ਪੰਨਾ:Alochana Magazine March 1958.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨ ਹਿੱਸਾ ਲਇਆ। ਰਾਂਝਾ, ਹੀਰ, ਸਹਿਤੀ, ਰਾਮੂ ਬਾਹਮਣ, ਹੱਸੀ, ਯਾਕੂਬ, ਵੜਾਇਚ, ਰਾਂਝੇ ਦੀ ਮੰਗੇਤਰ, ਰਾਂਝੇ ਦੇ ਤਿੰਨੇ ਭਰਾ, ਰਾਂਝੇ ਦਾ ਭਤੀਜਾ, ਸਿੱਧ ਬਗਾਈ, ਅਲੀ, ਸਾਹਿਬਾਂ, ਹੀਰ ਦੀ ਸੱਸ, ਨਾਹੜ ਜ਼ਿਮੀਂਂਦਾਰ, ਕੋਟ ਕਬੂਲੇ ਦਾ ਕਾਜ਼ੀ ਆਦਿ ਡਢ ਦਰਜਨ ਤੋਂ ਵਧ ਪਾਤਰਾਂ ਨੇ ਇਸ ਵਿਚ ਹਿੱਸਾ ਲਇਆ। ਰਾਂਝਾ ਰੰਗਪੁਰ ਤੋਂ ਨੱਸ ਕੇ ਮੁੜ ਝੰਗ ਪੁੱਜਾ ਅਤੇ ਹੀਰ ਦੀਆਂ ਸਹੇਲੀਆਂ ਨੂੰ ਮਿਲਿਆ। ਹੀਰ ਦੀਆਂ ਸਹੇਲੀਆਂ ਨੇ ਕਾਮਣ ਜਾਲ ਵਿਛਾ ਕੇ ਰਾਂਝੇ ਨੂੰ ਕਾਬੂ ਕਰਨਾ ਚਾਹਿਆ ਪਰ ਰਾਂਝਾ ਕਿਸੇ ਹੋਰ ਨੂੰ ਅੱਖ ਥੱਲੇ ਲਇਆਉਣ ਵਾਲਾ ਨਹੀਂ ਸੀ:

"ਆਖ ਦਮੋਦਰ ਰਾਂਝਾ ਆਖੇ,
ਝੰਗ ਬਾਝਹੁ ਹੀਰੇ ਖਲੀ।

ਕੁੜੀਆਂ ਰਾਂਝੇ ਨੂੰ ਕਾਬੂ ਕਰਨਾ ਚਾਹੁੰਦੀਆਂ ਸਨ ਪਰ ਰਾਂਝੇ ਨੇ ਵੰਝਲੀ ਵਾਹ ਕੇ ਉਨ੍ਹਾਂ ਨੂੰ ਕੀਲ ਦਿੱਤਾ ਤੇ ਆਪ ਤਖ਼ਤ ਹਜ਼ਾਰ ਦੇ ਰਾਹ ਪਇਆ। ਤਖ਼ਤ ਹਜ਼ਾਰੇ ਪੁੱਜਣ ਤੇ ਯਾਕੂਬ ਵੜਾਇਚ ਨੇ ਧੀਦੋ ਦਾ ਆਉਣਾ ਸੁਣ ਕੇ ਵਿਆਹ ਲਈ ਜ਼ੋਤ ਦਿੱਤਾ। ਰਾਂਝੇ ਨੇ ਟਕ ਵਰਗਾ ਜਵਾਬ ਸੁਣਾਇਆ ਅਤੇ ਘਰ ਜ਼ਮੀਨ ਤੋਂ ਆਪਣਾ ਦਾਵ੍ਹਾ ਚੁਕਾ ਦਿੱਤਾ ਅਤੇ ਸੱਬਰ ਵਿਚ ਧੂਆਂ ਪਾ ਕੇ ਰਹਿਣ ਦਾ ਇਰਾਦਾ ਦਸਿਆ। ਮਜਬੂਰਨ ਵੜਾਇਚਾਂ ਤੇ ਰਾਂਝਿਆਂ ਦੀ ਪੰਚਾਇਤ ਨੇ ਧੀਦੋ ਦੀ ਮੰਗ ਉਸ ਦੇ ਭਤੀਜੇ ਨਾਲ ਵਿਆਹੁਣ ਦਾ ਫ਼ੈਸਲਾ ਕੀਤਾ।

ਜਦੋਂ ਰਾਂਝਿਆਂ ਦੀ ਜੰਵ੍ਵ ਵੜਾਇਚਾਂ ਦੇ ਢੁਕੀ ਤਾਂ ਧੀਦੇ ਵੀ ਜਾਂਵੀ ਸੀ। ਉਸ ਦੀ ਮੰਗੇਤਰ ਕੁੜੀ ਨੇ ਧੀਦੋ ਨਾਲ ਉਚੇਚੀ ਮੁਲਾਕਾਤ ਕੀਤੀ ਅਤੇ ਉਸ ਨੂੰ ਆਪਣਾ ਹੱਕ ਜਤਾਇਆ। ਧੀਦੋ ਨੇ ਉਸ ਨੂੰ ਮਾਂ-ਪਿਉ ਜਾਈ ਭੈਣ ਕਿਹਾ ਅਤੇ ਆਪਣੇ ਆਪ ਨੂੰ ਮਖੱਟੂ ਕਹਿ ਕੇ ਉਸ ਤੋਂ ਛੁਟਕਾਰਾ ਪਾਇਆ। ਪਰਤੀਤ ਹੁੰਦਾ ਹੈ ਦਮੋਦਰ ਨੇ ਇਹ ਦੋਵੇਂ ਸਾਖੀਆਂ ਰਾਂਝੇ ਦੀ ਆਚਰਣਕ ਪਵਿੱਤਰਤਾ ਨੂੰ ਪ੍ਰਗਟਾਉਣ ਲਈ ਜੋੜੀਆਂ ਹਨ। ਦਮੋਦਰ ਦੀ ਆਦਰਸ਼ਕ ਨੱਢੀ ਹੀਰ, ਆਦਰਸ਼ਕ ਵਰ ਨਾਲ ਹੀ ਪਰਣਾਈ ਜਾ ਸਕਦੀ ਸੀ।

ਦੂਜੇ ਬੰਨੇ ਹੀਰ ਗ਼ਮ ਖਾਂਦੀ ਤੇ ਬਿਰਹਾ ਹਢਾਂਦੀ ਹੈ। ਉਸ ਨੂੰ ਸਹਿਤੀ ਉਸ ਦੀ ਨਨਾਣ ਗ਼ਮ-ਵੰਡਾਵੀ ਮਿਲ ਗਈ। ਦੋਹਾਂ ਨੇ ਇਕ ਦੂਜੀ ਨੂੰ ਆਪਣਾ ਰਾਜ਼ਦਾਨ ਬਣਾ ਲਇਆ। ਸਹਿਤੀ ਨੇ ਆਪਣੇ ਯਾਰ ਰਾਮੂ ਬਾਹਮਣ ਨੂੰ ਹੀਰ ਦਾ ਸੁਨੇਹਾ ਦੇ ਕੇ ਭੇਜਿਆ। ਇਨ੍ਹੀਂ ਦਿਨੀਂ ਰਾਂਝਾ ਪਿੰਡ ਦੇ ਸੱਥਰ ਵਿਚ ਧੂਆਂ ਪਾ ਕੇ ਦਿਨਕਟ ਰਹਿਆ ਸੀ। ਜਦੋਂ ਰਾਮੂ ਨੇ ਹੀਰ ਦੀ ਦਰਦ-ਭਿੰਨੜੀ ਕਹਾਣੀ ਸੁਣਾਈ ਤਾਂ ਰਾਂਝੇ ਦੇ ਸੀਨੇ ਦੀ ਧੁਦਲ ਹੋਈ ਅੱਗ ਮੁੜ ਭਾਂਬੜ ਬਣ ਕੇ ਮੱਚ ਪਈ:-

"ਰਤੀ ਰੱਤ ਨ ਮਾਸਾ ਮਾਸ ਹੈ,
ਆਖਣ ਦੀ ਗੱਲ ਨਾਹੀਂ।

੧੭