ਪੰਨਾ:Hakk paraia.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦੋਂ ਧੰਨਾ ਆਪਣੇ ਪਿੰਡ ਪੁੱਜਾ, ਦਿਨ ਕਾਫ਼ੀ ਚੜ੍ਹ ਚੁਕਾ ਸੀ । ਭਾਵੇਂ ਰਾਹ ਵਿਚ ਉਸ ਨੂੰ, ਇਸ ਪਾਸੇ ਵਲ ਆਉਂਦਾ ਇਕ ਘੋੜਸਵਾਰ ਮਿਲ ਪਿਆ ਸੀ, ਜਿਸ ਨੇ ਉਸ ਦੀ ਹਾਲਤ ਤੇ ਤਰਸ ਖਾ ਉਸ ਨੂੰ ਆਪਣੇ ਘੋੜੇ ਤੇ ਬਿਠਾਲ ਲਿਆ ਸੀ ਪਰ ਫੇਰ ਵੀ ਪੈਂਡਾ ਥੋੜ੍ਹਾ ਨਹੀਂ ਸੀ ।

ਘੋੜੇ ਤੋਂ ਉਤਰ, ਉਸ ਰਹਿਮ-ਦਿਲ ਘੜ-ਸਵਾਰ ਨੂੰ ਲਖ ਲਖ ਅਸੀਸਾਂ ਦੇਂਦਾ, ਜਦੋਂ ਉਹ ਆਪਣੇ ਘਰ ਵਲ ਤੁਰਿਆ ਤਾਂ ਉਹਦਾ ਦਿਲ ਬਹੁਤ ਬੁਰੀ ਤਰ੍ਹਾਂ ਧੜਕ ਰਿਹਾ ਸੀ। ਸਾਰੇ ਰਾਹ ਉਸ ਨੂੰ ਭੈੜੇ ਭੈੜੇ ਖ਼ਿਆਲ ਆਉਂਦੇ ਰਹੇ ਸਨ, ਜਿਨ੍ਹਾਂ ਤੋਂ ਡਰਿਆ ਤੇ ਸਹਿਮਿਆ ਉਹ ਅਨੇਕਾਂ ਸੁਖਣਾਂ ਸੁਖਦਾ ਆਇਆ ਸੀ । ਕਈ ਦੇਵੀ ਦੇਵਤੇ ਉਸ ਅਰਾਧੇ ਸਨ, ਕਈ ਪੀਰ ਫ਼ਕੀਰ ਧਿਆਏ ਸਨ । ਪਰ ਉਹਦੇ ਮਨ ਦਾ ਭੈਅ ਘਟਣ ਦੀ ਬਜਾਏ ਵਧਦਾ ਹੀ ਗਿਆ । ਕਲ ਦੇ ਉਹਦੇ ਖੱਬੇ-ਅੰਗ ਵੀ ਪਏ ਫਰਕਦੇ ਸਨ । ਮੰਦਰੋਂ ਜਦੋਂ ਉਹ ਪਾਣੀ ਪੀ ਕੇ ਨਿਕਲਿਆ ਸੀ ਕਾਲੀ ਬਿਲੀ ਉਹਦਾ ਰਾਹ ਕਟ ਗਈ ਸੀ । ਇਹ ਸਭ ਕਿਸੇ ਆਉਣ ਵਾਲੀ ਬਿਪਤਾ ਦੀਆਂ ਨਿਸ਼ਾਨੀਆਂ ਨੇ, ਉਹਦਾ · ਮਨ ਡਰ ਰਿਹਾ ਸੀ ਤੇ ਉਹ ਵਾਰ ਵਾਰ ਆਪਣੇ ਮਨ ਨੂੰ ਧੀਰਜ ਦੇਣ ਲਈ ਰੱਬ ਅੱਗੇ ਅਰਜ਼ੋਈਆਂ ਕਰ ਰਿਹਾ ਸੀ : “ਰੱਬਾ ਸੁਖ ਰਖੀਂ, ਮੁੰਡਾ ਰਾਜ਼ੀ ਹੋਵੇ ।" ਪਰ ਜਿਉਂ ਜਿਉਂ ਘਰ ਨੇੜੇ ਆ ਰਿਹਾ ਸੀ, ਉਹਦੇ ਦਿਲ ਦੀ ਧੜਕਣ ਵੀ ਤੇਜ਼ ਹੁੰਦੀ ਜਾ ਰਹੀ ਸੀ ।

ਪਿੰਡ ਦੀਆਂ ਗਲੀਆਂ ਸਖਣੀਆਂ ਸਨ । ਥੜੇ ਸੁੰਞੇ ਸਨ । ਖੂਹ ਵੀ ਖਾਲਮ-ਖਾਲੀ ਸੀ । ਧੰਨੇ ਨੂੰ ਇਹ ਸਭ ਬੜਾ ਅਜੀਬ ਅਜੀਬ ਲੱਗਾ । ਪਿੰਡ ਵਿਚ ਕੀ ਭਾਣਾ ਵਰਤ ਗਿਆ ਏ, ਸਾਰਾ ਪਿੰਡ ਹੀ ਸਖਣਾ