ਪੰਨਾ:Alochana Magazine January, February and March 1965.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ, ਪਰ ਆਪਣੀ ਪੂਰੀ ਈਮਾਨਦਾਰੀ ਅਤੇ ਆਲੋਚਕਾਂ ਦੀ ਸਾਰੀ ਸਿਰ-ਖਪਾਈ ਦੇ ਬਾਵਜੂਦ ਮੈਂ ਬੋਲੀ ਦੀਆਂ ਊਣਤਾਈਆਂ ਦੀ ਪੂਰਤੀ ਨਹੀਂ ਕਰ ਸਕਿਆ ਅਤੇ ਉਪਨਿਆਸ ਦੀ ਬੋਲੀ ਦਾ ਸਰੂਪ ਮੇਰੀ ਕਲਪਨਾ ਵਿਚ ਪ੍ਰਤੱਖ ਨਹੀਂ। ਬੋਲੀ ਦੀ ਸਮੱਸਿਆ ਬਾਰੇ ਵਿਚਾਰ ਕਰ ਕੇ ਮੈਂ ਇਸ ਪੀਡੀ ਗੁੰਝਲ ਦੀਆਂ ਕੁੱਝ ਤੰਦਾਂ ਨਿਖੇੜ ਸਕਿਆ ਹਾਂ ਪਰ ਹਾਲੇ ਤੱਕ ਮੈਨੂੰ ਉਹ ਇਰਾ ਨਹੀਂ ਲੱਭਾ ਜਿਸ ਦੁਆਰਾ ਕਿ ਮੈਂ ਪੋਚਲੀ ਗੰਢ ਦੇ ਧਾਗੇ ਨੂੰ ਇਕ ਨਵੀਂ ਰੀਲ ਉੱਤੇ ਚੜ੍ਹਾ ਸਕਾਂ। ਆਖ਼ਰ ਬੋਲੀ ਦੀ ਸ਼ੁੱਧਤਾ ਬਾਰੇ, ਬੋਲੀ ਦੇ ਵਿਕ੍ਰਿਤ ਰੂਪ ਬਾਰੇ, ਏਨਾ ਰੌਲਾ ਕਿਉਂ ਹੈ? ਕੀ ਕਦੇ ਪੰਜਾਬੀ ਵਾਰਤਕ ਵਿਚ ਕੋਈ ਅਜਿਹਾ ਲੇਖਕ ਵੀ ਹੋਇਆ ਹੈ ਜਿਸ ਨੇ ਕਦੇ ਬੋਲੀ ਦਾ ਸਰਵ-ਸ੍ਰੇਸ਼ਟ ਰੂਪ ਸਾਡੇ ਅੱਗੇ ਰੱਖਿਆ ਹੋਵੇ? ਇਸ ਬਾਰੇ ਵਿਚਾਰ ਕਰਦਿਆਂ, ਮੈਂ ਪੁਰਾਣੀ ਤੇ ਨਵੀਂ ਵਾਰਤਕ ਦੇ ਅਨੇਕ ਰਚਣਹਾਰਿਆਂ ਦੀਆਂ ਕ੍ਰਿਤੀਆਂ ਦੇ ਨਮੂਨੇ ਵੇਖੇ ਹਨ।ਆਧੁਨਿਕ ਕਾਲ ਦੇ ਵਾਰਤਕ-ਲਿਖਾਰੀਆਂ ਵਿਚ ਨਾ ਤਾਂ ਪੁਰਾਣੀ ਵਾਰਤਕ ਦੇ ਲਿਖਾਰੀਆਂ ਵਾਲਾ ਸੰਜਮ ਹੈ ਅਤੇ ਨਾ ਹੀ ਉਹ ਉੱਜਲ-ਦੀਦਾਰੀ ਹੈ ਜਿਹੜੀ ਕਿਸੇ ਰਚਨਾ ਦੇ ਮਸਤਕ ਨੂੰ ਉਜਾਗਰ ਕਰ ਦਿੰਦੀ ਹੈ। ਆਖ਼ਰ ਇਹ ਕਿਉਂ ਹੈ? ਇਸ ਬਾਰੇ ਮੈਂ ਆਪਣੇ ਵਿਚਾਰ ਸੁਹਿਰਦ ਲੇਖਕਾਂ, ਆਲੋਚਕਾਂ ਤੇ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ।

ਜਦੋਂ ਕੋਈ ਲੇਖਕ ਕਿਸੇ ਨਵੇਂ ਵਿਸ਼ੇ ਦੀ ਚੋਣ ਕਰਦਾ ਹੈ ਤਾਂ ਅਜਿਹਾ ਕਰਨ ਲੱਗਿਆਂ ਉਹ ਵਿਅਕਤੀਗਤ ਰੂਪ ਵਿਚ ਆਪਣੀ ਸਮਾਜਿਕ ਚੇਤਨਾ ਤੋਂ ਨਿੱਖੜ ਕੇ ਚਲਦਾ ਹੈ ਅਤੇ ਕਈ ਵਾਰ ਉਸ ਦੇ ਕਦਮਾਂ ਹੇਠਾਂ ਨਵੀਂ ਕਲਪਣਾ ਦੀ ਉਪਜ, ਕੂਲੀ, ਹਰਿਆਵਲ-ਭਰੀ, ਖ਼ੁਸ਼ਬੂ ਭਿੰਨੇ ਵਾਤਾਵਰਣ ਵਾਲੀ ਧਰਤੀ ਹੁੰਦੀ ਹੈ। ਉਸ ਦੇ ਪੱਬ ਜ਼ਮੀਨ ਤੇ ਨਹੀਂ ਟਿਕਦੇ ਅਤੇ ਉਹ ਉਡਾਰੀਆਂ ਲਾਉਣ ਉੱਤੇ ਮਜਬੂਰ ਹੋ ਜਾਂਦਾ ਹੈ। ਇਸ ਦੇ ਸਿੱਟੇ ਵਜੋਂ ਉਸ ਦੀ ਵਾਰਤਕ ਵਿਚ, ਪੁਰਾਣੇ ਯਾਤਰੂਆਂ ਵਾਂਗ, ਟਿਕਾਉ ਨਹੀਂ ਰਹਿੰਦਾ—ਅਜਿਹੇ ਯਾਤਰੂ, ਜਿਹੜੇ ਪਰੰਪਰਾ ਦੇ ਯੁਗਾਂ ਯੁਗਾਂਤਰਾਂ ਤੋਂ ਚਲੇ ਆ ਰਹੇ ਸ਼ਾਹਰਾਹ ਉੱਤੇ ਚਲ ਰਹੇ ਹੋਣ। ਪੂਰਨ ਸਿੰਘ ਅਜਿਹਾ ਹੀ ਵਾਰਤਕ ਲਿਖਾਰੀ ਸੀ। ਜੇਕਰ ਉਹ ਆਪਣੇ ਪੈਰਾਂ ਹੇਠਾਂ ਦੀ ਨਰੋਈ ਮਿੱਟੀ ਦੀ ਛੋਹ ਨੂੰ ਆਪਣੀ ਵਾਰਤਕ ਦੁਆਰਾ ਰੂਪਮਾਨ ਨਾ ਕਰਦਾ ਤਾਂ ਉਹ ਭਾਈ ਵੀਰ ਸਿੰਘ ਤਾਂ ਭਾਵੇਂ ਬਣ ਜਾਂਦਾ, ਪੂਰਨ ਸਿੰਘ ਨਹੀਂ ਸੀ ਬਣ ਸਕਦਾ। ਇਸ ਤਰ੍ਹਾਂ ਇਕ ਪ੍ਰਮਾਣਿਕ ਟੀਚੇ ਦੇ ਅਭਾਵ ਦੇ ਕਾਰਣ ਆਧੁਨਿਕ ਵਾਰਤਕ ਲਿਖਾਰੀ ਦੀ ਵਾਰਤਕ ਦੀ ਸ਼ੁੱਧਤਾ ਜਾਂ ਨਖਸ਼ਿਖ ਦੇ ਸੁਚੱਜ ਦਾ ਨਿਰਣਾ, ਉਸ ਦੇ ਵਿਸ਼ੇ ਨੂੰ ਅੱਖੋਂ ਉਹਲੇ ਰੱਖ ਕੇ ਨਹੀਂ ਹੋ ਸਕਦਾ। ਮੇਰੇ ਕਈ ਆਲੋਚਕਾਂ ਨੇ ਮੇਰੇ ਨਾਵਲਾਂ ਵਿਚ ਆਏ ਲੰਬੇ ਲੰਬੇ ਵਾਕਾਂ, ਬੇ-ਮੁਹਾਰੇ ਪੈਰਿਆਂ, ਉਲਝਾਊ ਅਲੰਕਾਰਾਂ ਤੇ ਨੇੜੇ ਤੇੜ ਬਿੰਬਾਵਲੀ ਦਾ ਜ਼ਿਕਰ ਕੀਤਾ ਹੈ, ਪਰ ਉਹ ਭੁੱਲ ਜਾਂਦੇ ਹਨ ਕਿ ਬੋਲੀ ਤਾਂ ਕੇਵਲ ਵਸਤੂ ਦੇ ਸਰੀਰ ਨੂੰ ਲੁਕਾਉਣ ਵਾਲਾ ਇਕ ਉਹਲਾ ਹੈ। ਵਸਤੂ ਦੇ ਸਰੀਰ ਉੱਤੇ ਮੈਂ ਫਬਵੇਂ, ਭਾਵੇਂ ਕੁਚੱਜੇ ਲਿਬਾਸ ਪੁਆਏ ਹਨ, ਪਰ ਵਸਤੂ ਤੋਂ ਅੱਡਰਾ ਕਰਕੇ ਬੋਲੀ ਦੀ ਨਿਰਖ ਪਰਖ

੧੮