ਪੰਨਾ:Alochana Magazine August 1960.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਬੋਲ ਤੇ ਹੂਕਾਂ ਸੁਣਦਾ ਆ ਰਹਿਆ ਸੀ । ਸਗੋਂ ਉਸ ਦਾ ਆਪਣਾ ਕੰਠ ਤੇ ਅਲਾਪ ਇਨ੍ਹਾਂ ਪੰਛੀਆਂ ਦਾ ਬੜਾ ਦੇਣਦਾਰ ਸੀ । ਫੇਰ ਭਾਰਤੀ ਸੰਗੀਤਕਾਰ ਕਿਉਂ ਨਾ ਆਪਣੀਆਂ ਨਵੀਆਂ ਸੰਗੀਤਕ ਰਚਨਾਵਾਂ ਦਾ ਨਾਂ ਇਨ੍ਹਾਂ ਪੰਛੀਆਂ ਦੇ ਨਾਂ ਉੱਪਰ ਰਖਦਾ | ਅਤੇ ਉਸ ਨੇ ਇਹ ਨਾਂ ਰਖੇ ਵੀ, ਜਿਵੇਂ ਬਿਹਾਗੜਾ, ਕੋਕਿਲਾ, ਬਡਹੰਸ ਆਦਿਕ । ਮਤੰਗ ਨੇ ਆਲੋਚਨਾ ਕਰ ਕੇ ਰਾਗਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ; ਰਾਗਾਂ ਅਤੇ ਰਾਗਣੀਆਂ ਵਿਚ । ਪੜਚੋਲਕਾਂ ਦਾ ਵਿਸ਼ਵਾਸ਼ ਹੈ ਕਿ ਮੁੱਢਲੀਆਂ ਰਾਗਣੀਆਂ ਦਾ ਜਨਮ ਭਾਸ਼ਾ-ਗੀਤਾਂ (ਸਥਾਨਕ ਅਤੇ ਗਾਮ-ਗੀਤਾਂ) ਵਿਚੋਂ ਹੋਇਆ । ਦੂਜੀ ਵੰਡ ਨਿਰੋਲ ਸਮਾਜ ਵਿਚ ਵਿਆਪਦੇ ਸੰਬੰਧਾਂ ਦੇ ਆਧਾਰ ਤੇ ਹੋਈ, ਇਹ ਵੰਡ ਸੀ ਦੇਸ਼ੀ (ਕੱਚੇ) ਅਤੇ ਮਾਰਗੀ (ਪੱਕੇ) ਰਾਗ ਦੀ । ਕੱਚੇ ਤੇ ਪੱਕੇ ਰਾਗ ਦੀ ਵਿਆਖਿਆ ਇਹ ਕੀਤੀ ਗਈ ਕਿ ਦੇਸ਼ੀ ਰਾਗ ਦੁਨੀਆਂ-ਪ੍ਰਤੱਖ ਵਿਚ ਵਰਤਮਾਨ ਹੈ ਤੇ ਮਾਰਗੀ ਦੇਵ-ਲੋਕ ਵਿਚ । ਸਮਾਜ ਵਿਚ ਜਦੋਂ ਦੇਵਤਿਆਂ ਜਹੀ ਉੱਚੀ ਥਾਂ ਅਤੇ ਪਦਵੀ ਰਾਜਿਆਂ ਨਵਾਬਾਂ ਨੇ ਲੈ ਲਈ ਤਾਂ ਅਮਲੀ ਰੂਪ ਵਿਚ ਦੇਸੀ ਰਾਗ ਜਨਤਾ ਦੀ ਝੋਲੀ ਪਏ ਅਤੇ ਮਾਰਗੀ ਅਮੀਰਾਂ ਤੇ ਕਦਰਦਾਨਾਂ ਦੇ ਚੋਚਲਿਆਂ ਤੇ ਸਰਪ੍ਰਸਤੀ ਲਈ ਵਕਫ਼ ਹੋ ਗਏ । ਹਰ ਇਕ ਰਾਗ ਦਾ ਆਪਣਾ ਸੁਰ-ਤਾਲ ਤੇ ਧੂਣੀ ਸੀ ਅਤੇ ਇਸ ਦੇ ਮਿਲਵੇਂ ਰੂਪ ਕਾਰਣ ਇਕ ਆਪਣਾ ਅਸਰ ਸੀ । ਇਨ੍ਹਾਂ ਅਸਰਾਂ ਨੂੰ ਸਮੇਂ ਤੇ ਰੁੱਤ ਨਾਲ ਮੇਲ ਕੇ ਵੀ ਰਾਗ ਸਬੰਧੀ ਕਈ ਵੰਡਾਂ ਸੈਵ, ਵੈਸ਼ਨਵ ਤੇ ਹੋਰਨਾਂ ਮਤਾਂ ਵਾਲਿਆਂ ਨੇ ਕੀਤੀਆਂ ਕਿਉਂਕਿ ਅਜੇ ਤਕ ਧਾਰਮਿਕ ਵਿਦਵਾਨ, ਦਾਰਸ਼ਨਿਕ ਵਿਚਾਰਕ, ਸਮਾਜ ਸੁਧਾਰਕ ਸਾਹਿਤ ਅਚਾਰੀਆ ਤੇ ਸੰਗੀਤ ਪੰਡਤ ਵੀ ਸਨ । ਇਸੇ ਪ੍ਰਕਾਰ ਦੀ ਛੱਤ ਉਪਰ ਪਹਿਲੀ ਲਿਖਤ ਸ਼ਾਇਦ “ਸੰਗੀਤ ਮੁਕੁੰਦ ਸੀ । ਕੁਝ ਇਕ ਨਿਯਮ ਵੀ ਬਣਾਏ ਗਏ, ਜਿਵੇਂ ਉਤਰੀ ਰਾਗ ਵਿਚ ਤੀਬਰ 'ਮ ਲਾਉਣ ਨਾਲ ਦਖਣੀ ਵਿਚ ਬਦਲ ਸਕਦਾ ਸੀ । ਇਸੇ ਪ੍ਰਕਾਰ ਰਾਗ ਸੰਗੀਤ ਤੇ ਨਿਤ ਆਪਣੀ ਥਾਂ ਵਿਕਸਿਤ ਹੁੰਦੇ ਰਹੇ ਤੇ ਇਨ੍ਹਾਂ ਦੀ ਵੰਡ ਤੇ ਨਿਯਮਾਵਲੀ ਵੀ । ਰਾਗ-ਵਿਦਿਆ ਵਿਚ ਵਖਰੀ ਸੇਧ ਤੇ ਸਿਫਤ ਵਲ ਇਤਿਹਾਸਕ ਤਬਦੀਲੀ ਮੁਸਲਮਾਨਾਂ ਦੇ ਭਾਰਤ ਵਿਚ ਆ ਵੱਸਣ ਸਮੇਂ ਹੋਈ। ਅਲਾ-ਉੱਦ-ਦੀਨ ਦਾ ਦਰਬਾਰੀ ਸੰਗੀਤ-ਕਾਰ ਇਸ ਤਬਦੀਲੀ ਦਾ ਮੋਢੀ ਤੇ ਪ੍ਰਤੀਨਿਧ ਸੀ । ਇਸ ਨੇ ਫਾਰਸੀ ਰਾਗਾਂ ਦੀ ਪੁੱਠ ਵੀ ਭਾਰਤੀ ਰਾਗਾਂ ਨੂੰ ਦੇ ਕੇ ਕਈ ਨਵੇਂ ਰੂਪਾਂ ਦਾ ਵਾਧਾ ਕੀਤਾ। ਇਸ ਤੋਂ ਮਗਰੋਂ ਕਈ ਸੰਗੀਤਕਾਰਾਂ ਨੇ ਪਿਛਲੇ ਰਾਗਾਂ ਵਿਚ ਕੁਝ ਹੋਰ ਰਸ ਮਿਲਾ ਕੇ ਨਵੇਂ ਰਾਗ ਪ੍ਰਚਲਤ ਕੀਤੇ । ਜਿਵੇਂ ਤਾਨਸੈਨ ਨੇ ਮਲ੍ਹਾਰ, ਟੋਡੀ ਤੇ ਕਾਨੜਾ ਦੇ ਜਿਹੜੇ ਰੂਪ ਬਦਲੇ ਉਨ੍ਹਾਂ ਨੂੰ ਮੀਆਂ ਦੀ ਮਲਾਰ, ਮੀਆਂ ਦੀ ਟੋਡਾ (ਬਿਲਾਸਖਾਨੀ ਟੋਡੀ) ਅਤੇ ਦਰਬਾਰੀ ਕਾਨੜਾ ਦਾ ਨਾਂ ਦਿਤਾ ਗਇਆ ।