ਪੰਨਾ:Alochana Magazine January, February and March 1965.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ਉਸ ਦੀ ਹਾਲਤ ਉੱਤੇ ਇਕ ਠੰਢੀ ਆਹ ਭਰੀ। ਗੱਲ ਆਈ ਗਈ ਹੋ ਗਈ, ਪਰ ਜਦੋਂ ੧੯੪੮ ਵਿਚ ਮੈਂ ਫ਼ਰੀਦਕੋਟ ਨੌਕਰ ਹੋਇਆ ਤਾਂ ਇਕ ਦਿਨ ਕਲੱਬ ਵਿਚ ਬਿਲੀਅਰਡ ਖੇਡਦਿਆਂ, ਕੈਨਨ ਬਣਾਉਂਦਿਆਂ, ਪਤਾ ਨਹੀਂ ਇਹ ਦਿੱਸ ਕਿੱਥੋਂ ਯਾਦ ਆ ਗਿਆ। ਬਿਲੀਅਰਡ ਦੇ ਗੇਂਦ ਵਿਸ਼ਾਲ ਆਕਾਰ ਧਾਰਨ ਕਰ ਗਏ, ਅਤੇ ਉਨ੍ਹਾਂ ਉੱਤੇ ਉਸ ਬੁੱਢੇ ਸਰਦਾਰ ਅਤੇ ਉਸ ਨਾਲ ਉਤਰੀਆਂ ਕੁੜੀਆਂ ਦੇ ਚਿਹਰੇ ਮੋਹਰੇ ਉੱਭਰ ਆਏ। ਫੋਰ ਤਕਰੀਬਨ ਦੋ ਸਾਲ, ਸਮੇਂ ਸਮੇਂ, ਮੈਂ ਕਲੱਬ ਵਿਚ ਬਿਲੀਅਰਡ ਜਾਂ ਟੈਨਿਸ ਖੇਡਦਾ ਰਿਹਾ। ਲੋਕਾਂ ਨੂੰ ਤਿੰਨ-ਪੱਤੀ ਖੇਡਦਿਆਂ, ਦਾਰੂ ਪੀਂਦਿਆਂ ਜਾਂ ਸਟੇਡੀਅਮ ਦੀਆਂ ਪੌੜੀਆਂ ਉੱਤੇ ਅੱਡ ਅੱਡ ਮੌਸਮਾਂ ਵਿਚ ਬੈਠ ਕੇ ਗੱਲਾਂ ਕਰਦਿਆਂ, ਆਪਣੀਆਂ ਜਾਂ ਦੂਸਰਿਆਂ ਦੀਆਂ ਔਰਤਾਂ ਨਾਲ ਕਲੋਲ ਕਰਦਿਆਂ, ਵੇਖਦਾ ਰਿਹਾ ਸੈਂਕੜੇ ਵਾਰ ਉਹੀ ਬੁੱਢਾ ਸਰਦਾਰ ਤੇ ਉਸ ਦੀਆਂ ਨੌਜਵਾਨ ਕੁੜੀਆਂ ਦੇ ਰਾਂਗਲੇ ਪਰਛਾਵੇਂ ਮੇਰੀਆਂ ਅੱਖੀਆਂ ਸਾਹਮਣੇ ਆਏ ਅਤੇ ਛਲੇਡਿਆਂ ਵਾਂਗ ਲੋਪ ਹੋ ਗਏ। ਫੇਰ ਇਕ ਵਾਰ ਮੈਂ ਕੋਈ ਇਕ ਮਹੀਨਾ ਅਮ੍ਰਿਤਸਰ ਰਿਹਾ। ਉਸ ਅਰਸੇ ਵਿਚ ਮੈਂ ਕੋਈ ਅਜਿਹਾ ਪਰਛਾਵਾਂ ਜਾਂ ਛਲੇਡਾ ਨਾ ਦੇਖਿਆ, ਜਿਹੜਾ ਮੈਨੂੰ ਪੁਰਾਣੀ ਘਟਨਾ ਦੀ ਯਾਦ ਕਰਾਉਂਦਾ ਅਤੇ ਜਦੋਂ ਮੈਂ ਫ਼ਰੀਦਕੋਟ ਮੁੜਿਆ ਤਾਂ ਤੜਕੇ ਦੀ ਬੱਸ ਵਿਚ ਆਉਂਦਿਆਂ ਮੈਨੂੰ ਠੰਢ ਲਗ ਗਈ ਤੋਂ ਮੈਂ ਬੀਮਾਰ ਹੋ ਗਿਆ। ਇਸ ਬੀਮਾਰੀ ਵਿਚ ਮੈਨੂੰ ਨੀਂਦਰ ਘੱਟ ਆਉਂਦੀ ਸੀ। ਮੈਂ ਚੱਵੀ ਘੰਟੇ ਸੋਚਦਾ ਰਹਿੰਦਾ ਸਾਂ। ਇਕ ਰਾਤ ਨੂੰ ਮੈਂ ਦੋ ਵਜੇ ਉੱਠਿਆ, ਬੇ-ਹਿਸਾਬਾ ਬੁਖ਼ਾਰ ਸੀ ਤੇ ਂ ਸਿਰ ਵੀ ਭਾਰਾ ਭਾਰਾ ਸੀ। ਮੈਂ ਨਾਈਟ ਗਾਊਨ ਪਾ ਕੇ, ਹੀਟਰ ਲਾਗੇ ਬੈਠ ਗਿਆ ਅਤੇ ਲਿਖਣ ਲਗ ਪਿਆ। ਮੈਂ ਪੂਰੇ ਹੌਸ਼ ਹਵਾਸ ਵਿਚ ਸਾਂ ਤੇ ਬੀਮਾਰੀ ਨੂੰ ਵਿਸਾਰ ਚੁੱਕਾ ਸਾਂ। ਮੈਂ ਇੱਕ ਬੈਠਕ ਵਿਚ ਅੱਠ ਘੰਟੇ ਲਿਖਦਾ ਰਿਹਾ। ਮੈਂ ਉਨ੍ਹਾਂ ਦਿਨਾਂ ਵਿਚ ਅਣਵਿਆਹਿਆ ਸਾਂ ਅਤੇ ਮੇਰੇ ਨੌਕਰ ਨੂੰ ਪਤਾ ਸੀ ਕਿ ਸਰਦਾਰ ਜੀ ਬੀਮਾਰ ਹਨ ਅਤੇ ਆਪਣੀ ਮਰਜ਼ੀ ਨਾਲ ਉੱਠਣਗੇ। ਜਦੋਂ ਉਹ ਚਾਹ ਆਦਿ ਪੁੱਛਣ ਆਇਆ ਤਾਂ ਮੈਂ ‘ਰੰਗ ਮਹੱਲ' ਦੇ ਦੋ ਕਾਂਡ ਲਿਖ ਚੁੱਕਾ ਸਾਂ। ਹੈਰਾਨੀ ਦੀ ਗੱਲ ਇਹ ਹੈ ਕਿ ਉਸੇ ਦਿਨ ਮੇਰਾ ਬੁਖ਼ਾਰ ਉਤਰ ਗਿਆ ਤੇ ਮੇਰਾ ਸਰੀਰ ਹਲਕਾ ਫੁੱਲ ਹੋ ਗਿਆ। ਅਗਲੇ ਪੰਦਰਾਂ ਦਿਨ ਮੈਂ ਇਹੋ ਹੀ ਅਮਲ ਦੁਹਰਾਉਂਦਾ ਰਿਹਾ।ਹਰ ਰੋਜ਼, ਬਿਨਾਂ ਕਿਸੇ ਬਾਹਰੀ ਟੁੰਬ ਦੇ, ਮੈਂ ਇਕ ਜਾਂ ਦੋ ਵਜੇ ਉੱਠਦਾ ਮਾਂ ਸਵੇਰੇ ਕੋਈ ਯਾਰਾਂ ਵਜੇ ਕਾਲਜ ਜਾਣ ਤੋਂ ਪਹਿਲਾਂ ਛੇ ਜਾਂ ਸੱਤ ਘੰਟੇ ਲਿਖਦਾ, ਕਾਲਜ ਪੜ੍ਹਾਉਂਦਾ, ਸ਼ਾਮ ਨੂੰ ਕਲੱਬ ਵਿਚ ਜਾ ਕੇ ਬਿਲੀਅਰਡ ਖੇਡਦਾ, ਗੱਪ ਸ਼ੱਪ ਮਾਰਦਾ, ਕਈ ਵਾਰ ਕਲੱਬ ਜਾਣ ਦੀ ਥਾਂ ਲੰਮੀ ਸੈਰ ਕਰਦਾ, ਪਰ ਰਾਤ ਨੂੰ ਜਗਰਾਤਾ ਕੱਟ ਕੇ ਨਾਵਲ ਲਿਖਦਾ ਸਾਂ। ਮੈਂ ਦੁਪਹਿਰੋ ਕੋਈ ਦੋ ਘੰਟੇ ਸੌਂਦਾ ਤੇ ਮੇਰੀ ਸਾਰੀ ਨੀਂਦਰ ਦਾ ਸਮਾਂ ਤਿੰਨ ਜਾਂ ਚਾਰ ਘੰਟੇ ਹੀ ਬਣਦਾ ਸੀ ਪਰ ਮੈਂ ਕੋਈ ਅਕੇਵਾਂ ਜਾਂ ਥਕੇਵਾਂ ਮਹਿਸੂਸ ਨਹੀਂ ਸਾਂ ਕਰਦਾ।

੧੫