ਪੰਨਾ:Alochana Magazine January, February and March 1965.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਸ ਵਿਚ ਉਹ ਗੰਭੀਰਤਾ ਨਹੀਂ ਜਿਹੜੀ ਨਾਮ-ਖ਼ੁਮਾਰੀ ਤੋਂ ਉਪਜਦੀ ਹੈ। ਮੈਂ ਆਪਣੀਆਂ ਨਾਇਕਾਵਾਂ ਤੇ ਨਾਇਕਾਂ ਬਾਰੇ ਏਨਾ ਕਹਿਣਾ ਚਾਹੁੰਦਾ ਹਾਂ ਕਿ ਬੋਲੀ ਦੁਆਰਾ ਉਨ੍ਹਾਂ ਦੇ ਮਨ ਦਾ ਵੇਗ ਇਕ ਅਜਿਹੇ ਪ੍ਰਗਟਾਵੇ ਦਾ ਰੂਪ ਧਾਰਣ ਕਰਦਾ ਹੈ ਜਿਸ ਵਿਚ ਸ਼ੁੱਧਤਾ, ਸੰਜਮ ਅਤੇ ਪਵਿੱਤਰਤਾ ਨਹੀਂ, ਪਰ ਸਪਸ਼ਟਤਾ, ਸਰਲਤਾ ਅਤੇ ਨਿਝੱਕਪੁਣਾ ਜ਼ਰੂਰ ਹੈ। ਜੇਕਰ ਮੈਂ ਬੋਲੀ ਦੀ ਪੁਰਾਤਨ ਪਰੰਪਰਾ ਨੂੰ ਮੁੱਖ ਰੱਖਦਾ ਤਾਂ ਧੂੰਦਾਰ ਸ਼ੀਸ਼ਿਆਂ ਉਹਲੇ ਮੇਰੇ ਪਾਤਰਾਂ ਦਾ ਨਖਸ਼ਿਖ ਵਿਗੜ ਜਾਣਾ ਸੀ। ਮੇਰੇ ਪਾਤਰ ਕੁਹਜੇ ਹਨ, ਬੇਸ਼ਕਲੇ ਤੇ ਬਦਸ਼ਗਨੇ ਹਨ ਪਰ ਉਨ੍ਹਾਂ ਦਾ ਜੀਵਨ ਅਜਿਹੀਆਂ ਚਿੱਟੀਆਂ ਝਬਰਾਂ ਵਾਂਗ ਨਹੀਂ, ਜਿਨ੍ਹਾਂ ਵਿਚ ਕਿ ਜਰਜਰੇ ਪਿੰਜਰਾਂ ਨੂੰ ਪਿਛਾਂਹ-ਖਿੱਚੂ ਰੁਚੀਆਂ, ਕੀੜੇ ਬਣ ਕੇ ਖਾਂਦੀਆਂ ਹੋਣ। ਮੇਰੇ ਪਾਤਰ ਦਿਨ ਦੇ ਚਿੱਟੇ ਚਾਨਣ ਵਿਚ ਵਿਚਰਦੇ ਹਨ, ਆਪਣੇ ਨੰਗੇਜ ਤੋਂ ਜਾਣੂ ਹਨ, ਆਪਣੇ ਕੁਹਜ ਨੂੰ ਲੁਕਾਉਂਦੇ ਨਹੀਂ, ਅਤੇ ਘੱਟੋ ਘੱਟ ਮੈਂ ਤਾਂ ਉਨ੍ਹਾਂ ਨੂੰ ਸ਼ਾਬਾਸ਼ ਆਖਦਾ ਹਾਂ ਕਿ ਸ਼ਰੀਫ਼ਾਨਾ ਦੰਭ ਤੋਂ ਬਚਦੇ, ਭਲਮਣਸਾਈ ਦਾ ਝੂਠਾ ਦਾਵਾ ਨਹੀਂ ਕਰਦੇ। ਅਜਿਹੇ ਪਾਤਰਾਂ ਨੂੰ ਮੈਂ ਸਾਊ ਬੋਲੀ ਕਿੱਥੋਂ ਦਿੰਦਾ? ਉਹ ਪਾਤਰ ਜਿਨ੍ਹਾਂ ਦਾ ਅੰਦਰਲਾ ਤੇੜੋਂ ਤੋੜ ਹੈ, ਜਿਨ੍ਹਾਂ ਦਾ ਵਾਤਾਵਰਣ ਨਿੱਤ ਘਟਦੀਆਂ ਤਬਦੀਲੀਆਂ ਦੇ ਕਾਰਣ, ਭੂ-ਕੰਪ ਦੀ ਭੁਆਟਣੀ ਪਿੱਛੋਂ ਦੇ ਚੌਗਿਰਦੇ ਵਾਂਗ ਉੱਖੜਿਆ ਪੁੱਖੜਿਆ ਹੈ, ਭਲਾ ਅਜਿਹੇ ਪਾਤਰ ਆਪਣੇ ਵਾਕਾਂ ਨੂੰ, ਆਪਣੇ ਵਾਕੰਸ਼ਾਂ ਨੂੰ, ਕਿਸੇ ਪ੍ਰਕਾਰ ਸਾਊ, ਸਬਲ ਤੇ ਪਰੰਪਰਾਗਤ ਬਣਾ ਸਕਦੇ ਸਨ? ਕਾਸ਼! ਮੇਰੀ ਬੋਲੀ ਦੇ ਆਲੋਚਕਾਂ ਨੇ ਪੂਰਬੀ ਤੇ ਪੱਛਮੀ ਵਿਦਵਾਨਾਂ ਦੇ ਉਹ ਨਾਵਲ ਪੜ੍ਹੇ ਹੁੰਦੇ, ਜਿਨ੍ਹਾਂ ਵਿਚ ਬੋਲੀ ਨੂੰ ਇਕ ਮਾਧਿਅਮ ਦੇ ਰੂਪ ਵਿਚ ਵਰਤਿਆ ਗਿਆ ਹੈ, ਟੀਚੇ ਦੇ ਰੂਪ ਵਿਚ ਨਹੀਂ। ਮੇਰਾ ਤੇ ਮੇਰੇ ਸਮਕਾਲੀਆਂ ਦਾ ਕਸੂਰ ਇਹ ਹੈ ਕਿ ਅਸਾਂ ਆਪਣੇ ਵਿਸ਼ੇ ਨਾਲ ਈਮਾਨਦਾਰੀ ਵਰਤਦਿਆਂ, ਬੋਲੀ ਨਾਲ ਬੇਵਫ਼ਾਈ ਨਹੀਂ ਕੀਤੀ। ਕਈ ਵਾਰ ਇਸ ਗੱਲ ਦੇ ਉਦਾਹਰਣ ਦਿਤੇ ਜਾਂਦੇ ਹਨ ਕਿ ਫ਼ਲਾਣੇ ਦੇਸ ਦੇ ਫ਼ਲਾਣੇ ਨਾਵਲਕਾਰ ਦੇ ਫ਼ਲਾਣੇ ਨਾਵਲ ਦਾ ਵਿਸ਼ਾ ਪ੍ਰਗਤੀਸ਼ੀਲ ਹੈ ਤੇ ਬੋਲੀ ਪਰੰਪਰਾ ਤੇ ਵਿਦਵਤਾ ਦਾ ਸਿਖਰ। ਮੈਂ ਬੜੀ ਨਿਮਰਤਾ ਨਾਲ ਆਪਣੇ ਪਾਠਕਾਂ ਤੇ ਆਲੋਚਕਾਂ ਤੋਂ ਪੁੱਛਦਾ ਹਾਂ ਕਿ ਕੀ ਪਾਤਰਾਂ ਦੀ ਬੋਲੀ ਉਨ੍ਹਾਂ ਦੇ ਕਰਮ ਤੋਂ ਅੱਡਰੀ ਹੋ ਸਕਦੀ ਹੈ? ਤੇ ਅੱਜ ਸਾਡੇ ਭਾਰਤੀ ਸਮਾਜ ਦੇ ਪਾਤਰਾਂ ਦਾ ਕਰਮ ਕੀ ਹੈ—-ਜੀਵਨ ਤੋਂ ਭਾਂਜ, ਆਤਮਾ ਨਾਲ ਵਿਸ਼ਵਾਸ਼ਘਾਤ, ਸਮਾਜਿਕ ਜ਼ਿੰਮੇਵਾਰੀ ਤੋਂ ਮੂੰਹ-ਮੋੜਨ ਤੇ ਨਿੱਜੀ ਅਨੁਭਵ ਉੱਤੇ ਪਰਦਾਪੋਸ਼ੀ? ਤੇ ਕੀ ਇਸ ਸਾਰੇ ਪਖੰਡ-ਪਸਾਰੇ ਨੂੰ ਨੰਗਿਆਂ ਕਰਨ ਲਈ ਬੋਲੀ, ਬੇਹਯਾਈ ਦੀ ਹੱਦ ਤਕ ਸਪਸ਼ਟ ਨਹੀਂ ਹੋਣੀ ਚਾਹੀਦੀ—ਫਿਟੇ ਮੂੰਹ ਕਹਿਣ ਦੀ ਸੀਮਾ ਤੱਕ ਸੰਖੇਪ ਤੇ ਸਰਲ, ਅਲੰਕਾਰਾਂ ਤੋਂ ਰਹਿਤ, ਅਟਕ ਮਟਕ ਤੋਂ ਸੱਖਣੀ ਅਤੇ ਬਿੰਬਾਵਲੀ ਦੇ ਹਾਰ ਸ਼ਿੰਗਾਰ ਤੋਂ ਮੁਕਤ? ਬੋਲੀ ਦੀ ਕਿਸੇ ਹੋਰ ਤਰ੍ਹਾਂ ਦੀ ਚੋਣ, ਵਿਸ਼ੇ ਨਾਲ ਧ੍ਰੋਹ, ਪਾਠਕਾਂ ਨਾਲ ਦਗ਼ਾ, ਪਾਤਰਾਂ ਨਾਲ ਬੇਵਫ਼ਾਈ ਤੇ ਸਮੇਂ ਨਾਲ ਧੋਖਾ ਹੈ। ਮੈਂ ਆਪਣੀ ਬੋਲੀ ਬਾਰੇ ਸ਼ਰਮਸਾਰ ਨਹੀਂ ਅਤੇ ਮੇਰੇ

२०