126
ਪਹਿਲਾ ਪਿਆਰ
ਜ਼ਰੂਰ ਜਾਵਾਂਗੀ, ਅਤੇ ਅਜਿਹੀ ਕੋਈ ਸ਼ਕਤੀ ਨਹੀਂ ਹੈ ਜੋ ਮੈਨੂੰ ਉਸ ਕੋਲ ਜਾਣ ਤੋਂ, ਬਾਗ਼ ਵਿੱਚ ਰੁੱਖਾਂ ਦੀ ਸਰਸਰਾਹਟ ਅਤੇ ਪਾਣੀ ਦੀ ਛਪ ਛਪ ਦੇ ਸੰਗ ਹਨੇਰੇ ਵਿੱਚ ਉਸ ਨਾਲ ਗੁੰਮ ਜਾਣ ਤੋਂ ਰੋਕ ਸਕੇ।'"
ਜ਼ਿਨੈਦਾ ਰੁਕ ਗਈ।
"ਕੀ ਇਹ ਕਹਾਣੀ ਤੁਸੀਂ ਆਪ ਘੜੀ ਹੈ?" ਮਾਲੇਵਸਕੀ ਨੇ ਸਲੀਕੇ ਨਾਲ ਪੁੱਛਿਆ।
ਜ਼ਿਨੈਦਾ ਨੇ ਉਸ ਵੱਲ ਦੇਖਿਆ ਤੱਕ ਨਹੀਂ।
"ਤੇ ਅਸੀਂ ਕੀ ਕਰੀਏ, ਭੱਦਰਪੁਰਸ਼ੋ," ਲੂਸ਼ਿਨ ਨੇ ਅਚਾਨਕ ਕਿਹਾ, "ਅਗਰ ਅਸੀਂ ਮਹਿਮਾਨਾਂ ਦੇ ਵਿੱਚ ਹੁੰਦੇ ਅਤੇ ਫਵਾਰੇ ਨੇੜੇ ਉਸ ਖ਼ੁਸ਼ਕਿਸਮਤ ਵਿਅਕਤੀ ਦੇ ਬਾਰੇ ਜਾਣਦੇ ਹੁੰਦੇ?"
"ਠਹਿਰੋ, ਠਹਿਰੋ," ਜ਼ਿਨੈਦਾ ਨੇ ਟੋਕਿਆ, "ਮੈਂ ਖ਼ੁਦ ਤੁਹਾਨੂੰ ਦੱਸਾਂਗੀ ਕਿ ਤੁਹਾਡੇ ਵਿੱਚੋਂ ਹਰੇਕ ਕੀ ਕਰਦਾ।" ਤੁਸੀਂ, ਬੇਲੋਵਜ਼ੋਰੋਵ ਉਸ ਨੂੰ ਲੜਨ ਦੀ ਚੁਣੌਤੀ ਦਿੰਦੇ। ਤੁਸੀਂ, ਮੈਦਾਨੋਵ, ਉਸ ਬਾਰੇ ਇੱਕ ਕਾਵਿ-ਟੋਟਾ ਲਿਖਦੇ... ਪਰ ਨਹੀਂ, ਤੁਸੀਂ ਕਾਵਿ-ਟੋਟੇ ਲਿਖ ਨਹੀਂ ਸਕਦੇ; ਤੁਸੀਂ ਉਸ ਬਾਰੇ ਬਾਬੀਏ[1] ਵਾਂਗ ਇਕ ਲੰਬੀ ਕਵਿਤਾ ਲਿਖਦੇ ਅਤੇ ਉਸ ਨੂੰ ਟੈਲੀਗ੍ਰਾਫ ਵਿਚ ਛਪਵਾਉਂਦੇ। ਤੁਸੀਂ, ਨਿਰਮਾਤਸਕੀ, ਉਸ ਤੋਂ ਪੈਸੇ ਉਧਾਰ ਲੈਂਦੇ... ਨਹੀਂ, ਤੁਸੀਂ ਉਸਨੂੰ ਵਿਆਜ ਤੇ ਪੈਸੇ ਦਿੰਦੇ; ਤੁਸੀਂ ਡਾਕਟਰ" - ਉਹ ਰੁਕ ਗਈ - "ਮੈਂ ਨਹੀਂ ਜਾਣਦੀ ਕਿ ਤੁਸੀਂ ਕੀ ਕਰਦੇ।"
"ਡਾਕਟਰ ਹੋਣ ਦੇ ਨਾਤੇ, ਮੈਂ ਰਾਣੀ ਨੂੰ ਨਾਚ ਪਾਰਟੀਆਂ ਨਾ ਕਰਨ ਦੀ ਸਲਾਹ ਦਿੰਦਾ ਅਗਰ ਉਸ ਨੂੰ ਮਹਿਮਾਨ ਪਸੰਦ ਨਹੀਂ ਸੀ।"
"ਸ਼ਾਇਦ ਤੁਹਾਡੀ ਸਲਾਹ ਠੀਕ ਹੈ ਅਤੇ ਤੁਸੀਂ ਕਾਊਂਟ..."
"ਅੱਛਾ, ਅਤੇ ਮੈਂ?" ਮਾਲੇਵਸਕੀ ਨੇ ਆਪਣੀ ਖਚਰੀ ਮੁਸਕਾਨ ਬਖੇਰਦੇ ਹੋਏ ਕਿਹਾ।
"ਅਤੇ ਤੁਸੀਂ ਉਸਨੂੰ ਜ਼ਹਿਰ ਮਿਲੀ ਮਿੱਠੀ ਗੋਲੀ ਦੇ ਦਿੰਦੇ।"