ਪੰਨਾ:Alochana Magazine January, February and March 1965.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਾਮ ਨੂੰ ਅਮੋਲ ਜੀ ਨਾਲ ਕੰਮ ਕਰਦਾ ਸਾਂ। ਇਕ ਇਹ ਵਿਚਾਰ ਸੀ ਕਿ ਮੈਂ ਦਿੱਲੀ ਨੌਕਰੀ ਦੀ ਭਾਲ ਵਿਚ ਜਾਵਾਂ, ਪਰ ਮੇਰਾ ਦਿਲ ਅਮ੍ਰਿਤਸਰੋਂ ਜਾਣ ਨੂੰ ਨਹੀਂ ਸੀ ਕਰਦਾ ਅਤੇ ਕਿਸੇ ਅੰਤ੍ਰੀਵ ਪ੍ਰੇਰਣਾ ਦਾ ਬੱਝਾ, ਮੈਂ ਅਮ੍ਰਿਤਸਰ ਹੀ ਟਿਕਿਆ ਰਿਹਾ। ਇਕ ਮੇਰਾ ਪੁਰਾਣਾ ਮਿੱਤਰ ਹਰਬੰਸ ਲਾਲ ਚਿਤਰਕਾਰ ਹੈ। ਉਹ ਅੱਜਕਲ ਵੀ ਅੰਮ੍ਰਿਤਸਰ ਵਿਚ ਰਹਿੰਦਾ ਹੈ। ਮੈਂ ਆਪਣੇ ਦਿਨ ਦਾ ਫ਼ਾਲਤੂ ਸਮਾਂ ਉਸ ਨਾਲ ਬਿਤਾਉਂਦਾ ਸਾਂ। ਇਕ ਦਿਨ ਮੈਂ ਉਸ ਦੇ ਘਰ ਉਸ ਨੂੰ ਸੈਰ ਲਈ ਬੁਲਾਉਣ ਗਿਆ। ਜਦੋਂ ਮੈਂ ਬੈਠਕ ਦੀਆਂ ਪੌੜੀਆਂ ਚੜ੍ਹ ਰਿਹਾ ਸਾਂ ਤਾਂ ਮੈਨੂੰ ਪਹਿਲੀ ਛੱਤ ਉੱਤੇ, ਬਹੁਤ ਸਾਰੇ ਲੋਕਾਂ ਦੀ ਆਵਾਜਾਈ ਦਾ ਅਨੁਭਵ ਹੋਇਆ। ਉਸ ਵੇਲੇ ਪਹਿਲੀ ਛੱਤ ਦੀ ਕਿਸੇ ਕੋਠੜੀ ਵਿਚ ਕਿਰਾਏਦਾਰਨ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ। ਹਰਬੰਸ ਲਾਲ, ਮੇਰੇ ਨਾਲ ਨਹਿਰ ਉੱਤੇ ਸੈਰ ਕਰਨ ਗਿਆ। ਵਾਪਸੀ ਉੱਤੇ ਮੈਂ ਉਸ ਦੇ ਘਰ ਆ ਕੇ ਸ਼ਤਰੰਜ ਖੇਡਦਾ ਰਿਹਾ। ਫੇਰ ਮੈਂ ਅੱਧੀ ਰਾਤ ਵੇਲੇ ਹਾਲ ਬਾਜ਼ਾਰ ਵਿੱਚੋਂ ਲੰਘਦਾ ਘਰ ਜਾ ਰਿਹਾ ਸਾਂ ਕਿ ਪੁਰਾਣੇ ਅਮ੍ਰਿਤਸਰ ਬਾਰੇ ਲਾਇਬ੍ਰੇਰੀ ਵਿੱਚੋਂ ਇਕੱਤਰ ਕੀਤੀਆਂ ਗੱਲਾਂ ਦਾ ਚੇਤਾ ਆ ਗਿਆ! ਮੈਂ ਆਪਣੇ ਆਪ ਨੂੰ ਇਕ ਪ੍ਰਕਾਰ ਦੀ ਸੁਪਨ-ਅਵਸਥਾ ਵਿਚ ਮਹਿਸੂਸ ਕੀਤਾ, ਜਿਵੇਂ ਮੈਂ ੪੦ ਸਾਲ ਪਹਿਲਾਂ ਦੇ ਅਮ੍ਰਿਤਸਰ ਦਾ ਨਿਵਾਸੀ ਹੋਵਾਂ।

ਮੈਂ ਰਾਤ ਦੇ ਕੋਈ ੧ ਵਜੇ ਘਰ ਪਹੁੰਚਿਆ। ਮੇਰੀ ਮਾਤਾ ਜੀ ਨੇ ਬੜਾ ਬੋਲ- ਬੁਲਾਰਾ ਕੀਤਾ, ਪਰ ਪਿਤਾ ਜੀ ਨੇ ਬੜੇ ਠਰੰਮੇ ਨਾਲ ਆਖਿਆ, “ਮੁੰਡੇ ਨੂੰ ਸੌਣ ਦੇ ਇਸ ਦਾ ਬਾਕਾਇਦਾ ਕੰਮ ਲੱਗ ਜਾਊ ਤਾਂ ਆਪੇ ਸਭ ਕੁੱਝ ਠੀਕ ਹੋ ਜਾਊ।” ਉਨ੍ਹਾਂ ਮੈਨੂੰ ਪਿਆਰ ਨਾਲ ਦੁੱਧ ਪਿਲਾਇਆ ਤੇ ਮੈਂ ਆਪਣੇ ਕਮਰੇ ਵਿਚ ਚਲਿਆ ਗਿਆ। ਮੈਨੂੰ ਨੀਂਦਰ ਨਹੀਂ ਸੀ ਆ ਰਹੀ। ਕੋਈ ਢਾਈ ਜਾਂ ਤਿੰਨ ਵਜੇ ਸਨ। ਮੈਂ 'ਪਿਉ ਪੁੱਤਰ' ਲਿਖਣਾ ਸ਼ੁਰੂ ਕੀਤਾ ਤੇ ਪੰਦਰਾਂ ਦਿਨ, ਸਿਵਾਏ ਕਾਲਜ ਪੜ੍ਹਾਉਣ ਜਾਣ ਦੇ, ਘਰੋਂ ਹੀ ਨਾ ਨਿਕਲਿਆ। ਮਾਤਾ ਖ਼ੁਸ਼ ਸਨ ਕਿ ਮੁੰਡਾ ਰਾਜ ਹੋ ਗਿਆ ਹੈ। ਪਿਤਾ ਜੀ ਕਹਿੰਦੇ ਸਨ,“ਕਾਕਾ, ਅੰਦਰੇ ਨਾ ਪਿਆ ਰਿਹਾ ਕਰ।" ਮੈਂ ਚੁੱਪ ਚਾਪ ਪਿਉ ਪੁੱਤਰ ਲਿਖਦਾ ਰਹਿੰਦਾ—ਉਸੇ ਤਰ੍ਹਾਂ, ਜਿਵੇਂ ਖ਼ੌਲ ਵਿਚ ਰੇਸ਼ਮ ਦਾ ਕੀੜਾ, ਰੇਸ਼ਮ ਦੀਆਂ ਤੰਦਾਂ ਬਣਦਾ ਹੈ, ਸੁੱਧ ਬੁੱਧ ਗਵਾ ਕੇ—ਅੰਤਰੀਵ ਰੀਝ ਅਤੇ ਪ੍ਰੇਰਣਾ ਦਾ ਬੱਝਾ।

ਏਸੇ ਤਰ੍ਹਾਂ, ਇਕ ਵਾਰ ੧੯੪੨ ਵਿਚ, ਲਾਹੌਰ ਦੇ ਸਟੇਸ਼ਨ ਉੱਤੇ ਮੈਂ ਇਕ ਸਰਦਾਰ ਨੂੰ ਫ਼ਸਟ ਕਲਾਸ ਦੇ ਡੱਬੇ ਵਿੱਚੋਂ ਉਤਰਦਿਆਂ ਤੱਕਿਆ। ਉਸ ਦੇ ਪਿੱਛੇ ਪਿੱਛੇ ਅੱਗੜ-ਪਿੱਛੜ ਤਿੰਨ ਜਾਂ ਚਾਰ ਜਵਾਨ ਕੁੜੀਆਂ ਉਤਰੀਆਂ ਅਤੇ ਉਤਰਦੇ ਸਾਰ ਹੀ, ਕੋਈ ਆਪਣੇ ਵੈਨਿਟੀ ਬੰਗ ਨੂੰ ਦੇਖਣ ਲੱਗ ਗਈ, ਕੋਈ ਦੁਪੱਟਾ ਸਵਾਰਨ ਲਗ ਪਈ ਤੇ ਕੋਈ ਐਨਕ ਠੀਕ ਕਰਨ ਲਗ ਪਈ। ਇਕ ਦੇ ਕੋਲ ਚਿਤਰਕਾਰੀ ਦਾ ਸਾਮਾਨ ਸੀ, ਦੂਜੀ ਉਤਰਦਿਆਂ ਹੀ ਆਪਣੇ ਕੁੱਤੇ ਨਾਲ ਕਲੋਲ ਕਰਨ ਲਗ ਪਈ ਤੇ ਬੁੱਢਾ ਸਰਦਾਰ ਸਿਰ ਲਮਕਾਈ, ਇਕ ਪਾਸੇ ਟਰੰਕ ਉੱਤੇ ਜਾ ਬੈਠਾ। ਮੈਂ ਉਸ ਦੀ ਤਰਸਯੋਗ ਹਾਲਤ ਵੇਖੀ

੧੪