋਲ ਆਸ਼ਕਾਂ ਨੂੰ ਤਰਸਾਂਦੀਆਂ ਨੇ
ਇਕ ਲਾਹਕੇ ਚਾਦਰਾ ਕੱਢ ਛਾਤੀ ਉੱਪਰ ਵਾੜਿਆਂ ਝਾਤੀਆਂ ਖਾਂਦੀਆਂ ਨੇ
ਇਕ ਵਾਂਗ ਬਸਾਤੀਆਂ ਕੱਢ ਲਾਟੂ ਵੀਰਾ ਰਾਧਨੀ ਨਾਫ਼ ਦਿਖਾਂਦੀਆਂ ਨੇ
ਇਕ ਤਾਉੜੀ ਮਾਰਦੀਆਂ ਨਚਦੀਆਂ ਨੇ ਇਕ ਸ਼ੌਹਦੀਆਂ ਘੋੜੀਆਂ ਗਾਂਦੀਆਂ ਨੇ
ਇਕ ਗਾਉਂ ਕੇ ਕੋਇਲਾਂ ਕਾਗ ਹੋਈਆਂ ਇਕ ਰਾਹ ਵਿਚ ਦੋਹਰੇ ਲਾਂਦੀਆਂ ਨੇ
ਇਕ ਆਖਦੀ ਮੋਰ ਨਾ ਮਾਰ ਮੇਰਾ ਇਕ ਵਿਚ ਮਮੋਲੜਾ ਗਾਂਦੀਆਂ ਨੇ
ਇਕ ਆਸ਼ਕਾਂ ਦੇ ਗੀਤ ਗਾਂਦੀਆਂ ਨੇ ਜਣੇ ਖਣੇ ਨੂੰ ਪਈਆਂ ਸੁਣਾਂਦੀਆਂ ਨੇ
ਵਾਰਸਸ਼ਾਹ ਜਿਉਂ ਸ਼ੇਰ ਗੜ੍ਹ ਕਪਟ ਮੇਟਨ ਲਖ ਸੰਗਤਾਂ ਜ਼ਿਆਰਤਾਂ ਆਂਦੀਆਂ ਨੇ

ਹੀਰ ਦੇ ਵਿਆਹ ਤੇ ਹਰ ਤਰਾਂ ਦੀਆਂ ਔਰਤਾਂ ਜਮਾਂ ਹੋਣੀਆਂ

ਜਿਵੇਂ ਲੋਕ ਨਿਗਾਹੇ ਤੇ ਰਾਮ ਥੰਮਣ ਭੜਥੂ ਮਾਰਕੇ ਤੇ ਰੰਗ ਲਾਂਦੀਆਂ ਨੇ
ਜੇੜ੍ਹੀਆਂ ਸਿਦਕ ਦੇ ਨਾਲ ਚਲ ਔਂਦੀਆਂ ਨੇ ਕਦਮ ਚੁੰਮ ਮੁਰਾਦ ਸਭ ਪਾਂਦੀਆਂ ਨੇ
ਕੁੜੀਆਂ ਝੰਗ ਸਯਾਲੇ ਦੀਆਂ ਮੇਲ ਬਣੀਆਂ ਕਾਮਣ ਅੰਗ ਸੁਹਾਗ ਦੇ ਗਾਂਦੀਆਂ ਨੇ
ਜੋੜੇ ਜ਼ਰੀ ਤੇ ਬਾਲ ਵਿਆਹੀਆਂ ਦੇ ਦੇਖ ਕੁਆਰੀਆਂ ਕੋਲ ਸ਼ਰਮਾਂਦੀਆਂ ਨੇ
ਗਲੀਆਂ ਝੰਗ ਦੀਆਂ ਮੇਲ ਸੁਆਹੀਆਂ ਨੇ ਤੇ ਅੰਦਾਜ ਨਿਆਜ਼ ਬਣਾਂਦੀਆਂ ਨੇ
ਮੁਰਤਬ ਜ਼ਾਦੀਆਂ ਢੋਲ ਬਜਾਇਕੇ ਤੇ ਨਾਲ ਚਾਉੜਾਂ ਕਦਮ ਉਠਾਂਦੀਆਂ ਨੇ
ਇਕ ਅਤਰ ਅਮੀਰ ਫੁਲੇਲ ਲਾਵਣ ਇੱਕ ਵੱਟਣਾ ਅੰਗ ਮਲਾਂਦੀਆਂ ਨੇ
ਖੂਨੀ ਪੱਟੀਆਂ ਤੇ ਵੱਲ ਪਾਇਕੇ ਤੇ ਉਹ ਦੰਦਾਸੜੇ ਰੰਗ ਰੰਗਾਂਦੀਆਂ ਨੇ