ਪੰਨਾ:Alochana Magazine 1st issue June 1955.pdf/37

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛਡ ਤ੍ਰਿੰਵਣ ਕਰ ਸੁੰਵਾ ਵਿਹੜਾ
ਤੁਰ ਤੁਰ ਜਾਵਣ ਸਈਆਂ।

ਇਕ ਗਈਆਂ, ਇਕ ਡਲੇ ਚੜ੍ਹਿਆਂ,
ਇਕ ਦਾਜ ਸਮੇਟਣ ਪਈਆਂ।

ਅਸਾਂ ਭੀ ਜਾਣਾ ਢੋਲਣ ਆਇਆਂ,
ਪਰ ਚਰਖਾ ਕਿਉਂ ਚਾਈਏ?

ਓਨੀਆਂ ਤੰਦਾਂ ਆਪਣੀਆਂ ਨੇ,
ਜਿੰਨੀਆਂ ਕੱਤੀਆਂ ਗਈਆਂ।

[ਕੇਸਰ ਕਿਆਰੀ-ਪੰਨਾ ੧੫]

ਇਹ ਹੈ ਕਵੀ ਦੀ ਵਿਚਾਰਧਾਰਾ ਦਾ ਦੂਜਾ ਪੜਾ। ਜੀਵਨ ਲਈ ਵਧਦਾ ਉਤਸ਼ਾਹ ਇਸ ਗੱਲ ਦਾ ਸੂਚਕ ਹੈ, ਕਿ ਇਸ ਪੜਾ ਉਤੇ ਪਹੁੰਚ ਕੇ ਕਵੀ ਵਿੱਚ ਸੂਫੀਮਤ ਵਾਲਾ ਤਿਆਗ ਘਟ ਗਿਆ ਹੈ ਅਤੇ ਇਸਦੀ ਥਾਂ ਸਿਖ-ਮਤ ਵਾਲਾ ਕਰਮ-ਯੋਗ ਵਧ ਗਿਆ ਹੈ।

ਆਤਮਾ ਦੀ ਮਹਾਨਤਾ ਬਾਰੇ ਵੀ ਉਸਦਾ ਵਿਸ਼ਵਾਸ਼ ਹੋਰ ਪਕੇਰਾ ਹੋ ਗਿਆ ਹੈ। 'ਮਨ ਤੂੰ ਜੋਤਿ ਸਰੂਪ ਹੈਂ' ਦੇ ਮਹਾਂਵਾਕ ਅਨੁਸਾਰ ਕਵੀ ਨੇ ਆਤਮਾ ਦੀ ਅਸਲੀਅਤ ਨੂੰ ਪਛਾਣ ਲਿਆ ਹੈ। ਉਰਦੂ ਦੇ ਕਵੀ ਇਕਬਾਲ ਦੀਆਂ ਆਤਮਾ-ਪਰਮਾਤਮਾ ਬਾਰੇ ਕੁਝ ਰੁਬਾਈਆਂ ਵੀ ਚਾਤ੍ਰਿਕ ਨੇ “ਪਿਆਮਿ ਮਸ਼ਰਕ' ਵਿਚੋਂ ਇਸ ਸਮੇਂ ਪੜ੍ਹੀਆਂ ਪ੍ਰਤੀਤ ਹੁੰਦੀਆਂ ਹਨ| ਹੇਠ ਲਿਖੀਆਂ ਤੁਕਾਂ ਵਿਚ ਇਕਬਾਲ ਦਾ ਰੰਗ ਪਰਤੱਖ ਹੈ, ਭਾਵੇਂ ਇਕਬਾਲ ਦੇ ਇਸ ਫਲਸਫ਼ੇ ਦਾ ਸੋਮਾਂ ਵੀ ਹਿੰਦੁਸਤਾਨੀ ਫਲਸਫਾ ਹੀ ਹੈ। ਇਸ ਫਲਸਫੇ ਨੂੰ ਪਰਗਟਾਉਣ ਵਿਚ ਲਈ ਜਿਥੇ ਇਕਬਾਲ ਦੀ ਸ਼ੈਲੀ ਨਿਰੋਲ ਆਪਣੀ ਹੈ, ਚਾਤ੍ਰਿਕ ਦੇ ਪਰਗਟਾਉ ਵਿਚ ਇਕਬਾਲ ਦਾ-ਰੰਗ ਹੈ:-

(ੳ) ਮੇਰੇ ਤੋਂ ਨਹੀਂ ਦੂਰ ਹਾਸਿਲ ਮੇਰਾ,
ਸਮੁੰਦਰ ਹੈ ਕਤਰੇ ਚਿ' ਸੁੱਤਾ ਪਿਆ।

(ਅ) ਓ ਜ਼ੱਰਾ ਝੁਰੇ ਕਿਉਂ ਜਿਦ੍ਹਾਂ ਆਫਤਾਬ-
ਘਰ ਆ ਕੇ ਨਿਵਾਜਣ ਨੂੰ ਹੋਵੇ ਬੇਤਾਬ।

[ਕੇਸਰ ਕਿਆਰੀ-ਪੰਨਾ ੧੫੯]

(ੲ) ਸਮੁੰਦਰ ਤੋਂ ਤੂੰ ਨਿਖਰ ਕੇ ਭੀ
ਤੂੰ ਕਤਰਾ ਹੈਂ ਸਮੁੰਦਰ ਦਾ।

(ਕੇਸਰ ਕਿਆਰੀ-ਪੰਨਾ ੧੪੧)

੩੪