ਪੰਨਾ:Alochana Magazine April 1964.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

-੪-

ਕਵੀ ਤੇ ਵਿਗਿਆਨੀ ਦੋਹਾਂ ਲਈ ਆਪਣੇ ਅਨੁਭਵਾਂ ਨੂੰ ਹੋਰਨਾਂ ਤਕ ਪਹੁੰਚਾਉਣ ਦੀ ਇਕ ਸਾਂਝੀ ਸਮੱਸਿਆ ਸਾਹਿੱਤ ਤੇ ਉਚੇ ਵਿਗਿਆਨ ਦੋਹਾਂ ਦੇ ਸਾਹਵੇਂ ਅਕੱਥ ਨੂੰ ਕਥਨ ਕਰਨ ਦੀ ਵੱਡੀ ਮੁਸ਼ਕਿਲ ਹੈ। ਦੋਵੇਂ ਬੋਲੀ ਦੀ ਵਰਤੋਂ ਕਰਦੇ ਹਨ ਪਰ ਸਾਧਾਰਨ ਬੋਲੀ ਪਾਸ ਨਾ ਹੀ ਕਵੀ ਦੇ ਤੇ ਨਾ ਹੀ ਵਿਗਿਆਨੀ ਦੇ ਅਨੁਭਵਾਂ ਦਾ ਮਾਧਿਅਮ ਬਣ ਸਕਣ ਦੀ ਸਮਰੱਥਾ ਮੌਜੂਦ ਹੁੰਦੀ ਹੈ। ਇਸ ਲਈ ਕਵੀ ਤੇ ਵਿਗਿਆਨੀ ਦੋਵੇਂ ਹੀ ਆਪੋ ਆਪਣੀ ਲੋੜ ਅਨੁਸਾਰ ਆਪਣੇ ਕਬੀਲੇ ਦੀ ਬੋਲੀ ਨੂੰ ਸੋਧਦੇ ਹਨ। ਪਰ ਕਵੀ ਦੀ ਸੁਧਾਈ ਤੇ ਵਿਗਿਆਨੀ ਦੀ ਸੁਧਾਈ ਵਿਚ ਅੰਤਰ ਹੁੰਦਾ ਹੈ ਕਿਉਂ ਕਿ ਵਿਗਿਆਨੀ ਦਾ ਟੀਚਾ ਕਵੀ ਦੇ ਟੀਚੇ ਤੋਂ ਵਖਰਾ ਹੁੰਦਾ ਹੈ।

ਦਰੱਖ਼ਤਾਂ ਉਤੇ ਚਾਨਣੀ ਪੈ ਰਹੀ ਹੈ। ਕਵੀ ਤੇ ਵਿਗਿਆਨੀ ਦੋਵੇਂ ਵੇਖ ਕੇ ਖੜੋ ਗਏ ਹਨ। ਵਿਗਿਆਨੀ ਸੋਚਦਾ ਹੈ ਇਹ ਚਾਨਣ ਕਿਰਨਾਂ ਦੇ ਰੂਪ ਵਿਚ ਸੂਰਜ ਤੋਂ ਇਕ ਲੱਖ ਛਿਆਸੀ ਹਜ਼ਾਰ ਮੀਲ ਫ਼ੀ ਸਕਿੰਟ ਦੀ ਰਫ਼ਤਾਰ ਨਾਲ ਤੁਰਿਆ ਤੇ ਚੰਨ ਤੋਂ ਪਰਤ ਕੇ ਇਸ ਧਰਤੀ ਤੇ ਅਪੜਿਆ ਹੈ, ਇਹ ਕਿਰਨਾਂ ਤੀਰ ਵਾਂਗੂੰ ਸਿਧੀਆਂ ਨਹੀਂ, ਸਗੋਂ ਲਹਿਰਾਂ ਵਾਂਗ ਉਤਾਰ-ਉਭਾਰ ਖਾਂਦੀਆਂ ਆਈਆਂ ਹਨ। ਪਤਿਆਂ ਉਪਰੋਂ ਇਹ ਕਿਰਨਾਂ ਫਿਰ ਪਰਤੀਆਂ ਹਨ ਤੇ ਮੇਰੀ ਅੱਖ-ਪੁਤਲੀ 'ਚੋਂ ਲੰਘਦੀਆਂ ਅੱਖ ਦੇ ਅੰਦਰਲੇ ਪਰਦੇ ਤੇ ਪਈਆਂ ਹਨ। ਉਥੇ ਨਿਉਜ਼ਕਾਰਾਂ (cones) ਦੇ ਰਸਾਇਣੀ ਤੱਤਾਂ ਰੋਡੋਪਸੀਨ ਆਦਿ ਵਿਚ ਇਹਨਾਂ ਇਕ ਤਬਦੀਲੀ ਲਿਆਂਦੀ ਹੈ ਜਿਸ ਕਰਕੇ ਮੇਰੀਆਂ ਨੇਤ੍ਰ-ਤੰਤਿਕਾਵਾਂ ਉਤੇਜਿਤ ਹੋਈਆਂ ਹਨ। ਫਿਰ ਇਹ ਉਤੇਜਨਾਂ ਬਿਜਲੇਈ ਲਹਿਰਾਂ ਦੇ ਰੂਪ ਵਿਚ ਮੇਰੇ ਦਿਮਾਗ ਦੇ ਪਿਛੋਕੜਲੇ ਭਾਗ ਵਿਚ ਪਹੁੰਚੀਆਂ ਹਨ, ਜਿਥੇ ਇਹਨਾਂ ਨੇ ਇਕ ਸੰਵੇਦਨਾ ਜਗਾਈ ਹੈ ਜੋ ਮੈਂ ਅਨੁਭਵ ਕੀਤੀ।

ਪਰ ਕਵੀ ਕੀ ਸੋਚਦਾ ਹੈ :-

ਰਾਹ ਵਿਚ ਆਈ ਰਾਤ ਚਾਨਣੀ
ਪੈਰ ਨਾ ਪੁਟਿਆ ਜਾਏ
ਕਿਸ ਵੈਰੀ ਨੇ ਪੋਟਾ ਪੋਟਾ
ਭੌਂ ਤੇ ਸ਼ਿਹਰ ਵਿਛਾਏ ?
ਰਾਹਾਂ ਦੇ ਵਿਚ ਚਾਨਣ ਸੁੱਤਾ
ਧਰਤ ਸੁਹਾਗਣ ਹੋਈ
ਵਸਲਾਂ ਵਰਗੀ ਮਿੱਟੀ ਤੇ ਅਜ
ਕਿਹੜਾ ਪੈਰ ਟਿਕਾਏ ?
ਘੜੀ ਪਲਾਂ ਲਈ ਬਿਰਛਾਂ ਤਾਈ