ਪੰਨਾ:Alochana Magazine July 1957.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਣਾ ਆਪਣੇ ਆਪ ਗ਼ਲਤ ਹੋ ਜਾਂਦਾ ਹੈ। ਜੇ ਅਸੀਂ ਵਾਰਸਾਂ ਦੀ ਦੱਸ ਅਨੁਸਾਰ ਜਨਮ-ਸਾਲ ੧੭੩੫ ਈ. ਮੰਨੀਏ ਤਾਂ ੧੭੯੯ ਈ. ਵਿੱਚ ਲਾਹੌਰ ਉਤੇ ਕਬਜ਼ਾ ਕਰਨ ਸਮੇਂ ਹਾਸ਼ਮ ਦੀ ਉਮਰ ੬੪ ਵਰੇ ਹੋ ਚੁਕੀ ਸੀ, ਇਸ ਲਈ ਇਸ ਬੁਢਾਪੇ ਸਮੇਂ ਇਸ਼ਕ ਦੀ ਘਟਨਾ ਦੀ ਚਰਚਾ ਕਰਨੀ ਇੱਕ ਫਜ਼ਲ ਜੇਹੀ ਗੱਲ ਹੈ।

ਇਸ਼ਕ-ਘਟਨਾਵਾਂ ਜੁਆਨੀ ਸਮੇਂ ਦੀਆਂ ਗੱਲਾਂ ਹੁੰਦੀਆਂ ਹਨ, ਹਾਸ਼ਮ ਨਾਲ ਵੀ ਇਹ ਘਟਨਾ ਜ਼ਰੂਰ ਵਾਪਰੀ ਹੋਵੇਗੀ ਪਰ ਇਸ ਦਾ ਸੰਬੰਧ, ਜੋ ਮੰਦੇ ਭਾਗੀ ਮ.ਰਣਜੀਤ ਸਿੰਘ ਨਾਲ ਜੋੜਿਆ ਗਇਆ ਹੈ, ਇਹ ਭੁੱਲ ਹੈ। ਕਾਰਣ ਇਸ ਦਾ ਇਹ ਹੈ ਕਿ ਰਵਾਇਤ ਦੀ ਕਲਪਣਾ ਨੇ ਹਾਸ਼ਮ ਦਾ ਬਾਕੀ ਸਭ ਕੁਝ ਵੀ ਮ. ਰਣਜੀਤ ਸਿੰਘ ਨਾਲ ਸੰਬੰਧਤ ਕੀਤਾ ਹੋਇਆ ਹੈ-ਉਹ ਰਾਜ-ਕਵੀ ਹੈ। ਦਰਬਾਰੀ ਕਵੀ ਹੈ, ਦੁਸਹਿਰੇ ਦੇ ਮੇਲੇ ਉੱਤੇ ਕਵਿਤਾ ਸੁਣਾਂਦਾ ਹੈ, ਮਹਾਰਾਜੇ ਦੀ ਬੀਮਾਰੀ ਸਮੇਂ ਇਲਾਜ ਕਰਦਾ ਹੈ ਤੇ ਕਈ ਵਾਰ ਸ਼ੇਅਰ ਸੁਣਾ ਕੇ ਹੀ ਦੁਖ ਦੂਰ ਕਰ ਦਿੰਦਾ ਹੈ, ਆਦਿ।

ਇਸ ਲਈ ਉਸ ਦੇ ਜੀਵਨ ਵਿਚ ਵਾਪਰੀ ਮਹਾਨ ਪ੍ਰੇਮ-ਘਟਨਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹੀ ਜੋੜ ਦਿੱਤੀ ਗਈ, ਜਦੋਂ ਕਿ ਇਸ ਨੂੰ ਇਤਿਹਾਸਕ ਹਮਾਇਤ ਨਹੀਂ ਸੀ।

ਮੇਰੀ ਰਾਇ ਵਿਚ ਜੁਆਨੀ ਵਿਚ ਹਾਸ਼ਮ ਨਾਲ ਪ੍ਰੇਮ-ਘਟਨਾ ਤਾਂ ਜ਼ਰੂਰ ਕੋਈ ਵਾਪਰੀ ਸੀ, ਖੁਦ ਹਾਸ਼ਮ ਨੇ ਸਪਸ਼ਟ ਸ਼ਬਦਾਂ ਵਿਚ ਇਸੇ ਗੱਲ ਵਲ ਸੰਕੇਤ ਕਰਦਿਆਂ ਆਖਿਆ ਹੈ:-

'ਦੂਨੀਆਂ ਯਾਰ ਕਿਸੇ ਦੀ ਨਾਹੀਂ, ਮਤਲਬਦਾਰ ਲੁਕਾਈ।
ਹਾਸ਼ਮ ਨਾਲ ਤੇਰੇ ਕੀ ਵਰਤੀ, ਨਾ ਕਰ ਬਾਤ ਪਈ।'੨੩

(ਸੋਹਣੀ)

ਇਕ ਸਾਰੀ ਦੀ ਸਾਰੀ ਸੀਹਰਫੀ ਵਿਚ, ਜੋ ਕਿ ਉਸ ਦੀ ਜੁਆਨੀ ਸਮੇਂ ਦੀ ਪਹਿਲੀ ਪਹਿਲੀ ਕੱਚੀ ਰਚਨਾ ਲਗਦੀ ਹੈ, ਇਸ ਇਸ਼ਕ ਦੇ ਆਰੰਭ ਦਾ ਹੀ ਚਰਚਾ ਹੈ:-

ਤੇਰੇ ਕਾਰਣੇ ਆਣ ਫਕੀਰ ਹੋਏ, ਘਰ ਫੂਕ ਕੇ ਮਾਲ ਖਜ਼ੀਨਿਆਂ ਦੇ।
ਹਾਸ਼ਮ ਸ਼ਾਹ ਨੂੰ ਮਨੋਂ ਵਿਸਾਰ ਨ ਹੀ, ਆਖੇ ਲੱਗ ਕੇ ਦੁਤ ਕਮੀਨਿਆਂ ਦੇ। ੬
ਇਕ ਥਾਂ 'ਸ਼ੀਰੀਂ ਫ਼ਰਹਾਦ' ਵਿਚ ਕਵੀ ਆਪਣੇ ਆਪ ਨੂੰ ਸੰਬੋਧਨ ਕਰਦਾ

੨੨

]