ਅਤੇ ਤੀਸਰੀ ਅਪਭ੍ਰੰਸ਼ਾਂ ਦਵਾਰਾ ਸੂਚਤ ਹੁੰਦੀ ਹੈ। ਸੰਸਕ੍ਰਿਤ ਨਾਟਕਾਂ ਵਿਚ ਜਿਨ੍ਹਾਂ ਸਾਹਿੱਤਕ ਪ੍ਰਾਕ੍ਰਿਤਾਂ ਦੀ ਵਰਤੋਂ ਮਿਲਦੀ ਹੈ ਉਨ੍ਹਾਂ ਦੇ ਨਾਂ ਇਹ ਹਨ-ਸ਼ੌਰਸੇਨੀ, ਮਾਗਧੀ, ਅਰਧ ਮਾਗਧੀ ਤੇ ਮਹਾਰਾਸ਼ਟਰੀ। ਇਹ ਨਾਂ ਸਪਸ਼ਟ ਹੀ ਪ੍ਰਦੇਸ਼ਾਂ ਦੇ ਨਾਂ ਤੇ ਹਨ। ਸ਼ੌਰਸੇਨੀ ਪ੍ਰਾਕ੍ਰਿਤ ਇਨ੍ਹਾਂ ਸਾਰਿਆਂ ਵਿੱਚੋਂ ਪਰਧਾਨ ਸੀ। ਸੰਸਕ੍ਰਿਤ ਨਾਟਕਾਂ ਵਿਚ ਰਾਜਾ ਵਿਦਵਾਨ ਤੇ ਉੱਚ ਵੰਸ਼ੀ ਇਸੇ ਪ੍ਰਾਕ੍ਰਿਤ ਦੀ ਵਰਤੋਂ ਕਰਦੇ ਹਨ। ਮੱਧਦੇਸ਼ ਦੀ ਭਾਸ਼ਾ ਹੋਣ ਕਰਕੇ ਇਹ ਸੰਸਕ੍ਰਿਤ ਦੀ ਉੱਤਰ-ਅਧਿਕਾਰੀ ਵੀ ਸੀ। ਸ਼ੌਰਸੇਨੀ ਤੋਂ ਬਾਅਦ ਮਹਾਰਾਸ਼ਟਰੀ ਦਾ ਸਥਾਨ ਸੀ। ਇਸ ਵਿਚ ਸੁੰਦਰ ਸਰੋਦੀ ਕਾਵਿ ਮਿਲਦਾ ਹੈ। ਸੰਸਕ੍ਰਿਤ ਨਾਟਕਾਂ ਵਿਚ ਗੀਤਾਂ ਲਈ ਇਸੇ ਪ੍ਰਾਕ੍ਰਿਤ ਦੀ ਵਰਤੋਂ ਕੀਤੀ ਜਾਂਦੀ ਸੀ। ਇਨ੍ਹਾਂ ਸਾਹਿੱਤਕ ਪ੍ਰਾਕ੍ਰਿਤਾਂ ਦੀਆਂ ਆਧਾਰ ਬੋਲ-ਚਾਲ ਦੀਆਂ ਬੋਲੀਆਂ ਨੇ ਜਦ ਅਗਾਂਹ ਚਲ ਕੇ ਸਾਹਿੱਤ ਵਿਚ ਸਥਾਨ ਪ੍ਰਾਪਤ ਕੀਤਾ ਤਾਂ ਉਨ੍ਹਾਂ ਨੂੰ 'ਅਪਭ੍ਰੰਸ਼' ਨਾਂ ਦਿੱਤਾ ਗਿਆ। ਅਨੁਮਾਨ ਕੀਤਾ ਗਇਆ ਹੈ ਕਿ ਹਰ ਇਕ ਪ੍ਰਾਕ੍ਰਿਤ ਦਾ ਇਕ ਅਪਭ੍ਰੰਸ਼ ਰੂਪ ਹੋਵੇਗਾ, ਜਿਵੇਂ ਸ਼ੌਰਸੇਨੀ ਪ੍ਰਾਕ੍ਰਿਤ ਦਾ ਸ਼ੌਰਸੇਨੀ ਅਪਭ੍ਰੰਸ਼, ਮਾਗਧੀ ਪ੍ਰਾਕ੍ਰਿਤ ਦਾ ਮਾਗਧੀ ਅਪਭ੍ਰੰਸ਼ ਆਦਿ। ਪਰੰਤੂ ਪ੍ਰਾਕ੍ਰਿਤ-ਵਿਆਕਰਣਾਂ ਵਿਚ ਕਵਲ ਤਿੰਨ ਅਪਭ੍ਰੰਸ਼ਾਂ ਦੇ ਸਾਹਿੱਤਕ ਰੂਪਾਂ ਦਾ ਵਰਣਨ ਮਿਲਦਾ ਹੈ ਜਿਨ੍ਹਾਂ ਦੇ ਨਾਂ ਇਹ ਹਨ-ਨਾਗਰ, ਉਪ ਨਾਗਰ ਤੇ ਬ੍ਰਾਚੜ। ਨਾਗਰ ਅਪਭੰਸ਼ ਇਨ੍ਹਾਂ ਵਿਚ ਪਰਧਾਨ ਸੀ ਅਤੇ ਇਹ ਗੁਜਰਾਤ ਦੇ ਉਸ ਭਾਗ ਵਿਚ ਬੋਲੀ ਜਾਂਦੀ ਸੀ ਜਿੱਥੇ ਅਜ-ਕਲ ਨਾਗਰ ਬ੍ਰਾਹਮਣ ਵਸਦੇ ਹਨ। ਹੇਮਚੰਦਰ ਅਨੁਸਾਰ ਨਾਗਰ ਅਪਭ੍ਰੰਸ਼ ਦਾ ਆਧਾਰ ਸ਼ੌਰਸੇਨੀ ਪ੍ਰਾਕ੍ਰਿਤ ਸੀ। ਬ੍ਰਾਚੜ ਸਿੰਧ ਵਿਚ ਬੋਲੀ ਜਾਂਦੀ ਸੀ, ਅਤੇ ਉਪਨਾਗਰ, ਜਿਹੜੀ ਬ੍ਰਾਚੜ ਤੇ ਨਾਗਰ ਦੇ ਮੇਲ ਤੋਂ ਬਣੀ ਸੀ, ਦੱਖਣੀ ਪੰਜਾਬ ਤੇ ਪੱਛਮੀ ਰਾਜਸਥਾਨ ਵਿਚ ਵਰਤੀ ਜਾਂਦੀ ਸੀ। ਹੇਮਚੰਦਰ ਨੇ ਜਿਨ੍ਹਾਂ ੨੭ ਅਪਭ੍ਰੰਸ਼ਾਂ ਦਾ ਉਲੇਖ ਕੀਤਾ ਹੈ ਉਹ ਸ਼ਾਇਦ ਇਕੋ ਸਾਹਿੱਤਕ ਅਪਭ੍ਰੰਸ਼ ਦੇ ਵਖ ਵਖ ਸਥਾਨਕ ਜਾਂ ਪ੍ਰਦੇਸ਼ਕ ਭੇਦ ਹੋਣ ।
ਵਾਸਤਵ ਵਿਦ ਅਪਭ੍ਰੰਸ਼ਾਂ ਦੀ ਠੀਕ-ਠੀਕ ਹਾਲਤ ਬਾਰੇ ਨਿਸ਼ਚਿਤ ਰੂਪ ਵਿਚ ਕਹਿਣਾ ਕਠਿਨ ਹੈ। ਪ੍ਰਾਕ੍ਰਿਤ ਵਿਆਕਰਣਾਂ ਵਿਚ ਜਿਨ੍ਹਾਂ ਅਪਭ੍ਰੰਸ਼ਾਂ ਦਾ ਉਲੇਖ ਜਾਂ ਵਰਣਨ ਮਿਲਦਾ ਹੈ ਉਹ ਬੋਲ-ਚਾਲ ਦੀਆਂ ਬੋਲੀਆਂ ਨਹੀਂ, ਸਗੋਂ ਸਾਹਿੱਤਕ ਅਪਭ੍ਰੰਸ਼ ਬੋਲੀਆਂ ਹਨ ਜਿਹੜੀਆਂ ਬਹੁਤ ਕੁਝ ਪ੍ਰਾਕ੍ਰਿਤ ਦੇ ਅਸਰ ਹੇਠ ਹਨ। ਅਜਕਲ ਜਿਹੋ ਜਿਹੀ ਹਾਲਤ ਸੰਸਕ੍ਰਿਤਬਹੁਲ ਸਾਹਿੱਤਕ ਹਿੰਦੀ ਜਾਂ ਬੰਗਾਲੀ ਦੀ ਹੈ ਉਹੋ ਜਿਹੀ ਹੀ ਉਸ ਸਮੇਂ ਉਨ੍ਹਾਂ ਸਾਹਿੱਤਕ ਬੋਲੀਆਂ ਦੀ ਸੀ। ਹੇਮ ਚੰਦਰ ਨੇ ਆਪਣੇ ਗ੍ਰੰਥ ਵਿਚ ਨਾਗਰ ਅਪਭ੍ਰੰਸ਼ ਦਾ ਹੀ ਅਧਿਕ ਵਿਸਥਾਰ ਨਾਲ ਵਰਣਨ ਕੀਤਾ ਹੈ। ਹੇਮਚੰਦਰ ਅਨੁਸਾਰ ਜਿਵੇਂ ਕਿ ਪਹਿਲਾਂ ਦਸਿਆ ਜਾ ਚੁੱਕਾ ਹੈ ਇਸ ਅਪਭ੍ਰੰਸ਼ ਦਾ ਆਧਾਰ ਸ਼ੌਰਸੇਨੀ ਪ੍ਰਾਕ੍ਰਿਤ ਸੀ। ਗ੍ਰੀਅਰਸਨ ਆਦਿ ਭਾਸ਼ਾ- ਵਿਗਿਆਨੀਆਂ ਨੇ ਜਿਸ ਨੂੰ ਸ਼ੌਰਸੇਨੀ ਅਪਭ੍ਰੰਸ਼ ਕਹਿਆ ਹੈ ਉਹ ਅਸਲ ਵਿਚ ਇਸ ਨਾਗਰ
੬