ਪੰਨਾ:Hanju.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭)

ਘਰੋਂ ਵਾਪਸ ਆਉਣ ਤਕ ਦਾ ਬ੍ਰਿਤਾਂਤ ਲਿਖ ਚੁਕਾ ਹਾਂ।ਉਥੋਂ ਮੁੜਕੇ ਮੈਂ ਦੇਵਕੀ ਨੂੰ ਲਿਆਉਣ ਲਈ ਅਮ੍ਰਿਤਸਰ ਗਿਆ। ਪਹਿਲਾਂ ਤਾਂ ਉਹ ਆਉਦੀ ਹੀ ਨਹੀਂ ਸੀ। ਬਹੁਤ ਕਹਿਣ ਸੁਣਨ ਪੁਰ ਆ ਗਈ ਅਤੇ ਉਸ ਦੀ ਚਤਰਾਈ ਦ੍ਵਾਰਾ ਅਜ ਗੌਰੀ ਨੇ ਭੀ ਇਸ ਘਰ ਵਿਚ ਪੈਰ ਰੱਖੇ ਹਨ। ਮੇਰੀ ਰੁਠੀ ਹੋਈ ਲਛਮੀ, ਕਿਤਨੇ ਦਿਨਾਂ ਪਿਛੋਂ, ਫਿਰ ਮੇਰੇ ਘਰ ਵਿਚ ਆਈ।

ਦੇਵਕੀ ਨੇ ਇਕ ਆਦਮੀ ਦੀ ਰਾਹੀਂ, ਮੇਰੀ ਬੀਮਾਰੀ ਦਾ ਝੂਠਾ ਸੁਨੇਹਾ ਗੋਰੀ ਨੂੰ ਭੇਜਵਾਇਆ। ਸੁਣਕੇ ਗੌਰੀ ਪਾਸੋਂ ਰਿਹਾ ਨ ਗਿਆ। ਝਟ ਆਉਣ ਲਈ ਤਿਆਰ ਹੋ ਗਈ। ਆਉਣ ਸਮੇਂ ਉਹ ਰੱਜਕੇ ਰੋਈ।

ਗੌਰੀ ਨੇ ਕੰਬਦੇ ਪੈਰਾਂ ਨਾਲ ਮੇਰੇ ਕਮਰੇ ਵਿਚ ਪ੍ਰਵੇਸ਼ ਕੀਤਾ। ਉਸ ਸਮੇਂ ਮੈਂ ਇਕ ਪੱਤਰ ਪੜ੍ਹ ਰਿਹਾ ਸਾਂ। ਉਸਨੂੰ ਅੰਦਰ ਆਉਂਦਿਆਂ ਵੇਖਕੇ ਮੈਂ ਸਿਰ ਚੁਕਿਆ ਕਿਹਾ-"ਕੌਣ? ਗੌਰੀ ! ਤੂੰ ਕਿਥੇ ?"

ਗੌਰੀ ਨੇ ਕੁਝ ਉੱਤਰ ਨ ਦਿਤਾ। ਮੇਰੇ ਪਾਸ ਆਕੇ ਮੇਰੇ ਮੋਢੇ ਪੁਰ ਹਥ ਰਖਦੀ ਹੋਈ ਬੋਲੀ-"ਹੁਣ ਜੀਅ ਕਿਹੋ ਜਿਹਾ ਹੈ।"

ਮੈਂ ਅਸਚਰਜ ਹੋਕੇ ਕਿਹਾ-"ਜੀਅ? ਮੇਰੇ ਜੀਅ ਨੂੰ ਕੀ ਹੋਇਆ ਹੈ?"

ਗੰਭੀਰਤਾ ਨਾਲ ਉਸਨੇ ਕਿਹਾ-"ਤੁਹਾਡਾ ਜੀਅ ਖਰਾਬ ਸੀ ਨਾਂ?"

ਮੈਂ ਕਿਹਾ-"ਕਦੋਂ ? ਨਹੀਂ !"