ਪੰਨਾ:Chanan har.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੦)

ਮਿਲਣ ਗਿਆ ਤਾਂ ਵਡਾ ਬਾਬੂ ਇਹ ਸਮਝਕੇ ਕਿ ਉਹ ਚਿਰਕਾ ਕੰਮ ਤੇ ਆਇਆ ਹੈ ਕਹਿਣ ਲਗਾ, ‘‘ਬਾਬੂ ਖਜ਼ਾਨ ਸਿੰਘ, ਹਮ ਤੁਮੇਂ ਬਚਾਟਾ ਰਹਿਣਾ ਹੈ, ਤੁਮ ਬਹੁਤ ਡੇਰ ਸੇ ਆਟਾ ਹੈ ਆਜ ਫਿਰ ਸਾਹਿਬ ਗਸਾ ਹੋਣਾ ਨਾ । ’’

ਖਜ਼ਾਨ ਸਿੰਘ ਦਾ ਦਿਲ ਉਸ ਵੇਲੇ ਵਧਿਆ ਹੋਇਆ ਸੀ, ਕਹਿਣ ਲਗਾ , ‘‘ਬਾਬੂ ਜੀ ਨੂੰ ਪੰਜ ਰੁਪਏ ਮਹੀਨਾ ਕਾਹਦਾ ਲੈਂਦੇ ਹੋ? ’’

ਇਹ ਗਲ ਸੁਣਦਿਆਂ ਹੀ ਵਡਾ ਬਾਬੂ ਡਾਢਾ ਗੁੱਸੇ ਵਿਚ ਆਇਆ ਤੇ ‘‘ ਡੈਮ ਫੁਲ ’’ ਤੇ ਆਖਣ ਲਗ ਪਿਆ ! ਖਜ਼ਾਨ ਸਿੰਘ ਨੇ ਵੀ ਗੁੱਸੇ ਵਿਚ ਆਕੇ ਖਾ ਬੰਗਾਲੀ, ਵਢੀ ਖੋਰ ਤੇ ਹਰਾਮਖੋਰ ਆਖ ਦਿਤਾ ਹੈ। ਜਾਣ ਲਗਾ ਕਹਿਣ ਲਗਾ ‘‘ ਲਓ ਬਾਬੂ ਜੀ, ਹੁਣ ਤੁਸਾਂ ਹੀ ਸਾਡੇ ਕੋਲ ਆ ਕੇ ਨੌਕਰੀ ਕਰਨੀ, ਇਹ ਗਲ ਨੋਟ ਕਰ ਲਓ ਕਿ ਆਸਾਮ ਵਿਚ ਅਸੀਂ ਡਬੀਆਂ ਦਾ ਬਹੁਤ ਵਡਾ ਕਾਰਖਾਨਾ ਖੋਲ ਰਹੇ ਹਾਂ । ’’

ਤਿੰਨਾਂ ਸਾਲਾਂ ਤੋਂ ਅਸਾਮ ਵਿਚ ਦੀਆ-ਸਲਾਈ ਦਾ ਕਾਰਖਾਨਾ ਚਲ ਰਿਹਾ ਹੈ ਤੇ ਬੜਤੋਂ ਫ਼ਾਇਦਾ ਹੋ ਰਿਹਾ ਹੈ ।

ਉਪਕਾਰ ਸਿੰਘ ਬਹੁਤ ਘਟ ਉਥੇ ਰਹਿੰਦਾ ਹੈ, ਉਹਦਾ ਬਹੁਤਾ ਸਮਾਂ ਬੰਬਈ ਤੇ ਕਲਕਤੇ ਬੀਤਦਾ ਹੈ । ਖਜ਼ਾਨ ਸਿੰਘ ਨੂੰ ਹੀ ਕਾਰਖਾਨੇ ਦਾ ਸਾਰਾ ਪ੍ਰਬੰਧ ਕਰਨਾ ਪੈਂਦਾ ਹੈ ।