ਪੰਨਾ:Alochana Magazine March 1958.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਖਵਾ ਲੇਂਦੀ ਹੈ ਅਤੇ ਬੇਲੇ ਵਿਚ ਮੇਲੇ ਲਗਣੇ ਸ਼ੁਰੂ ਹੋ ਜਾਂਦੇ ਹਨ। ਵਾਰਿਸ ਨੇ ਬੇਲੇ ਵਿਚ ਪੰਜ-ਪੀਰਾਂ ਦੀ ਮਿਲਾਉਣੀ ਕੀਤੀ ਹੈ ਅਰਥਾਤ ਪੰਜ-ਪੀਰਾਂ ਨੇ ਲਗ ਚੁੱਕੇ ਇਸ਼ਕ ਨੂੰ ਤੋੜ ਨਿਭਣ ਲਈ ਅਸੀਸ ਦਿੱਤੀ ਨਾ ਕਿ ਦਮੋਦਰ ਵਾਂਝ ਇਸ਼ਕ ਦਾ ਮੁੱਢ ਹੀ ਪੀਰਾਂ ਦੀ ਥਾਪਨਾ ਨਾਲ ਅਰੰਭ ਕੀਤਾ। ਜਦੋਂ ਕੈਦੇ ਤੇ ਸ਼ਰੀਕਾਂ ਦੀ ਭੰਡੀ ਚੂਚਕ ਤੇ ਮਲਕੀ ਦਾ ਨੱਕ ਵਿਚ ਦਮ ਕਰ ਦਿੰਦੀ ਹੈ ਤਾਂ ਉਹ ਰਾਂਝੇ ਨੂੰ ਘਰੋਂ ਨਿਕਲ ਜਾਣ ਲਈ ਕਹਿੰਦੇ ਹਨ ਪਰ ਰਾਂਝੇ ਬਿਨਾਂ ਮੱਝੀਂਂ ਦਾ ਨਾ ਚਰਨਾ: ਚੂਚਕ ਤੇ ਮਲਕੀ ਨੂੰ ਮਜਬੂਰ ਕਰ ਦੇਂਦਾ ਹੈ ਕਿ ਉਹ ਰਾਂਝੇ ਨੂੰ ਜਾਣ ਤੋਂ ਤਰਲੇ ਮਿਨਤਾਂ ਨਾਲ ਵਰਜਣ। ਦਮੋਦਰ ਨੇ ਇਹ ਵਾਰਤਾ ਬੇਲੇ ਵਿਚ ਚੂਚਕ ਤੇ ਰਾਂਝੇ ਦੇ ਦਰਮਿਆਨ ਹੋਈ ਲਿਖੀ ਹੈ ਪਰ ਵਾਰਿਸ ਨੇ ਚਚਕ, ਮਲਕੀ ਤੇ ਰਾਂਝਾ ਤਿੰਨਾਂ ਦੇ ਦਰਮਿਆਨ ਘਰ ਵਿਚ ਵਾਪਰੀ ਦੱਸੀ ਹੈ ਅਤੇ ਮਨਾਉਣ ਦਾ ਕੰਮ ਮਲਕੀ ਜ਼ਿੰਮੇ ਲਾਇਆ ਹੈ ਜੋ ਮੋਮੋ ਠਗਣੀ ਬਣ ਕੇ ਰਾਂਝੇ ਨੂੰ ਭਰਮਾਉਂਦੀ ਏ:-

"ਕਿਹਾ ਮਾਪਿਆਂ ਪੁੱਤਰਾਂ ਲੜਨ ਹੁੰਦਾ,
ਤੁਸਾਂ ਖਟਨਾ ਤੇ ਅਸੀਂ ਖਾਵਣਾ ਏਂ।

ਤੂੰ ਏਂ ਚੋਇਕੇ ਦੁੱਧ ਜਮਾਵਨਾ ਈ,
ਤੂੰ ਏਂ ਹੀਰ ਦਾ ਪਲੰਘ ਵਛਾਵਣਾ ਏ।

ਤੇਰੇ ਨਾਂ ਤੋਂ ਹੀਰ ਕੁਰਬਾਨ ਕੀਤੀ,
ਮੰਗੂ ਸਾਂਭ ਕੇ ਚਾਰ ਲਇਆਵਣਾ ਏ।

ਦੂਜੇ ਬੰਨੇ, ਮਲਕੀ, ਭਰਾ ਸੁਲਤਾਨ ਤੇ ਕਾਜੀ ਹੀਰ ਨੂੰ ਨਸੀਹਤਾਂ ਦੇਣ ਤੇ ਲੱਕ ਬੰਨ੍ਹ ਲੈਂਦੇ ਹਨ। ਰਾਂਝੇ ਤੇ ਹੋਰ ਨ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਮਿਲਣ ਦਾ ਥਾਂ ਬੇਲੇ ਦੀ ਬਜਾਏ ਪਿੰਡ ਦੇ ਨਾਈਆਂ ਦਾ ਘਰ ਇਕ ਲਇਆ ਪਰ ਥੋੜੇ ਸਮੇਂ ਬਾਦ ਕੈਦੇ ਲੰਗੇ ਨੇ ਜੋ ਵਾਰਿਸ ਸ਼ਾਹ ਨੇ ਸ਼ੇਤਾਨ ਦਾ ਪ੍ਰਤੀਕ ਬਣਾਇਆ ਹੈ, ਸਾਰਾ ਭੇਦ ਖੁੱਦੇ ਵਾਂਝ ਫਰੋਲ ਕੇ ਲੀਰੋ ਲੀਰ ਕਰ ਦਿਤਾ। ਹੀਰ ਨੇ ਕੈਦੇ ਨੂੰ ਮਾਰਿਆ, ਝੁਗੀ ਸਾੜੀ ਤੇ ਪਿੰਡ ਦੀ ਕਚਹਿਰੀ ਵਿਚ ਨਸ਼ਤ ਕੀਤਾ ਪਰ ਕੈਦੋ ਸ਼ੈਤਾਨ ਵਾਂਝ ਆਦਮ ਨੂੰ ਬਹਿਸ਼ਤੋਂ ਧਰਤੀ ਤੇ ਸੁੱਟਣ ਵਿਚ ਕਾਮਯਾਬ ਹੋ ਗਇਆ।

ਦਮੋਦਰ ਦਾ ਕੈਦੇ ਆਪਣੇ ਭਰਾ ਚੂਚਕ ਤੇ ਸਿਆਲਾਂ ਵਿਚ ਸਤਿਕਾਰ ਰਖਦਾ ਸੀ ਅਤੇ ਸਾਰੇ ਕੈਦੇ ਦੀ ਗੱਲ ਤੇ ਕੰਨ ਧਰਦੇ ਸਨ ਪਰ ਵਾਰਿਸ ਸ਼ਾਹ ਦਾ ਕੈਦੇ ਪੜਪੱਕ ਸ਼ੈਤਾਨ ਹੈ ਜਿਸ ਦਾ ਲੂਤੀਆਂ ਲਾਉਣ ਤੋਂ ਬਿਨਾਂ ਹੋਰ ਕੋਈ ਆਹਰ ਹੀ ਨਹੀਂ ਹੈ:-

“ਝੂਠੀਆਂ ਸੱਚੀਆਂ ਚੁਗਲੀਆਂ ਮੇਲ ਕੇ ਤੇ,
ਘਰੋ ਘਰੀਂ ਤੂੰ ਲੂਤੀਆਂ ਲਾਉਨਾ ਏ।

ਪਿਉ ਪੁੱਤਰਾਂ ਤੋਂ ਯਾਰ ਯਾਰ ਕੋਲੋਂ;
ਮਾਵਾਂ ਧੀਆਂ ਨੂੰ ਪਾੜ ਵਿਖਾਉਨਾ ਏਂ।

੧੧