ਪੰਨਾ:Alochana Magazine January, February and March 1965.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਨੀਤੀ ਧਾਰਨ ਕਰਨ ਲੱਗੇ ਹਾਂ ਕਿ ਕੋਈ ਸਮਾਂ ਸੀ ਜਦੋਂ ਦੁਨੀਆ ਂ ਦੀ ਕੋਈ ਵੀ ਭਾਸ਼ਾ ਮਨੁੱਖੀ ਅਨੁਭੂਤੀਆਂ ਜਾਂ ਗਿਆਨ ਤੇ ਵਿਗਿਆਨ ਨੂੰ ਪੂਰੀ ਤਰ੍ਹਾਂ ਵਿਅਕਤ ਕਰਨ ਦੇ ਸਮਰੱਥ ਨਹੀਂ ਸੀ ਪਰ ਜਦੋਂ ਕਿਸੇ ਵਿਦਵਾਨ ਨੇ ਉਸ ਨੂੰ ਮਾਧਿਅਮ ਬਣਾਉਣ ਦੀ ਦਲੇਰੀ ਕੀਤੀ, ਉਸ ਵਿਚ ਉੱਨਤੀ ਦੀ ਸੰਭਾਵਨਾ ਜਾਗ ਪਈ। ਹਰ ਉੱਨਤ ਭਾਸ਼ਾ ਦਾ ਇਤਿਹਾਸ ਤਕਰੀਬਨ ਇੱਕ ਤਰ੍ਹਾਂ ਦੇ ਰਸਤਿਆਂ ਉੱਤੋਂ ਦੀ ਲੰਘਿਆ ਹੈ ਤੇ ਹਰ ਇਕ ਬੋਲੀ ਵਿਚ ਕਿਸੇ ਦੂਜੀ ਬੋਲੀ ਵਰਗੀ ਉੱਨਤੀ ਕਰ ਲੈਣ ਦੀ ਸੰਭਾਵਨਾ ਮੌਜੂਦ ਹੁੰਦੀ ਹੈ। ਪੰਜਾਬੀ ਨੂੰ ਅਸੀਂ ਉਨ੍ਹਾਂ ਬੋਲੀਆਂ ਵਿਚ ਸ਼ਾਮਿਲ ਕਰਨ ਤੋਂ ਇਨਕਾਰ ਕਰਦੇ ਹਾਂ ਜਿਨ੍ਹਾਂ ਦੀ ਉੱਨਤੀ-ਮੁਖੀ ਅਵਸਥਾ ਬਾਰੇ ਕਿਸੇ ਤਰ੍ਹਾਂ ਦਾ ਸ਼ੱਕ ਹੋ ਸਕਦਾ ਹੈ। ਜਿਸ ਬੋਲੀ ਦਾ ਹਜ਼ਾਰ ਵਰ੍ਹੇ ਦਾ ਇਤਿਹਾਸ ਹੋਵੇ, ਹਜ਼ਾਰਾਂ ਦੀ ਗਿਣਤੀ ਵਿਚ ਲਿਖਣ ਵਾਲੇ ਹੋ ਗੁਜ਼ਰੇ ਹੋਣ ਜਾਂ ਮੌਜੂਦ ਹੋਣ ਤੇ ਕਰੋੜਾਂ ਮਨੁੱਖ ਉਸ ਨੂੰ ਆਪਣੀ ਮਾਦਰੀ ਭਾਸ਼ਾ ਮੰਨਦੇ ਹੋਣ,—ਉਸ ਬੋਲੀ ਦੀ ਸਮਰੱਥਾ ਤੇ ਸੰਭਾਵਨਾ ਬਾਰੇ ਕਦੀ ਸ਼ੱਕ ਦੀ ਗੁੰਜਾਇਸ਼ ਹੋਣੀ ਹੀ ਨਹੀਂ ਸੀ ਚਾਹੀਦੀ। ਪੰਜਾਬੀ ਦੀ ਪ੍ਰਗਟਾਉ-ਕੁਸ਼ਲਤਾ ਬਾਰੇ ਨਿਸਚਿੰਤ ਹੋਣ ਕਰਕੇ, ਤੇ, ਆਪਣੇ ਪੰਜਾਬ ਦੇ ਵਿਦਵਾਨਾਂ ਦੀ ਯੋਗਤਾ ਉੱਤੇ ਵਿਸ਼ਵਾਸ਼ ਹੋਣ ਦੇ ਕਾਰਨ, ਅਸੀਂ ਆਲੋਚਨਾ ਵਿਚ ਛਪਣ ਵਾਲੇ ਮਜ਼ਮੂਨਾ ਉੱਤੇ ਸਿੱਧੇ ਪੰਜਾਬੀ ਵਿਚ ਲਿਖੇ ਹੋਣ ਦੀ ਕਰੜੀ ਸ਼ਰਤ · ਲਾ ਦਿੱਤੀ ਹੈ। ਪੰਜਾਬ ਦੇ ਜਿਨ੍ਹਾਂ ਵਿਦਵਾਨਾਂ ਨੂੰ ਅੱਗੇ ਪੰਜਾਬੀ ਵਿਚ ਲਿਖਣ ਦਾ ਉੱਕਾ ਕੋਈ ਅਭਿਆਸ ਨਹੀਂ ਸੀ, ਉਨ੍ਹਾਂ ਨੂੰ ਜਦੋਂ ਆਲੋਚਨਾ ਲਈ ਪੰਜਾਬੀ ਵਿਚ ਉਚੇਚੇ ਲੇਖ ਲਿਖ ਕੇ ਦੇਣ ਦੀ ਬੇਨਤੀ ਕੀਤੀ ਗਈ ਤਾਂ ਕਈਆਂ ਦਾ ਪਹਿਲਾ ਪ੍ਰਤਿਕਰਮ ਨਿਰਾਸ਼ਾ ਦਾ ਸੀ ਤੇ ਕਈਆਂ ਦਾ ਹੈਰਾਨੀ ਵਾਲਾ:—‘ਪੰਜਾਬੀ ਵਿਚ ਤਾਂ ਸੱਚੀਂ ਮੈਂ ਕਦੀ ਲਿਖਿਆ ਹੀ ਨਹੀਂ..!', ਪਰ ਪੰਜਾਬੀ ਵਿਸ਼ੇਸ਼ੱਗਾਂ ਪਾਸੋਂ, ਪੰਜਾਬੀ ਤੋਂ ਬਿਨਾਂ, ਕਿਸੇ ਹੋਰ ਭਾਸ਼ਾ ਵਿਚ ਕੋਈ ਵੀ ਲੇਖ ਸ੍ਰੀਕਾਰ ਕਰਨ ਤੋਂ ਪੱਕੀ ਨਾਂਹ ਕਰਨ ਦਾ ਨਤੀਜਾ ਇਹ ਹੋਇਆ ਹੈ ਕਿ ਕਈ ਮਿਹਰਬਾਨਾਂ ਨੂੰ ਸਿੱਧੇ ਪੰਜਾਬੀ ਵਿਚ ਲਿਖਣ ਦੀ ਸੰਗ ਤੋੜਨੀ ਪਈ ਹੈ। ਸਾਨੂੰ ਖ਼ੁਸ਼ੀ ਹੈ ਕਿ ਅਸੀਂ ਪਹਿਲੇ ਅੰਕ ਵਿਚ ਹੀ ਕੁੱਝ ਐਸੇ ਵਿਦਵਾਨਾਂ ਦੇ ਲੇਖ ਛਾਪ ਰਹੇ ਹਾਂ ਜਿਨ੍ਹਾਂ ਨੇ ਅੱਗੇ ਕਦੀ ਪੰਜਾਬੀ ਵਿਚ ਲਿਖਣ ਦਾ ਖ਼ਿਆਲ ਹੀ ਨਹੀਂ ਸੀ ਬਣਾਇਆ। ਜਿੱਥੇ ਅਸੀਂ ਇਨ੍ਹਾਂ ਵਿਦਵਾਨਾਂ ਦੇ ਸਹਿਯੋਗ ਲਈ ਅਤਿਅੰਤ ਰਿਤ-ਬੱਧ ਹਾਂ, ਉੱਥੇ ਸਾਨੂੰ ਇਹ ਕਹਿਣ ਵਿਚ ਸੰਕੋਚ ਨਹੀਂ ਕਿ ਇਹ ਤਜਰਬਾ ਇਨ੍ਹਾਂ ਦੋਸਤਾਂ ਨੂੰ ਵੀ ਕਈ ਪੱਖਾਂ ਤੋਂ ਲਾਹੇਵੰਦ ਸਾਬਤ ਹੋਵੇਗਾ। ਸਾਨੂੰ ਭਰੋਸਾ ਹੈ ਕਿ ਆਉਂਦੇ ਅੰਕਾਂ ਲਈ ਅਸੀਂ ਇਸ ਸ਼੍ਰੇਣੀ ਦੇ ਬਹੁਤ ਸਾਰੇ ਹੋਰ ਪੰਜਾਬੀ ਵਿਦਵਾਨਾਂ ਨੂੰ ਮੂਲ ਪੰਜਾਬੀ ਵਿਚ ਲਿਖਣ ਲਈ ਪ੍ਰੇਰ ਸਕਾਂਗੇ।

U