ਪੰਨਾ:First Love and Punin and Babúrin.djvu/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

118

ਪਹਿਲਾ ਪਿਆਰ

ਜ਼ਿਨੈਦਾ ਨੇ ਹੌਲੀ-ਹੌਲੀ ਆਪਣੀਆਂ ਅੱਖਾਂ ਉਸ ਵੱਲ ਉੱਪਰ ਉਠਾਈਆਂ, ਅਤੇ ਫਿਰ ਉਹ ਦੋਵੇਂ ਆਪਣੇ ਘੋੜੇ ਸਰਪਟ ਦੌੜਾਉਣ ਲੱਗੇ। ਬੇਲੋਵਜ਼ਰੋਵ ਆਪਣੀ ਤਲਵਾਰ ਖੜਕਾਉਂਦਾ ਉਨ੍ਹਾਂ ਦੇ ਮਗਰ ਗਿਆ। "ਉਹ ਲੌਬਸਟਰ ਮੱਛੀ ਦੇ ਵਾਂਗ ਲਾਲ ਸੀ," ਮੈਂ ਆਪਣੇ ਆਪ ਨੂੰ ਕਿਹਾ। "ਪਰ, ਜ਼ਿਨੈਦਾ ਸਵੇਰ ਤੋਂ ਸਵਾਰੀ ਕਰਨ ਦੇ ਬਾਅਦ ਵੀ ਇੰਨੀ ਜ਼ਰਦ ਕਿਉਂ ਹੈ?"

ਮੈਂ ਕਾਹਲੀ-ਕਾਹਲੀ ਡਿਨਰ ਦੇ ਠੀਕ ਸਮੇਂ ਤੇ ਘਰ ਪਹੁੰਚ ਗਿਆ। ਮੈਂ ਦੇਖਿਆ ਕਿ ਮੇਰਾ ਪਿਤਾ ਪਹਿਲਾਂ ਹੀ ਆਪਣੀ ਆਰਾਮ-ਕੁਰਸੀ ਤੇ ਤਰੋ-ਤਾਜ਼ੇ ਅਤੇ ਹੁਣੇ ਹੁਣੇ ਸ਼ੇਵ ਕਰਕੇ, ਕੱਪੜੇ ਬਦਲ ਕੇ ਬੈਠਾ ਸੀ। ਉਹ ਮੇਰੀ ਮਾਂ ਨੂੰ ਆਪਣੀ ਨਿਰੰਤਰ ਗੂੰਜਦੀ ਆਵਾਜ਼ ਵਿਚ ਬਹਿਸਾਂ ਦੇ ਰਸਾਲੇ ਵਿੱਚੋਂ ਪੜ੍ਹ ਕੇ ਸੁਣਾ ਰਿਹਾ ਸੀ। ਮਾਂ ਧਿਆਨ ਨਾਲ ਨਹੀਂ ਸੁਣ ਰਹੀ ਸੀ ਅਤੇ ਜਦੋਂ ਉਸਨੇ ਮੈਨੂੰ ਦੇਖਿਆ ਤਾਂ ਪੁੱਛਿਆ ਕਿ ਮੈਂ ਸਵੇਰ ਦਾ ਕੀ ਕਰਦਾ ਰਿਹਾ ਸੀ, ਉਸ ਨੇ ਹੋਰ ਕਿਹਾ ਕਿ ਉਸ ਨੂੰ ਮੇਰਾ ਇਸ ਤਰ੍ਹਾਂ ਅਗਿਆਤ ਥਾਵਾਂ ਤੇ ਭਟਕਣਾ ਅਤੇ ਤਰ੍ਹਾਂ-ਤਰ੍ਹਾਂ ਦੇ ਲੋਕਾਂ ਨੂੰ ਮਿਲਣਾ ਪਸੰਦ ਨਹੀਂ ਸੀ। ਮੈਂ ਕਹਿਣ ਹੀ ਲੱਗਿਆ ਸੀ ਕਿ ਮੈਂ ਬਾਹਰ ਇਕੱਲਾ ਸੀ; ਪਰ ਮੈਂ ਆਪਣੇ ਪਿਤਾ ਨੂੰ ਵੇਖਿਆ, ਪਰ ਪਤਾ ਨਹੀਂ ਕਿਉਂ, ਕੁਝ ਨਹੀਂ ਕਿਹਾ।


XV

ਅਗਲੇ ਪੰਜ ਜਾਂ ਛੇ ਦਿਨਾਂ ਦੇ ਦੌਰਾਨ ਮੈਂ ਜ਼ਿਨੈਦਾ ਨੂੰ ਬਹੁਤ ਹੀ ਘੱਟ ਵੇਖਿਆ। ਉਸਨੇ ਆਪਣੇ ਆਪ ਨੂੰ ਬੀਮਾਰ ਘੋਸ਼ਿਤ ਕਰ ਦਿੱਤਾ ਸੀ, ਪਰ ਇਸ ਨੇ ਜ਼ੈਸੇਕਿਨਾਂ ਦੇ ਸਾਰੇ ਆਮ ਆਉਣ ਵਾਲਿਆਂ ਨੂੰ ਡਿਊਟੀ (ਆਮ ਤੌਰ ਤੇ ਇਸ ਨੂੰ ਇਹੀ ਕਹਿੰਦੇ ਸਨ) ਦੇਣ ਤੋਂ ਰੋਕਿਆ ਨਹੀਂ ਸੀ। ਇੱਕੋ ਇੱਕ ਮੈਦਾਨੋਵ ਸੀ ਜੋ ਗ਼ੈਰ-ਹਾਜ਼ਰ ਸੀ। ਉਸ ਨੂੰ ਉਤਸਾਹਤ ਕਰਨ ਵਾਲਾ ਕੁਝ ਵੀ ਨਹੀਂ ਸੀ। ਇਸਲੀ ਉਸਦੇ ਹੌਸਲੇ ਡਿੱਗ ਪਏ ਸਨ, ਅਤੇ ਉਹ ਬੋਰ ਹੋ ਰਿਹਾ ਸੀ। ਬੇਲੋਵਜ਼ਰੋਵ ਖੂੰਜੇ ਵਿੱਚ ਬੈਠਾ ਸੀ, ਉਸ ਨੇ ਬਟਨ ਬੰਦ ਕੀਤੇ ਹੋਏ ਸਨ, ਅਤੇ ਬਹੁਤ ਹੀ ਲਾਲ ਸੀ। ਮਾਲੇਵਸਕੀ ਦੇ ਨਾਜ਼ੁਕ ਚਿਹਰੇ ਤੇ ਹਮੇਸ਼ਾ ਵਾਂਗ ਕੁੱਝ ਕੁੱਝ ਖਚਰੀ ਜਿਹੀ ਮੁਸਕਰਾਹਟ ਸੀ; ਸਪੱਸ਼ਟ ਤੌਰ ਤੇ ਜ਼ਿਨੈਦਾ ਉਸ ਨੂੰ ਪਸੰਦ ਨਹੀਂ ਕਰਦੀ ਸੀ।